ਸਮਰਾਲਾ, 22 ਨਵੰਬਰ (ਕਮਲਜੀਤ)- ਇਲਾਕੇ ਦੀਆਂ ਜਥੇਬੰਦੀਆਂ ਵੱਲੋਂ ਹਾਈਵੇਅ ਅਥਾਰਟੀ ਤੇ ਪ੍ਰਸ਼ਾਸਨ ਖ਼ਿਲਾਫ ਪੁਲ਼ ਦੀ ਮੰਗ ਸਬੰਧੀ ਲਾਇਆ ਧਰਨਾ ਤੇ ਭੁੱਖ ਹੜਤਾਲ ਅੱਜ 80 ਵੇ ਦਿਨ ‘ਚ ਸ਼ਾਮਿਲ ਹੋ ਗਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਮਿਲਾਉਣ ਵਾਲੇ ਝਾੜ ਸਾਹਿਬ ਰੋਡ ਤੇ ਪੁਲ਼ ਬਣਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ ‘ਚ ਸ਼ਮੂਲੀਅਤ ਕਰਨ ਲਈ ਅੱਜ ਪਿੰਡਾਂ ਦੀਆਂ ਬੀਬੀਆਂ ਨੇ ਵੀ ਮੋਰਚਾ ਸੰਭਾਲਿਆ। ਭੁੱਖ ਹੜਤਾਲ ਰੱਖਣ ਲਈ ਪਿੰਡ ਬਰਮਾਂ ਤੋਂ ਸੁਰਜੀਤ ਕੌਰ, ਕਮਲਜੀਤ ਕੌਰ, ਸੁਖਦੀਪ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ ਤੇ ਸੁਖਵਿੰਦਰ ਕੌਰ ਅੱਗੇ ਆਈਆਂ। ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਅਮਰਜੀਤ ਸਿੰਘ ਬਾਲਿਓਂ ਤੇ ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ਪੁਲ਼ ਦੀ ਮੰਗ ਪੂਰੀ ਕਰਵਾਉਣ ਲਈ ਧਰਨਾਕਾਰੀਆਂ ‘ਚ ਪਿੰਡਾਂ ਦੀਆਂ ਬੀਬੀਆਂ ਵੱਲੋਂ ਜੋ ਸਹਿਯੋਗ ਦਿੱਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਹਾਈਵੇਅ ਅਥਾਰਟੀ ਤੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਨੇ ਲੋਕਾਂ ਦੇ ਜ਼ਿਹਨ ‘ਚ ਸੰਘਰਸ਼ ਦੀ ਭਾਵਨਾ ਹੋਰ ਤਗੜੀ ਕਰ ਦਿੱਤੀ ਹੈ। ਪਿੰਡਾਂ ਦੀਆਂ ਬੀਬੀਆਂ ਨੇ ਵੀ ਸਰਕਾਰ ਦੇ ਖ਼ਿਲਾਫ ਆਪਣਾ ਮੋਰਚਾ ਖੋਲ੍ਹਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਵੀ ਮਾਤਾ ਭਾਗ ਕੌਰ ਅਤੇ ਝਾਂਸੀ ਦੀ ਰਾਣੀ ਦੇ ਪਾਏ ਪੂਰਨਿਆਂ ਤੇ ਚੱਲਕੇ ਸੰਘਰਸ਼ ਨੂੰ ਤਿੱਖਾ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ। ਬੀਬੀਆਂ ਦਾ ਇਹ ਸੰਘਰਸ਼ ਕੁੰਭਕਰਨੀ ਨੀਂਦ ਤੋਂ ਅਥਾਰਟੀ ਨੂੰ ਜਗਾਉਣ ਲਈ ਤਗੜਾ ਹਲੂਣਾ ਦੇਣ ਦਾ ਕੰਮ ਕਰੇਗਾ। ਸਾਬਕਾ ਸਰਪੰਚ ਅਵਤਾਰ ਸਿੰਘ ਗਹਿਲੇਵਾਲ, ਉੱਤਮ ਸਿੰਘ ਬਰਵਾਲੀ ਤੇ ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਲੋਕਾਂ ਦਾ ਇਹ ਸੰਘਰਸ਼ ਨਿਰੰਤਰ ਇਸੇ ਤਰ੍ਹਾਂ ਚੱਲਦਾ ਰਹੇਗਾ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਬਾਈਪਾਸ ਤੇ ਪੁਲ਼ ਬਣਾਉਣ ਦੀ ਜਾਇਜ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ। ਇਸ ਮੌਕੇ ਪ੍ਰੋ.ਬਲਜੀਤ ਸਿੰਘ, ਸੁਰਜੀਤ ਸਿੰਘ ਖੀਰਨੀਆਂ, ਅਜਮੇਰ ਸਿੰਘ ਸਿਹਾਲਾ, ਦਵਿੰਦਰ ਸਿੰਘ ਬਰਮਾਂ, ਲੱਖੀ ਮੁਸ਼ਕਾਬਾਦ, ਗੁਰਮੇਲ ਸਿੰਘ ਹਰਿਓਂ ਖੁਰਦ, ਏਕਮ ਸਿੰਘ ਹਰਿਓਂ ਖੁਰਦ, ਅਜਮੇਰ ਸਿੰਘ ਗਹਿਲੇਵਾਲ, ਬੱਬੂ ਬੌਂਦਲੀ, ਹਰਨੇਕ ਚੰਦ ਸਿਹਾਲਾ, ਦਰਸ਼ਨ ਸਿੰਘ ਬਰਮਾਂ, ਰੁਲਦਾ ਸਿੰਘ ਬਰਮਾਂ, ਰਿੰਕੂ ਸ਼ਰਮਾ ਬੌਂਦਲੀ, ਜਸਵੰਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।