ਸੁਖਚੈਨ ਸਿੰਘ ‘ਸਮਰ’
ਸੰਪਰਕ : 99888-24046
ਪਿੰਡ ਤੁੰਗਵਾਲੀ, ਜਿਲ੍ਹਾ ਬਠਿੰਡਾ
ਅੱਜ ਦੇ ਸਮਾਜ ਵਿੱਚ ਲੋਕਾਂ ਵਿੱਚ ਆਪਸੀ ਪਿਆਰ ਤੇ ਭਾਈਚਾਰਾ ਖਤਮ ਹੁੰਦਾ ਜਾ ਰਿਹਾ ਹੈ। ਜੋ ਕੇ ਆਉਣ ਵਾਲਾ ਸਮਾਂ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਜਨਮ ਲੈਣ ਨਾਲ ਸੰਸਾਰ ਵਿੱਚ ਉਸ ਦੇ ਕਈ ਰਿਸ਼ਤਿਆਂ ਦਾ ਜਨਮ ਹੁੰਦਾ ਹੈ ਜਿਵੇਂ ਮਾਂ-ਬਾਪ, ਭੈਣ-ਭਰਾ, ਤਾਇਆ ਤਾਈ, ਚਾਚਾ-ਚਾਚੀ, ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ ਆਦਿ ਅਤੇ ਇਸੇ ਤਰ੍ਹਾਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ। ਉਸੇ ਤਰ੍ਹਾਂ ਉਸ ਦੀ ਜਿੰਦਗੀ ਵਿੱਚ ਨਵੇਂ ਰਿਸ਼ਤਿਆਂ ਦਾ ਜਨਮ ਹੁੰਦਾ ਹੈ ਜਿਵੇਂ ਮਿੱਤਰ, ਆਂਢ-ਗੁਆਂਢ ਦੇ ਲੋਕ, ਇਹ ਸਾਰੇ ਮਿਲ ਕੇ ਇਸ ਦੁੱਖ ਸੁੱਖ ਭਰੀ ਜਿੰਦਗੀ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ ਹਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਹਨ। ਜਿਸ ਵਿੱਚੋਂ ਆਪਸੀ ਪਿਆਰ ਅਤੇ ਭਾਈਚਾਰੇ ਦੀ ਝਲਕ ਦਿਖਦੀ ਹੈ। ਪਰ ਅੱਜ ਦੀ ਰਫ਼ਤਾਰ ਭਰੀ ਜਿੰਦਗੀ ਵਿੱਚ ਕਿਸੇ ਇਨਸਾਨ ਕੋਲ ਕਿਸੇ ਦੀ ਗੱਲ ਸੁਣਨ ਦਾ ਟਾਇਮ ਨਹੀਂ ਹੈ ਕਿ ਉਹ ਕਿਸੇ ਨਾਲ ਕੋਈ ਦੁੱਖ ਸੁੱਖ ਸਾਂਝਾ ਕਰ ਸਕੇ। ਅੱਜ ਹਰ ਇੱਕ ਇਨਸਾਨ ਪੈਸਾ ਕਮਾਉਣ ਦੀ ਦੌੜ ਵਿੱਚ ਲੱਗਾ ਹੋਇਆ ਹੈ ਅਤੇ ਹਰ ਇੱਕ ਇਨਸਾਨ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ। ਪੈਸੇ ਦੀ ਇਸ ਕਸ਼ਮਕਸ਼ ਵਿੱਚ ਇਨਸਨ ਇਹ ਨਹੀਂ ਸੋਚਦਾ ਕਿ ਜੋ ਉਹ ਕਰ ਰਿਹਾ ਹੈ, ਉਹ ਉਹਨਾਂ ਲਈ ਅਤੇ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਲਈ
ਖਤਰਨਾਕ ਸਿੱਧ ਹੋ ਸਕਦਾ ਹੈ ਕਿਉਂਕਿ ਪੈਸੇ ਦੀ ਹੋੜ ਲਈ ਇਨਸਾਨ ਆਪਣੇ ਸਭ ਰਿਸ਼ਤੇ ਤੋੜ ਰਿਹਾ ਹੈ ਅਤੇ ਜਿੰਦਗੀ ਵਿੱਚ ਕਦੇ ਨਾ ਕਦੇ ਅਜਿਹਾ ਮੋੜ ਆਉਂਦੇ ਹਨ, ਜਿੱਥੇ ਉਸ ਨੂੰ ਆਪਣਿਆਂ ਦੀ ਲੋੜ ਪੈਂਦੀ ਹੈ ਅਤੇ ਉਹ ਉ¤ਥੇ ਇਕੱਲਾ ਰਹਿ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਆ ਕੇ ਇਨਸਾਨ ਜਾਂ ਤਾਂ ਆਪਣੀ ਜਾਨ ਗੁਆ ਲੈਂਦਾ ਹੈ ਜਾਂ ਫਿਰ ਕਿਸੇ ਭੈੜੀ ਬਿਮਾਰੀ ਦਾ ਸ਼ਿਕਾਰ ਬਣ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਸਨ ਪਰ ਅੱਜ ਤਾਂ ਕਿਸੇ ਦੇ ਕੋਲ ਕੋਈ ਸਮਾਂ ਹੀ ਨਹੀਂ ਹੈ। ਜੇਕਰ ਹੈ ਤਾਂ ਉਹ ਸਿਰਫ਼ 10-15 ਮਿੰਟ ਜੇਕਰ ਗੱਲ ਖੁਸ਼ੀ ਦੇ ਮੌਕਿਆਂ ਦੀ ਕਰੀਏ ਤਾਂ ਪਹਿਲਾਂ ਦੇ ਸਮੇਂ ਵਿੱਚ ਵਿਆਹ ਦੇ ਮੌਕੇ ਵਿਆਹ ਵਾਲੇ ਘਰੇ ਹਫ਼ਤਾ ਪਹਿਲਾਂ ਰੌਣਕ ਲੱਗੀ ਜਾਂਦੀ ਸੀ, ਨਾਨਕਾ ਮੇਲ ਆ ਜਾਂਦਾ ਸੀ, ਸਾਰੇ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ, ਬੋਲੀਆਂ ਪਾਉਂਦੇ ਸਨ। ਨੱਚਦੇ-ਟੱਪਦੇ ਸਨ ਅਤੇ ਵਿਆਹ ਤੋਂ ਬਾਅਦ ਵੀ ਕਈ ਕਈ ਦਿਨ ਵਿਆਹ ਵਾਲੇ ਘਰੇ ਹੀ ਰਹਿੰਦੇ ਸਨ ਅਤੇ ਰੌਣਕ ਲੱਗੀ ਰਹਿੰਦੀ ਸੀ। ਪਰ ਅੱਜ ਦੇ ਸਮੇਂ ਵਿਆਹ ਸਿਰਫ਼ ਇੱਕ ਦਿਨ ਦਾ ਨਹੀਂ ਬਲਕਿ ਕੁਝ ਘੰਟਿਆਂ ਦਾ ਹੀ ਬਣ ਗਿਆ ਹੈ। ਸਾਰੇ ਰਿਸ਼ਤੇਦਾਰ ਸਿੱਧੇ ਪੈਲੇਸ ਵਿੱਚ ਹੀ ਆਉਂਦੇ ਹਨ ਅਤੇ ਕੁਝ ਹੀ ਟਾਇਮ ਵਿੱਚ ਸਾਰੇ ਖਾ-ਪੀ ਕੇ ਵਾਪਿਸ ਚਲੇ ਜਾਂਦੇ ਹਨ। ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਵਿਆਹ ਵਿੱਚ ਆਉਣਾ ਵੀ ਰਿਸ਼ਤੇਦਾਰਾਂ ਦੀ ਮਜ਼ਬੂਰੀ ਬਣ ਜਾਂਦੀ ਹੈ। ਇਸ ਤਰ੍ਹਾਂ ਰਿਸ਼ਤਿਆਂ ਵਿੱਚ ਆਪਸੀ ਪਿਆਰ ਘਟ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਕਿਤੇ ਇਹ ਨਾ ਹੋਵੇ ਕਿ ਰਿਸ਼ਤਾ ਸ਼ਬਦ ਇੱਕ ਵਿਰਸੇ ਦਾ ਸ਼ਬਦ ਬਣ ਕੇ ਰਹਿ ਨਾ ਜਾਵੇ, ਇਸ ਲਈ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਕਿ ਪੈਸਾ ਕਮਾਉਣ ਦੇ ਨਾਲ ਨਾਲ ਆਪਣੇ ਰਿਸ਼ਤਿਆਂ ਨੂੰ ਵੀ ਸਹੀ ਤਰੀਕੇ ਨਾਲ ਨਿਭਾਈਏ ਤਾਂ ਕਿ ਲੋਕਾਂ ਵਿੱਚ ਆਪਸੀ ਪਿਆਰ ਤੇ ਭਾਈਚਾਰਾ ਬਣਿਆ ਰਹੇ।


