ਅਲਟੀਮੇਟਮ: ਅੱਜ ਜਾਂ ਕੱਲ੍ਹ ‘ਚ ਹੋ ਸਕਦੀ ਹੈ ਥਾਣੇ ਦੀ ਬੱਤੀ ਗੁੱਲ
ਸਮਰਾਲਾ, 16 ਦਸੰਬਰ (ਕਮਲਜੀਤ)- ਆਮ ਲੋਕਾਂ ਨੂੰ ਇਨਸਾਫ਼ ਦੇਣ ਦੇ ਨਾਂਅ ‘ਤੇ ਸਥਾਪਿਤ ਵਿਭਾਗ ਪੁਲਿਸ ਸਟੇਸ਼ਨ ਸਮਰਾਲਾ ਖੁਦ ਹੀ ਪਾਵਰਕਾਮ ਵਿਭਾਗ ਨਾਲ ਬੇ-ਇਨਸਾਫ਼ੀ ਕਰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਥਾਣਾ ਸਮਰਾਲਾ ਦੀਆਂ ਬੱਤੀਆਂ ਦਾ ਲੱਖਾਂ ਰੁਪਏ ਦਾ ਬਿਜਲੀ ਦਾ ਬਿਲ ਬਕਾਏ ਦੇ ਰੂਪ ਵਿੱਚ ਖੜ੍ਹਾ ਹੈ, ਜਦਕਿ ਪਾਵਰਕਾਮ ਦੇ ਅਧਿਕਾਰੀ ਥਾਣੇ ਦਾ ਕੁਨੈਕਸ਼ਨ ਕੱਟਣ ਦੀ ਤਿਆਰੀ ਕਰੀ ਬੈਠੇ ਹਨ। ਜਾਣਕਾਰੀ ਅਨੁਸਾਰ ਥਾਣਾ ਸਮਰਾਲਾ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਦਾ ਬਿਲ ਨਾ ਭਰਾਏ ਜਾਣ ਦੀ ਸੂਰਤ ਵਿੱਚ 2 ਲੱਖ 80 ਹਜ਼ਾਰ 410 ਰੁਪਏ ਦਾ ਬਿਲ ਬਕਾਏ ਦੇ ਰੂਪ ਵਿੱਚ ਖੜ੍ਹਾ ਹੋ ਚੁੱਕਾ ਹੈ, ਜਦਕਿ ਡੀ.ਐੱਸ.ਪੀ. ਦਫ਼ਤਰ ਸਮਰਾਲਾ ਵੱਲ੍ਹ 1 ਲੱਖ 89 ਹਜ਼ਾਰ 743 ਰੁਪਏ ਬਾਕੀ ਖੜ੍ਹੇ ਹਨ। ਵਿਭਾਗ ਵੱਲੋਂ ਵਾਰ-ਵਾਰ ਥਾਣਾ ਸਮਰਾਲਾ ਨੂੰ ਇਹ ਨੋਟਿਸ ਦਿੱਤਾ ਜਾ ਰਿਹਾ ਹੈ ਕਿ ਜਾਂ ਤਾਂ ਬਿਜਲੀ ਦਾ ਬਿਲ ਭਰਾਇਆ ਜਾਵੇ, ਨਹੀਂ ਤਾਂ ਤੁਹਾਡਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਲੰਘੇ ਸ਼ੁੱਕਰਵਾਰ ਨੂੰ ਵਿਭਾਗ ਦੇ ਸ਼ਹਿਰੀ ਜੇ.ਈ. ਵੱਲੋਂ ਥਾਣੇ ਵਿੱਚ ਇਹ ਨੋਟਿਸ ਦਿੱਤਾ ਸੀ। ਬਾਅਦ ਵਿੱਚ ਪਤਾ ਚੱਲਿਆ ਕਿ ਹਾਜ਼ਰ ਕਰਮਚਾਰੀਆਂ ਵੱਲੋਂ ਜੇ.ਈ. ਨੂੰ ਇਹ ਕਹਿ ਕੇ ਡੰਗ ਟਪਾ ਲਿਆ ਗਿਆ ਕਿ ਅੱਜ ਥਾਣੇ ਦਾ ਮੁਨਸ਼ੀ ਮੌਕੇ ‘ਤੇ ਹਾਜ਼ਰ ਨਹੀਂ ਹੈ। ਇਸ ਤਰ੍ਹਾਂ ਥਾਣੇ ਨੇ ਦੋ ਦਿਨ ਹੋਰ ਡੰਗ ਟਪਾ ਲਿਆ।



