ਸੁਰਜੀਤ ਜੱਸਲ
ਸੰਪਰਕ : 98146-07737
ਪਿਛਲੇ ਕੁਝ ਸਮਾਂ ਤੋਂ ਪੰਜਾਬੀ ਫਿਲਮਾਂ ਦੀ ਵਾਗ-ਡੋਰ ਪੰਜਾਬੀ ਗਾਇਕ ਕਲਾਕਾਰਾਂ ਦੇ ਹੱਥ ਆਈ ਹੋਈ ਹੈ। ਗਾਇਕੀ ਨਾਲੋਂ ਵੱਧ ਅਦਾਕਾਰੀ ਨੂੰ ਅਪਣਾਉਣ ਵਾਲੇ ਇਨ੍ਹਾਂ ਕਲਾਕਾਰਾਂ ਨੇ ਪੰਜਾਬੀ ਪਰਦੇ ’ਤੇ ਆਉਣ ਲਈ ਹਰ ਟੇਡਾ ਵਿੰਗਾਂ ਰਸਤਾ ਅਪਣਾ ਕੇ ਆਪਣੇ ਆਪ ਨੂੰ ਤਿਆਰ ਕੀਤਾ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਪੰਜਾਬੀ ਫਿਲਮਾਂ ਦੀ ਸ਼ੂਟਿੰਗਾਂ ਲਗਾਤਾਰ ਹੋਣ ਲੱਗੀਆਂ ਹਨ। ਹਰ ਹਫਤੇ ਇਕ ਨਵੀਂ ਪੰਜਾਬੀ ਫਿਲਮ ਦਾ ਮਹੂਰਤ ਹੁੰਦਾ ਹੈ ਤੇ ਹਰ ਨਵੀਂ ਫਿਲਮ ਰਿਲੀਜ਼ ਹੁੰਦੀ ਹੈ। ਕਈ ਫਿਲਮਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਰਿਲੀਜ ਹੋਈਤੇ ਕਦੋਂ ਡੱਬਾ ਬੰਦ ਹੋ ਕੇ ਕੂੜੇ ਦੇ ਢੇਰ ਵਿੱਚ ਚਲੀ ਗਈ।ਪਿਛਲੇ ਸਮਿਆਂ ਵਿਚ ਨਜ਼ਰ ਮਾਰੀਏ ਤਾਂ ਪੰਜਾਬੀ ਫਿਲਮਕਾਰਾਂ ਵਿੱਚ ਇਕ ਭੇਡ ਚਾਲ ਜਿਹੀ ਬਣੀ ਹੋਈ ਹੈ। ਜਦੋਂ ਹਰਭਜਨ ਮਾਨ ਨੇ ਜੀ ਆਇਆਂ ਨੂੰ ਫਿਲਮ ਨਾਲ ਸੁੱਤੇ ਪਏ ਪੰਜਾਬੀ ਸਿਨੇਮਾ ਨੂੰ ਹਲੂਣਾ ਦਿੱਤਾ ਤਾਂ ਇਸ ਦਾ ਅਸਰ ਵਿਦੇਸ਼ ਤੱਕ ਹੋਇਆ। ਪਾਕਿਸਤਾਨੀ ਰੀਮੇਕ ਬਣਾਉਣ ਵਾਲੇ ਨਿਰਮਾਤਾ-ਨਿਰਦੇਸ਼ਕ ਵੀ ਵਿਦੇਸ਼ੀ ਮਾਹੌਲ ਨੂੰ ਸਿਰਜ਼ਦਿਆਂ ਪ੍ਰਵਾਸੀ ਪੰਜਾਬੀਆਂ ਦੇ ਵਿਸ਼ੇ ਵਾਲੀਆਂ ਫਿਲਮਾਂ ਬਣਾਉਣ ਤੁਰ ਪਏ। ਸ਼ਾਇਦ ਇਹੋ ਕਾਰਨ ਸੀ ਕਿ ਦੋ ਚਾਰ ਫਿਲਮਾਂ ਹੀ ਪਸੰਦ ਆਈਆਂ। ਹੁਣ ਇਹੋ ਹਾਲ ਕਾਮੇਡੀ ਵਿਸ਼ੇ ਦਾ ਹੈ। ‘ਕੈਰੀ ਆਨ ਜੱਟਾ’ ਫਿਲਮ ਦੀ ਹਾਸਰਸ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਸਾਰੇ ਨਵੇਂ ਪੁਰਾਣੇ ਨਿਰਮਾਤਾ ਨਿਰਦੇਸ਼ਕ ਕਾਮੇਡੀ ਫਿਲਮਾਂ ਹੋ ਕੇ ਸਾਰੇ ਨਵੇਂ-ਪੁਰਾਣੇ ਨਿਰਮਾਤਾ-ਨਿਰਦੇਸ਼ਕ ਕਾਮੇਡੀ ਫਿਲਮਾਂ ਵੱਲ ਹੋ ਤੁਰੇ। ਇਥੇ ਮੈਂ ਖਾਸ ਜ਼ਿਕਰ ਕਰਦੇ ਹਾਂ ਕਿ ਇਕ ਸਮਾਂ ਹੁੰਦਾ ਸੀ ਜਦੋਂ ਇਕ ਪਰਿਵਾਰਕ ਡਰਾਮਾ ਫਿਲਮ ਲਈ ਮਜ਼ਾਹੀਆ ਕਲਾਕਾਰ ਦੇ ਸਿਰਫ
ਕੁਝ ਕੁ ਦ੍ਰਿਸ਼ ਹੀ ਪਾਏ ਜਾਂਦੇ ਸੀ। ਖਾਸ ਕਰਕੇ ਮੇਹਰ ਮਿੱਤਲ ਦੇ। ਉਸ ਦੌਰ ਵਿੱਚ ਪੰਜਾਬੀ ਸਿਨੇਮੇ ਲਈ ਮੇਹਰ ਮਿੱਤਲ ਜ਼ਰੂਰੀ ਹੋ ਗਿਆ ਸੀ। ਦਰਸ਼ਕ ਉਸਦੀ ਅਦਾਕਾਰੀ, ਛਿੱਤਰ ਖਾਣ ਦੇ ਤਰੀਕੇ ਦੇ ਦੇਸੀ ਇਸ਼ਕ ਤੋਂ ਪ੍ਰਭਾਵਿਤ ਸਨ। ਫੇਰ ਕੁਝ ਸਮਾਂ ਬਾਅਦ ਜਦੋਂ ਪੜ੍ਹਿਆ ਲਿਖਿਆ ਦਰਸ਼ਕ ਪੰਜਾਬੀ ਸਿਨੇਮੇ ਨਾਲ ਜੁੜਿਆ ਤਾਂ ਮੇਹਰ ਮਿੱਤਲ ਦੀ ਅਦਾਕਾਰੀ ਨੂੰ ਪਸੰਦ ਨਾ ਕੀਤਾ ਤੇ ਹੌਲੀ ਹੌਲੀ ਉਸਦਾ ਦੌਰ ਖਤਮ ਹੋ ਗਿਆ।
ਅੱਜ ਦੇ ਦੌਰ ਵਿੱਚ ਜਸਪਾਲ ਭੱਟੀ (ਮਰਹੂਮ) ਇਕ ਸਫਲ ਕਾਮੇਡੀ ਫਿਲਮਾਂ ਦਾ ਨਿਰਮਾਤਾ-ਨਿਰਦੇਸ਼ਕ ਅਦਾਕਾਰ ਰਿਹਾ ਹੈ। ਜਿਸ ਨੇ ਸਾਫ ਸੁਥਰੀਆਂ ਪਰਿਵਾਰਕ ਕਾਮੇਡੀ ਵਾਲੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ। ਜੇਕਰ ਉਸ ਤੋਂ ਬਾਅਦ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਘਟੀਆ ਪੱਧਰ ਦੀ, ਗੈਰ ਪਰਿਵਾਰਕ ਕਾਮੇਡੀ ਵਾਲੀਆਂ ਫਿਲਮਾਂ ਵੇਖ ਕੇ ਦਰਸ਼ਕ ਨੂੰ ਹਾਸਾਂ ਤਾਂ ਆਉਂਦਾ ਹੈ ਪਰੰਤੂ ਪਰਿਵਾਰ ਵਿਚ ਬੈਠ ਕੇ ਵੇਖਦਿਆਂ ਸ਼ਰਮ ਮਹਿਸੂਸ ਵੀ ਹੁੰਦੀ ਹੈ।
ਗਾਇਕਾਂ ਦਾ ਫਿਲਮਾਂ ਵੱਲ ਭੱਜੇ ਆਉਣਾ ਵੀ ਪੰਜਾਬੀ ਸਿਨੇਮੇ ਲਈ ਬਦਸ਼ਗਨੀ ਹੀ ਹੈ। ਅੱਜ ਨਾ ਵੇਖੋ ਕਿ ਕਿਹੜੇ ਕਿਹੜੇ ਪੰਜਾਬੀ ਗਾਇਕ ਨੇ ਫਿਲਮ ਬਣਾਈ ਹੈ। ਬਲਕਿ ਇਹ ਵੇਖੋ ਕਿ ਕੋਈ ਰਹਿ ਤਾਂ ਨਹੀਂ ਗਿਆ।
ਖੰਨੇ ਇਲਾਕੇ ਦਾ ਇਕ ਨਿਰਦੇਸ਼ਕ ਜਿਸ ਨੇ ਪੰਜਾਬੀ ਫਿਲਮਾਂ ਦੀ ਗਿਣਤੀ ਵਧਾਈ, ਉਸਦੀ ਖਾਸੀਅਤ ਸੀ ਕਿ ਉਹ ਆਪਣੀ ਹਰੇਕ ਫਿਲਮ ਵਿਚ ਨਵੇਂ ਅਦਾਕਾਰ ਲੈਂਦਾ। ਵੀਹ ਦਿਨਾਂ ਵਿੱਚ ਸ਼ੂਟਿੰਗ ਕਰਕੇ ਛੇ ਮਹੀਨਿਆਂ ਵਿਚ ਫਿਲਮ ਰਿਲੀਜ਼ ਕਰ ਦਿੰਦਾ ਉਸਦੇ ਪੁਰਾਣੇ ਕਲਾਕਾਰਾਂ, ਸੰਗੀਤਕਾਰਾਂ ਨਾਲ ਚੰਗੇ ਲਿੰਕ ਸੀ। ਜਿਸ ਦਾ ਉਹ ਭਰਪੂਰ ਫਾਇਦਾ ਲੈਂਦਾ ਅਤੇ ਆਪਣੀ ਫਿਲਮ ਵਿਚ ਇਕ ਨਾਮੀ ਗਾਇਕ ਦਾ ਅਖਾੜਾ ਜਰੂਰ ਫਿਲਮਾਉਂਦਾ ਪਰਮਿੰਦਰ ਸੰਧੂ, ਸਰਦੂਲ ਸਿਕੰਦਰ, ਅਮਰ ਨੂਰੀ, ਹਰਭਜਨ ਮਾਨ, ਜਗਤਾਰ ਜੱਗਾ ਵਰਗੇ ਨਾਮੀ ਗਾਇਕ ਉਸਦੀਆਂ ਫਿਲਮਾਂ ਦੇ ਸ਼ਿੰਗਾਰ ਬਣੇ। ਫਿਲਮ ਦੀ ਕਹਾਣੀ ਭਾਵੇਂ ਕੁਝ ਵੀ ਹੁੰਦੀ ਪਰੰਤੂ ਮਸਾਲਾ ਭਰਪੂਰ ਬਣਾਉਣ ਲਈ ਉਹ ਇਹ ਸੁਣਾਦੀ ਤੜਕੇ ਲਾ ਕੇ ਫਿਲਮ ਚਲਾ ਜਾਂਦਾ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੇ ਦੋਗਾਣੇ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ…. ਨੂੰ ਪਟੋਲਾ ਫਿਲਮ ਵਿਚ ਸ਼ਾਮਲ ਕਰਕੇ ਇਸ ਫਿਲਮ ਨੂੰ ਅਸਫਲਤਾ ਦੀ ਬੇੜੀ ਤੋਂ ਬਚਾਉਣ ਲਈ ਹੀ ਉਪਰਾਲਾ ਕੀਤਾ ਸੀ। ਚਮਕੀਲੇ ਦੇ ਚਹੇਤੇ ਦਰਸ਼ਕਾਂ ਨੇ ਪੰਜਾਬੀ ਸਿਨੇਮਾ ਟਿਕਟ ਖਿੜਕੀ ਦੀ ਭੀੜ ਵਿੱਚ ਚੋਖਾ ਵਾਧਾ ਕੀਤਾ ਸੀ।
ਪਰੰਤੂ ਹੁਣ ਕੀ ਕਹੀਏ ਅੱਜ ਦੇ ਗਾਇਕਾਂ ਬਾਰੇ, ਜੋ ਬਤੌਰ ਨਾਇਕ ਫਿਲਮੀ ਪਰਦੇ ਤੇ ਆ ਰਹੇ ਹਨ। ਦੋ ਚਾਰ ਨੂੰ ਛੱਡ ਕੇ ਬਾਕੀ ਮੂਧੇ-ਮੂੰਹ ਡਿੱਗ ਰਹੇ ਹਨ। ਸ਼ੈਰੀ ਮਾਨ, ਮਿਸ ਪੂਜਾ, ਇੰਦਰਜੀ ਨਿੱਕੂ ਵਰਗੇ ਸਟਾਰ ਗਾਇਕਾਂ ਦੀਆਂ ਫਿਲਮਾਂ ਨੂੰ ਉਹ ਪ੍ਰਸਿੱਧੀ ਨਹੀਂ ਮਿਲੀ ਜਿਸ ਦੀ ਉਮੀਦ ਸੀ। ਇਸ ਬਾਰੇ ਇਹੋ ਕਹਿ ਸਕਦੇ ਹਾਂ ਕਿ ਜਾਂ ਤਾਂ ਇਨ੍ਹਾਂ ਤੋਂ ਗਾਇਕੀ ਦੇ ਮੁਤਾਬਕ ਫਿਲਮਾਂ ਵਿਚ ਕੰਮ ਨਹੀਂ ਕਰਵਾਇਆ ਗਿਆ ਜਾਂ ਫਿਰ ਅਜੇ ਇਨ੍ਹਾਂ ਦਾ ਸੁਨਹਿਰੀ ਸਮਾਂ ਨਹੀਂ ਆਇਆ।
ਅਖੀਰ ਵਿੱਚ ਇਹੋ ਕਹਾਂਗੇ ਕਿ ਪੰਜਾਬੀ ਸਿਨੇਮਾ ਸਮੇਂ ਸਮੇਂ ਜੁਗਾੜਾਂ ਵਿਚ ਘਿਰਿਆ ਪਿਆ ਹੈ। ਬਿਨਾਂ ਸਿਰਪੈਰ ਦੀ ਕਹਾਣੀ ਤੋਂ ਫਿਲਮਾਂ ਬਣ ਰਹੀਆਂ ਹਨ, ਅੱਜ ਲੋੜ ਹੈ ਪੰਜਾਬੀ ਦੇ ਅਸਲ ਕਲਚਰ, ਅਸਲ ਲੋਕਾਂ ਦੀ ਕਹਾਣੀ ਪੇਸ਼ ਕਰਨ ਦੀ। ਆਪਣੇ ਸੁਆਰਥ ਲਈ ਪੰਜਾਬੀ ਸਿਨੇਮੇ ਨੂੰ ਭਟਕਣ ਦੇ ਰਾਹ ’ਤੇ ਨਾ ਪਾਓ…।


