ਗੁਰਦਾਸਪੁਰ, 26 ਨਵੰਬਰ (ਅਰਵਿੰਦਰ ਮਠਾਰੂ)- ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ‘ਸੰਵਿਧਾਨ ਦਿਵਸ ਅਤੇ ਡਾਕਟਰ ਅੰਬੇਦਕਰ ਜੈਯੰਤੀ’ ਮਨਾਉਣ ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਮੂਹ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਹੋਏ। ਅੱਜ ਜ਼ਿਲੇ ਭਰ ਅੰਦਰ ਸੰਵਿਧਾਨ ਦਿਵਸ ਮਨਾਉਣ ਸੰਬਧੀ ਪ੍ਰੋਗਰਾਮ ਕਰਵਾਏ ਗਏ। ਡਿਪਟੀ ਕਮਿਸ਼ਨਰ ਸੰਧੂ ਨੇ ਦੱਸਿਆ ਕਿ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆਸੀ ਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਸੰਵਿਧਾਨ ਦਿਵਸ ਅਤੇ ਡਾਕਟਰ ਅੰਬੇਦਕਰ ਜੈਯੰਤੀ’ ਸਬੰਧੀ ਜਿਲੇ ਭਰ ਅੰਦਰ 26 ਨਵੰਬਰ 2019 ਤੋਂ ਲੈ ਕੇ 14 ਅਪ੍ਰੈਲ 2020 ਤਕ ਵੱਖ-ਵੱਖ ਪ੍ਰੋਗਰਾਮ/ ਸਮਾਗਮ ਕਰਵਾਏ ਜਾਣਗੇ ਅਤੇ ਸੰਵਿਧਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸੰਧੂ ਨੇ ਸੰਵਿਧਾਨ ਦੀ ਪ੍ਰਸਤਾਵਨਾ ਤਹਿਤ ਸਾਰਿਆਂ ਨੂੰ ਸਹੁੰ ਚੁਕਾਈ। ‘ਅਸੀ ਭਾਰਤ ਦੇ ਲੋਕ ਭਾਰਤ ਨੂੰ ਇਸ ਸੰਪੂਰਨ ਪ੍ਰਭੁਤਾ ਸੰਪੰਨ ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰਾਤਮਕ ਗਣਰਾਜ ਬਣਾਉਣ ਲਈ ਅਤੇ ਇਸ ਦੇ ਸਮੂਹ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭਿਵਿਅਕਤੀ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਫਸਰ ਦੀ ਸਮਾਨਤਾ ਪ੍ਰਾਪਤ ਕਰਨ ਲਈ ਅਤੇ ਉਨਾਂ ਸਾਰਿਆਂ ਵਿਚ ਵਿਅਕਤੀਗਤ ਸਨਮਾਨ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਸੁਨਿਸ਼ਚਿਤ ਕਰਨ ਲਈ ਭਾਈਚਾਰਾ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਸੰਵਿਧਾਨ ਸਭਾ ਵਿਚ 26 ਨਵੰਬਰ 1949 ਈ. ਨੂੰ ਇਸ ਸੰਵਿਧਾਨ ਨੂੰ ਅੰਗੀਕਾਰ, ਅਧਿਨਿਯਮਿਤ ਅਤੇ ਆਤਮ ਸਮਰਪਤਿ ਕਰਦੇ ਹਾਂ’।ਇਸ ਮੌਕੇ ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਅਮਨਪਾਲ ਸਿੰਘ ਜਿਲਾ ਮਾਲ ਅਫਸਰ, ਅਸ਼ੋਕ ਕੁਮਾਰ ਜਿਲਾ ਖੋਜ ਅਫਸਰ, ਵਿਨੋਦ ਮੱਤਰੀ ਜ਼ਿਲਾ ਸਿੱਖਿਆ ਅਫਸਰ (ਪ), ਐਸ.ਡੀ.ਓ ਕੰਵਰਜੀਤ ਰੱਤੜਾ, ਸਰਵਣ ਸਿੰਘ ਮੱਛੀ ਪਾਲਣ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੋਜੂਦ ਸਨ।