Skip to content
Independent perspectives. Global stories.
BREAKING

ਨਜਮਾ ਹਿਵਤੁੱਲਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ, ਉਹ ਘੱਟ ਗਿਣਤੀ ਲੋਕਾਂ ਦੀ ਅਗਵਾਈ ਦਾ ਹੱਕ ਖੋ ਚੁੱਕੇ ਹਨ

Share this story

Page-3_28 ਲੁਧਿਆਣਾ, 31 ਮਈ (ਜਸਮੀਤ ਲੁਥਰਾ)-ਕੇਂਦਰ ਵਿਚ ਨਵੀਂ ਬਣੀ ਮੋਦੀ ਅਗਵਾਈ ਵਾਲੀ ਸਰਕਾਰ ਵਿਚ ਘੱਟ ਗਿਣਤੀ ਮਾਮਲਿਆਂ ਦੀ ਕੇਂਦਰੀ ਮੰਤਰੀ ਨਜਮਾ ਹਿਵਤੁੱਲਾ ਵਲੋਂ ਬੀਤੇ ਦਿਨੀ ਦੇਸ਼ ਦੇ ਘੱਟ ਗਿਣਤੀ ਅਤੇ ਵਿਸ਼ੇਸ਼ ਕਰ ਮੁਸਲਮਾਨਾਂ ਨੂੰ ਲੈਕੇ ਦਿੱਤਾ ਗਿਆ ਇਹ ਬਿਆਨ ਕਿ ਮੁਸਲਮਾਨਾਂ ਨੂੰ ਰਿਜਰਬੇਸ਼ਨ ਦੀ ਜ਼ਰੂਰਤ ਨਹੀਂ ਹੈ ਅਤੇ ਮੁਸਲਮਾਨਾਂ ਦੀ ਬਜਾਏ ਦੇਸ਼ ਵਿਚ ਘੱਟ ਗਿਣਤੀ ਪਾਰਸੀ ਹਨ, ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਜਾਮਾ ਮਸਿਜਦ ਵਿਖੇ ਪੱਤਰਕਾਰ ਸੰਮੇਲਨ ਦੇ ਦੌਰਾਨ ਕਿਹਾ ਕਿ ਨਜਮਾ ਹਿਵਤੁੱਲਾ ਨੂੰ ਨੈਤਿਕਤਾ ਦੇ ਆਧਾਰ ’ਤੇ ਤੁਰੰਤ

ਆਪਣੇ ਮੰਤਰੀ ਅਹੁਦੇ ਤੋਂ ਇਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਜਮਾ ਮੁਸਲਮਾਨਾਂ ਬਾਰੇ ਬਿਆਨ ਦੇਣ ਸਮੇਂ ਇਹ ਭੁੱਲ ਗਈ ਕਿ ਉਨਾਂ ਨੂੰ ਘੱਟ ਗਿਣਤੀ ਮੰਤਰੀ ਦਾ ਅਹੁਦਾ ਉਨ੍ਹਾਂ ਦੇ ਮੁਸਲਮਾਨ ਹੋਣ ਦੀ ਵਜ੍ਹਾ ਨਾਲ ਹੀ ਦਿੱਤਾ ਗਿਆ ਹੈ, ਜੇਕਰ ਉਨ੍ਹਾਂ ਨੂੰ ਮੁਸਲਮਾਨਾਂ ਦੇ ਹੱਕ ਦੀ ਗੱਲ ਕਰਨਾ ਚੰਗਾ ਨਹੀਂ ਲੱਗਦਾ ਤਾਂ ਉਨ੍ਹਾਂ ਨੂੰ ਘੱਟ ਗਿਣਤਿਆਂ ਦੀ ਅਗਵਾਈ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਮੌਲਾਨਾ ਹਬੀਬ ਉਹ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਨਜਮਾ ਦਰਅਸਲ ਮੋਦੀ ਸਰਕਾਰ ਵਿਚ ਮਿਲੇ ਮੰਤਰੀ ਅਹੁਦੇ ਦਾ ਹੱਕ ਅਦਾ ਕਰਨ ’ਚ ਲੱਗੀ ਹੋਈ ਹੈ, ਇਸਲਈ ਤਾਂ ਉਨ੍ਹਾਂ ਨੇ ਭਾਜਪਾ ਹਾਈਕਮਾਨ ਨੂੰ ਖੁਸ਼ ਕਰਨ ਦੇ ਲਈ ਵਕਫ਼ ਜਾਇਦਾਦਾਂ ਅਤੇ ਸੱਚਰ ਰਿਪੋਰਟ ਤੱਕ ਖਿਲਾਫ ਆਪਣੇ ਜ਼ਜਬਾਤਾਂ ਦਾ ਇਜ਼ਹਾਰ ਕਰ ਦਿੱਤਾ।
ਪੰਜਾਬ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਸ੍ਰੀਮਤੀ ਨਜਮਾ ਆਪਣੀ ਜ਼ੁਬਾਨ ਤੋਂ ਭਾਜਪਾ ਅਤੇ ਆਰ.ਐਸ.ਐਸ. ਦੀ ਬੋਲੀ ਬੋਲ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਜਮਾ ਹਿਵਤੁੱਲਾ ਦੇ ਬਿਆਨ ’ਤੇ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਆਪਣਾ ਸਟੈਂਡ ਸਪੱਸ਼ਟ ਕਰਨ ਕਿਉਂਕਿ ਪਾਰਟੀ ਦੀ ਸਰਕਾਰ ਇਸ ਬਾਰੇ ’ਚ ਕੀ ਚਾਹੁੰਦੀ ਹੈ? ਉਨ੍ਹਾਂ ਕਿਹਾ ਕਿ ਕੇਂਦਰ ਵਿਚ ਨਵੀਂ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਜਿਸ ਤਰੀਕੇ ਨਾਲ ਧਾਰਾ 370 ਨੂੰ ਲੈਕੇ ਪ੍ਰਵੀਣ ਤੋਗੜਿਆ, ਆਰ.ਐਸ.ਐਸ. ਵਲੋਂ ਬਿਆਨ ਆ ਰਹੇ ਹਨ, ਇਸ ਤੋਂ ਸਾਫ਼ ਹੈ ਕਿ ਮੋਦੀ ਸਰਕਾਰ ਦੇ ਕਈ ਮੰਤਰੀ ਅਤੇ ਸਹਿਯੋਗੀ ਘੱਟ ਗਿਣਤੀ ਲੋਕਾਂ, ਵਿਸ਼ੇਸ਼ ਕਰ ਮੁਸਲਮਾਨਾਂ ਨੂੰ ਡਰਾਉਣਾ ਚਾਹੁੰਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਮੋਦੀ ਸਰਕਾਰ ਬਾਰੇ ਹਾਲੇ ਕੁੱਝ ਵੀ ਕਹਿਣਾ ਮੁਨਾਸਿਬ ਨਹੀਂ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੇਂਦਰ ਦੀ ਸਰਕਾਰ ਘੱਟ ਗਿਣਤਿਆਂ ਲਈ ਫਾਇਦੇਮੰਦ ਹੈ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ 1984 ਦੇ ਦੰਗਿਆਂ ਨੂੰ ਨਹੀਂ ਭੁੱਲ ਸਕਦੀ ਤਾਂ ਫਿਰ ਮੁਸਲਮਾਨਾਂ ਨੂੰ ਗੁਜਰਾਤ ਦੰਗਿਆਂ ਨੂੰ ਭੁੱਲਣ ਲਈ ਕਿਉਂ ਕਿਹਾ ਜਾਂਦਾ ਹੈ? ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਦੇਵਬੰਦ ਯੂਨੀਵਰਸਿਟੀ ਦੇ ਉਪ ਕੁਲਪਤੀ ਮੌਲਾਨਾ ਕਾਸਿਮ ਨੋਮਾਨੀ ਸਾਹਿਬ ਅਤੇ ਜਨਾਬ ਮਹਿਮੂਦ ਮਦਨੀ ਜਿਸ ਤਰੀਕੇ ਨਾਲ ਨਵੀਂ ਸਰਕਾਰ ਦੇ ਹੱਕ ਵਿਚ ਬਿਆਨਬਾਜੀ ਕਰਨ ’ਚ ਲੱਗੇ ਹੋਏ ਹਨ, ਇਸ ਤੋਂ ਇਹ ਗੱਲ ਸਾਫ ਹੈ ਕਿ ਇਹ ਲੋਕ ਮੁਸਲਮਾਨਾਂ ਨੂੰ ਡਰਾ ਕੇ ਆਪਣਾ ਉਲੂ ਸਿੱਧਾ ਕਰਨਾ ਚਾਹੁੰਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਜਿਹੜੇ ਲੋਕ ਤਾਕਤ ਦੇ ਨਸ਼ੇ ਵਿਚ ਦੇਸ਼ ਦੇ ਘੱਟ ਗਿਣਤੀ ਲੋਕਾਂ ਵਿਸ਼ੇਸ਼ ਕਰ ਮੁਸਲਮਾਨਾਂ ਨੂੰ ਡਰਾਉਣਾ ਚਾਹੁੰਦੇ ਹਨ, ਉਹ ਕੰਨ ਖੋਲ ਕੇ ਸੁਣ ਲੈਣ ਕਿ ਅਸੀਂ ਉਨਾਂ ਤੋਂ ਡਰਨੇ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਨਜਮਾ ਹਿਵਤੁੱਲਾ ਜਿਵੇਂ ਆਗੂ ਤੰਗ ਸੋਚ ਦੇ ਗੁਲਾਮ ਹਨ। ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਗੁਲਾਮ ਹੈਸਨ ਕੈਸਰ, ਕਾਰੀ ਮੁਹੰਮਦ ਮੋਹਤਰਮ, ਮੁਹੰਮਦ ਸ਼ਾਕਿਰ ਆਲਮ, ਮੁਫ਼ਤੀ ਜਮਾਲੁਦੀਨ, ਮੁਹੰਮਦ ਸ਼ਾਹਨਬਾਜ, ਅੰਜੂਮ ਅਸਗਰ, ਮਾਸਟਰ ਅਸਲਮ, ਮੁਹੰਮਦ ਤਨਵੀਰ ਖਾਂ ਤੋਂ ਇਲਾਵਾ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਵੀ ਹਾਜਰ ਸਨ।

WRITTEN BY