ਨਵੀਂ ਦਿੱਲੀ, 28 ਮਈ (ਪੀ.ਟੀ.)-ਨਰਿੰਦਰ ਮੋਦੀ ਸਰਕਾਰ ‘ਚ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਦਫਤਰ ’ਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵੱਲੋਂ ਧਾਰਾ 370 ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਸਿਆਸੀ ਵਿਵਾਦ ਛਿੜ ਗਿਆ ਹੈ। ਇਸ ਸਬੰਧ ’ਚ ਆਰ. ਐੱਸ. ਐੱਸ. ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ 370 ਨੂੰ ਹਟਾਉਣ ਨੂੰ ਲੈ ਕੇ ਜਿਤੇਂਦਰ ਸਿੰਘ ਦੇ ਬਿਆਨ ਨਾਲ ਉਠੇ ਵਿਵਾਦ ’ਤੇ ਸਰਕਾਰ ਨੇ ਸਫਾਈ ਦਿੱਤੀ ਹੈ ਕਿ ਉਹ ਇਸ ਮੁੱਦੇ ’ਤੇ ਨਿਯਮਾਂ ਅਨੁਸਾਰ ਰੁਖ ਅਪਣਾਏਗੀ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ’ਤੇ ਨਿਸ਼ਾਨਾ ਸਾਧਦੇ ਹੋਏ ਸੰਘ ਨੇ ਕਿਹਾ ਹੈ ਕਿ ਧਾਰਾ 370 ਰਹੇ ਜਾਂ ਨਾ ਰਹੇ, ਜੰਮੂ-ਕਸ਼ਮੀਰ ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਇਸ ਤੋਂ ਪਹਿਲਾਂ ਉਮਰ
ਅਬਦੁਲਾ ਨੇ ਧਮਕੀ ਭਰੇ ਲਹਿਜੇ ’ਚ ਕਿਹਾ ਸੀ ਕਿ ਧਾਰਾ 370 ਮੌਜੂਦ ਰਹੇਗਾ ਜਾਂ ਜੰਮੂ ਕਸ਼ਮੀਰ ਭਾਰਤ ਦਾ ਭਾਗ ਨਹੀਂ ਰਹੇਗਾ। ਇਸ ’ਤੇ ਆਰ.ਐੱਸ.ਐੱਸ. ਦੇ ਆਗੂ ਰਾਮ ਮਾਧਵ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਅਭਿੰਨ ਅੰਗ ਹੈ ਅਤੇ ਇਹ ਉਮਰ ਅਬਦੁਲਾ ਦੀ ਜੱਦੀ ਜਾਇਦਾਦ ਨਹੀਂ ਹੈ।
ਜਿਤੇਂਦਰ ਸਿੰਘ ਸਵਾਲਾਂ ਦਾ ਜਵਾਬ ਟਾਲ ਗਏ
ਨਵੀਂ ਦਿੱਲੀ -ਧਾਰਾ 370 ਬਾਰੇ ਵਿਵਾਦਤ ਟਿੱਪਣੀ ਕਰਨ ਦੇ ਇਕ ਦਿਨ ਬਾਅਦ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਇਸ ਮੁੱਦੇ ’ਤੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਪੱਤਰਕਾਰਾਂ ਵੱਲੋਂ ਧਾਰਾ 370 ਬਾਰੇ ਉਨ੍ਹਾਂ ਵੱਲੋਂ ਦਿੱਤੇ ਬਿਆਨ ਸਬੰਧੀ ਪੁੱਛੇ ਹਰ ਸਵਾਲ ਦਾ ਜਵਾਬ ਉਹ ਟਾਲ ਗਏ। ਜੰਮੂ ਨਾਲ ਸਬੰਧ ਰੱਖਦੇ ਜਿਤੇਂਦਰ ਨੇ ਬੀਤੇ ਦਿਨ ਕਿਹਾ ਸੀ ਕਿ ਮੋਦੀ ਸਰਕਾਰ ਨੇ ਧਾਰਾ 370 ਹਟਾਉਣ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ।
ਹਾਲਾਂ ਕਿ ਬਾਅਦ ਵਿਚ ਉਹ ਬਿਆਨ ਤੋਂ ਮੁਕਰ ਗਏ ਸਨ ਤੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲ੍ਹਾ ਨੇ ਮੰਤਰੀ ਦੇ ਬਿਆਨ ਨੂੰ ਗੈਰ ਜਿੰਮੇਵਾਰੀ ਵਾਲਾ ਬਿਆਨ ਕਰਾਰ ਦਿੱਤਾ ਸੀ।
ਅਬਦੁਲ੍ਹਾ ਦੇ ਬਿਆਨ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ‘‘26 ਮਈ ਤੋਂ ਬਾਅਦ ਚੰਗੇ ਦਿਨ ਆ ਗਏ ਹਨ। ਜੇਕਰ ਮੁੱਖ ਮੰਤਰੀ ਨਹੀਂ ਵੇਖਦੇ ਤਾਂ ਕੋਈ ਉਨ੍ਹਾਂ ਦੀ ਮਦਦ ਨਹੀਂ ਕਰ ਸਕਦਾ।’’



