ਨਵੀਂ ਦਿੱਲੀ, 27 ਮਈ (ਪੀ.ਟੀ. ਬਿਊਰੋ)-ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣਾ ਕੰਮਕਾਜ ਸੰਭਾਲ ਲਿਆ ਹੈ। ਸਵੇਰੇ 9 ਵਜੇ ਤੋਂ ਕੁੱਝ ਮਿੰਟ ਪਹਿਲਾਂ ਉਹ ਸਾਊਥ ਬਲਾਕ ’ਚ ਮੌਜੂਦ ਪ੍ਰਧਾਨ ਮੰਤਰੀ ਦਫ਼ਤਰ ਪੁੱਜੇ। ਉੱਥੇ ਪੀਐਮਓ ਦੇ ਆਲਾ ਅਫਸਰਾਂ ਨੇ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ 15 ਤੋਂ 17 ਮਿੰਟ ਪੀਐਮਓ ’ਚ ਰਹੇ। ਉਨ੍ਹਾਂ ਨੇ ਕੁੱਝ ਰਸਮੀ ਕਾਰਵਾਈ ਪੂਰੀ ਕੀਤੀ। ਕੰਮਕਾਜ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਫੁੱਲ ਚੜਾਏ। ਇਸਤੋਂ ਬਾਅਦ ਉਹ ਹੈਦਰਾਬਾਦ ਹਾਊਸ ਲਈ ਨਿਕਲ ਗਏ। ਅੱਜ ਸਵੇਰੇ ਸਾਢੇ ਨੌਂ ਵਜੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰੀ-ਵਾਰੀ ਸਾਰੇ ਨੇਤਾਵਾਂ ਨਾਲ ਦੋਪੱਖੀ ਗੱਲਬਾਤ ਕਰਨਗੇ।
ਸਾਰਕ ਦੇਸ਼ਾਂ ਦੇ ਮੁੱਖੀਆਂ ਨਾਲ ਗੱਲਬਾਤ
ਨਵੀਂ ਦਿੱਲੀ – ਹੈਦਰਾਬਾਦ ਹਾਊਸ ’ਚ ਸਾਰਕ ਦੇਸ਼ਾਂ ਦੇ ਮੁੱਖੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਪੀਐਮ ਨਰਿੰਦਰ ਮੋਦੀ ਤੇ ਸਾਰਕ ਦੇਸ਼ਾਂ ਦੇ ਨੇਤਾਵਾਂ ’ਚ ਇਹ ਬੈਠਕਾਂ ਬੇਹੱਦ ਅਹਿਮ ਮੰਨੀਆਂ ਜਾ ਰਹੀਆਂ ਹਨ। ਸਭਤੋਂ ਪਹਿਲਾਂ ਸਵੇਰੇ ਸਾਢੇ ਨੌਂ ਵਜੇ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਨਾਲ ਮੁਲਾਕਾਤ ਕੀਤੀ। ਅੱਧੇ ਘੰਟੇ ਤੋਂ ਜ਼ਿਆਦਾ ਚੱਲੀ ਇਸ ਮੁਲਾਕਾਤ ’ਚ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਨੂੰ ਲੈ ਕੇ ਗੱਲ ਹੋਈ, ਉਥੇ ਹੀ ਪਿਛਲੇ ਹਫਤੇ ਹੇਰਾਤ ’ਚ ਭਾਰਤੀ ਦੂਤਾਵਾਸ ’ਚ ਹੋਏ ਹਮਲੇ ’ਤੇ ਵੀ ਚਰਚਾ ਕੀਤੀ ਗਈ। ਇਸਤੋਂ ਇਲਾਵਾ ਨਾਟੋ ਸੈਨਿਕਾਂ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਹਾਲਾਤ ’ਤੇ ਵੀ ਚਰਚਾ ਹੋਈ।
ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਵਿਦੇਸ਼ ਸਕੱਤਰ ਸੁਜਾਤਾ ਸਿੰਘ ਵੀ ਮੌਜੂਦ ਸਨ। ਇਸਤੋਂ ਬਾਅਦ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਅਮੀਨ, ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨਾਲ ਮੁਲਾਕਾਤ ਕੀਤੀ।
ਮੋਦੀ ਭੁਟਾਨ ਦੇ ਪ੍ਰਧਾਨ ਮੰਤਰੀ ਸ਼ੋਰਿੰਗ ਤੋਗਬੇ ਨੂੰ ਮਿਲੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਮੋਦੀ ਦੀ ਮੁਲਾਕਾਤ ’ਤੇ ਸਭ ਦੀ ਨਜ਼ਰਾਂ ਟਿਕੀਆਂ ਹਨ।



