ਬਰੇਟਾ, 28 ਮਈ (ਨਛੱਤਰ ਸਿੰਘ ਕਾਹਨਗੜ੍ਹ)-ਪਿੰਡ ਬਹਾਦਰਪੁਰ ਵਿਖੇ ਮਾਲ ਵਿਭਾਗ ਦੇ ਹਲਕਾ ਪਟਵਾਰੀ ਗੁਰਚਰਨ ਸਿੰਘ ਨੂੰ ਵਿਜੀਲੈਂਸ ਵਿਭਾਗ ਵੱਲੋ ਵੀਹ ਹਜਾਰ ਰੂਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਜਿਸ ਉੱਤੇ ਵਿਜੀਲੈਂਸ ਵੱਲੋ ਭ੍ਰਿਸਟਾਚਾਰ ਵਿਰੋਧੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ।ਇਸ ਸਬੰਧੀ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਚੋਕਸੀ ਵਿਭਾਗ ਮਾਨਸਾ ਦੇ ਡੀ.ਐਸ.ਪੀ. ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ, ਪਿੰਡ ਬੀਰੇਵਾਲਾ ਡੋਗਰਾ ਨਿਵਾਸੀ ਕੁਲਦੀਪ ਸਿੰਘ ਪੁੱਤਰ ਬਲਤੇਜ ਸਿੰਘ ਅਤੇ ਵਰਿੰਦਰਪਾਲ ਪੁੱਤਰ ਰਘਵੀਰ ਸਿੰਘ ਵਾਸੀ ਸ਼ੇਰਖਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਹਲਕਾ ਪਟਵਾਰੀ ਗੁਰਚਰਨ ਸਿੰਘ ਜਿਸ ਕੋਲ ਪਿੰਡ ਵੀਰੇਵਾਲਾ ਡੋਗਰਾ ਦਾ
ਚਾਰਜ ਵੀ ਹੈ ਪਾਸ ਆਪਸੀ ਤਬਾਦਲੇ ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਰਜਿਸਟਰਡ ਕਰਵਾਉਣ ਲਈ ਪਹੂੰਚ ਕੀਤੀ ਸੀ ਜਿਸ ਬਦਲੇ ਪਟਵਾਰੀ ਗੁਰਚਰਨ ਸਿੰਘ ਨੇ ਉਨ੍ਹਾਂ ਪਾਸੋ ਇਸ ਕੰਮ ਦੇ ਬਦਲੇ ਤੀਹ ਹਜਾਰ ਰੂਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਇਨ੍ਹਾਂ ਦਾ ਸੋਦਾ ਵੀਹ ਹਜਾਰ ਰੁਪਏ ਵਿੱਚ ਤਹਿ ਹੋ ਗਿਆ ਅਤੇ ਸ਼ਿਕਾਇਤ ਕਰਤਾ ਨੇ ਇਸ ਦੀ ਜਾਣਕਾਰੀ ਚੋਕਸੀ ਵਿਭਾਗ ਨੂੰ ਦੇ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਅੱਜ ਉਨ੍ਹਾਂ ਵੱਲੋ ਸਿਹਤ ਵਿਭਾਗ ਦੇ ਮਾਨਸਾ ਵਿਖੇ ਮੈਡੀਕਲ ਅਫਸਰ ਦੇ ਤੋਰ ਤੇ ਤਇਨਾਤ ਡਾ. ਵੀਰ ਦਵਿੰਦਰ ਸਿੰਘ ਅਤੇ ਫਾਰਮਾਸਿਸਟ ਗੋਰਾ ਲਾਲ ਦੀ ਹਾਜਰੀ ਵਿੱਚ ਪਿੰਡ ਬਹਾਦਰਪੁਰ ਦੇ ਪਟਵਾਰਖਾਨੇ ਵਿੱਚ ਉਸ ਸਮੇ ਛਾਪੇਮਾਰੀ ਕੀਤੀ ਜਦੋ ਉਕਤ ਪਟਵਾਰੀ ਸ਼ਿਕਾਇਕਰਤਾ ਕੁਲਦੀਪ ਸਿੰਘ ਪਾਸੋ ਰਿਸ਼ਵਤ ਦੀ ਰਕਮ ਲੈ ਰਿਹਾ ਸੀ।
ਸ੍ਰੀ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਆਉਦਿਆਂ ਵੇਖ ਕੇ ਪਟਵਾਰੀ ਦਢਤਰੋ ਭੱਜਣ ਲੱਗਾ ਅਤੇ ਇਸ ਹਫੜਾ-ਦਫੜੀ ਵਿੱਚ ਰਿਸ਼ਵਤ ਦੀ ਰਕਮ ਕਿਤੇ ਖੁਰਦ-ਬੁਰਦ ਕਰ ਦਿੱਤੀ ਪਰ ਜਦੋ ਪਟਵਾਰੀ ਗੁਰਚਰਨ ਸਿੰਘ ਦੇ ਹੱਥ ਗਵਾਹਾਂ ਦੇ ਸਾਹਮਣੇ ਧੋ ਕੇ ਦੇਖੇ ਗਏ ਤਾਂ ਪਟਵਾਰੀ ਦੇ ਹੱਥਾਂ ਤੇ ਰੰਗ ਲੱਗਾ ਹੋਇਆ ਸੀ ਜਿਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਦੇ ਬਿਆਨੇ ਦੇ ਅਧਾਰ ਤੇ ਪਟਵਾਰੀ ਗੁਰਚਰਨ ਸਿੰਘ ਖਿਲਾਫ ਭ੍ਰਿਸਟਾਚਾਰ ਕਰਨ ਦੇ ਐਕਟ ਅਧੀਂਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਜਦੋ ਵਿਜੀਲੈਂਸ ਵਿਭਾਗ ਵੱਲੋ ਪਟਵਾਰੀ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਇਸ ਮੋਕੇ ਤੇ ਪਟਵਾਰੀ ਨੇ ਅਪਣੇ ਤੇ ਲੱਗੇ ਹੋਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਕੋਲੋ ਕੋਈ ਰਿਸ਼ਵਤ ਦੀ ਰਕਮ ਬਰਾਮਦ ਨਹੀ ਹੋਈ ਹੈ ਬਲਕਿ ਸ਼ਿਕਾਇਤਕਰਤਾ ਵੱਲੋ ਦਬਾਅ ਪਾ ਕੇ ਉਸ ਪਾਸੋ ਗੈਰਕਾਨੂੰਨੀ ਕੰਮ ਕਰਵਾਉਣ ਦੀ ਕੋਸਿਸ਼ ਕੀਤੀ ਜਾ ਰਹੀ ਸੀ ਪਰ ਗਲਤ ਕੰਮ ਕਰਨ ਤੋ ਜਵਾਬ ਦੇਣ ਕਾਰਨ ਉਸ ਨੂੰ ਝੁੱਠਾ ਫਸਾਇਆ ਗਿਆ ਹੈ।
ਲੋਕਾਂ ਵੱਲੋਂ ਨਾਅਰੇਬਾਜੀ
ਮਾਲ ਵਿਭਾਗ ਦੇ ਪਟਵਾਰੀ ਗੁਰਚਰਨ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਵਿਭਾਗ ਵੱਲੋ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਸੀ ਤਾਂ ਮੋਕੇ ਤੇ ਇਕੱਠੇ ਹੋਏ ਲੋਕਾਂ ਨੇ ਇਸ ਦੇ ਵਿਰੋਧ ਵਜੋ ਵਿਜੀਲੈਂਸ ਵਿਭਾਗ ਖਿਲਾਫ ਨਾਅਰੇਬਾਜੀ ਕਰਦੇ ਹੋਏ ਪਟਵਾਰੀ ਨੂੰ ਝੁੱਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲਗਾਏ ਅਤੇ ਗੋਬਿੰਦਪੁਰਾ ਪਿੰਡ ਦੇ ਸਰਪੰਚ ਗੁਰਲਾਲ ਸਿੰਘ ਅਤੇ ਧਰਮਪੁਰਾ ਦੇ ਸਰਪੰਚ ਜੁਗਰਾਜ ਸਿੰਘ ਨੇ ਵਿਜੀਲ਼ੈਂਸ ਵਿਭਾਗ ਦੀ ਗੱਡੀ ਦਾ ਘਿਰਾਉ ਕਰਨ ਦੀ ਕੋਸਿਸ਼ ਕੀਤੀ ਪਰ ਮੋਕੇ ਤੇ ਮੋਜੂਦ ਐਸ.ਐਚ.ਓ. ਥਾਣਾ ਬਰੇਟਾ ਨੇ ਸਥਿਤੀ ਸੰਭਾਲਦੇ ਹੋਏ ਵਿਜੀਲੈਸ ਦੀ ਟੀਮ ਦੇ ਲੰਘਣ ਦਾ ਰਾਹ ਪੱਧਰਾ ਕਰਵਾ ਦਿੱਤਾ।
ਇਸ ਮੋਕੇ ਤੇ ਮੋਜੂਦ ਪਟਵਾਰੀ ਦੇ ਹੱਕ ਵਿੱਚ ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ, ਪਟਵਾਰੀ ਪਾਸੋ ਮੋਕੇ ਤੇ ਕੋਈ ਰਕਮ ਬਰਾਮਦ ਨਹੀ ਹੋਈ ਬਲਕਿ ਕਿਸੇ ਸਾਜਿਸ਼ ਤਹਿਤ ਪਟਵਾਰੀ ਨੂੰ ਝੁੱਠਾ ਕੇਸ ਪਾ ਕੇ ਫਸਾਇਆ ਗਿਆ ਹੈ।ਇਸ ਤੋ ਇਲਾਵਾ ਪਟਵਾਰ ਯੂਨੀਅਨ ਵੀ ਪਟਵਾਰੀ ਗੁਰਚਰਨ ਸਿੰਘ ਦੇ ਹੱਕ ਵਿੱਚ ਉੱਤਰੀ ਅਤੇ ਮੋਕੇ ਤੇ ਮੋਜੂਦ ਪਟਵਾਰੀ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਇਸ ਸਬੰਧੀ ਜਿਲ੍ਹਾ ਪੱਧਰ ਤੇ ਯੂਨੀਅਨ ਦੀ ਮਟਿੰਗ ਕਰਕੇ ਅਗਲਾ ਪ੍ਰੋਗ੍ਰਾਮ ਉਲੀਕਿਆ ਜਾਵੇਗਾ।



