May 26, 2026 10:12 am

ਆਓ ਸਾਰੇ ਕੁਦਰਤ ਵੱਲ ਮੋੜਾ ਪਾਈਏ

ਜਸਵੀਰ ਬਖਤੂ
ਸੰਪਰਕ : 98766-90208
ਪਿੰਡ ਤੇ ਡਾਕ. ਚੱਕ ਬਖਤੂ (ਬਠਿੰਡਾ)

image ਧਰਤੀ ਤੇ ਪੰਛੀ,ਪੇੜ-ਪੌਦੇ,ਪਾਣੀ ਵਿਚਲੇ ਜੀਵ ਤੇ ਸਭ ਤੋਂ ਅਦੁੱਤੀ ਰਚਨਾ ਮਨੁੱਖ ਇਸ ਕਾਦਰ ਦੀ ਕੁਦਰਤ ਦਾ ਅਨੋਖਾ ਰਹੱਸ ਹੈ। ਅੱਜ ਅਸੀਂ ਤਕਨੀਕ ਦੇ ਘੋੜੇ ਤੇ ਸਵਾਰ ਹੋਕੇ ਕੁਦਰਤ ਮਾਂ ਰਾਣੀ ਦੀ ਗੋਦ ਨੂੰ ਭੁਲਾ ਦਿੱਤਾ ਹੈ। ਜਿਸ ਕਰਕੇ ਸਾਡੇ ਘਰਾਂ ਦੀਆਂ ਛੱਤਾਂ ਪੰਛੀਆਂ ਦੀਆਂ ਡਾਰਾਂ ਤੋਂ ਸੱਖਣੀਆਂ ਹੋ ਗਈਆਂ ਹਨ। ਅੱਜ ਦੇ ਬੱਚੇ ਪੰਛੀਆਂ ਦੀਆਂ ਆਨੰਦਮਈ ਅਵਾਜਾਂ ਤੋਂ ਵਾਂਝੇ ਹੋ ਗਏ ਹਨ। ਨਿੱਕੇ ਹੁੰਦੇ ਅਸੀਂ ਸਕੂਲੋਂ ਆ ਕੇ ਦੁਪਹਿਰ ਖਿੜ੍ਹੀ ਦੇ ਫੁੱਲ ਗਿਣਦੇ ਹੁੰਦੇ ਸੀ,ਪਰ ਅੱਜ ਤਾਂ ਕਿਸੇ ਕੋਲ ਪੌਦਿਆਂ ਤੇ ਫੁੱਲਾਂ ਵੱਲ ਵੇਖਣ ਦੀ ਵਿਹਲ ਨਹੀਂ। ਬਿਜੜੇ ਦਾ ਆਲ੍ਹਣਾ,ਮੋਰ ਦੀ ਪ੍ਹੈਲ, ਕੋਇਲ ਦੀ ਬੋਲੀ, ਨੂੰ ਅੱਜ ਮਨ ਤਰਸ ਗਿਆ ਹੈ। ਅਸੀਂ ਪੈਸੇ ਦੀ ਦੌੜ ’ਚ ਇਸ ਤਰਾਂ ਦੌੜ ਰਹੇ ਹਾਂ ਕਿ ਕੁਦਰਤ ਦੇ ਮੁਫਤ ਦਿੱਤੇ ਤੋਹਫੇ ਅਸੀਂ ਬਹੁਤ ਪਿੱਛੇ ਛੱਡ ਦਿੱਤੇ ਤੇ ਅਣਗਿਣਤ ਬਿਮਾਰੀਆਂ ਸਹੇੜ ਲਈਆਂ । ਜੋ ਪੇੜ-ਪੌਦੇ,ਪੰਛੀ ਤੇ ਜਾਨਵਰ ਅੱਜ ਵੀ ਮਨੁੱਖ ਦੀ ਗੁਲਾਮੀ ਤੋਂ ਅਜਾਦ ਹਨ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ,ਪਰ ਸਾਡੇ ਦੁਆਰਾ ਪਾਲਤੂ ਬਣਾਏ ਜਾਨਵਰ,ਪੰਛੀ ਤੇ ਫਸਲਾਂ ਸਾਡੇ ਵਾਂਗ ਹੀ ਬਿਮਾਰੀਆਂ ਸਹੇੜੀ ਬੈਠੇ ਹਨ। ਅਸੀਂ ਤਰੱਕੀ ਦਾ ਐਸਾ ਚੱਕਾ ਚਲਾਇਆ ਕਿ ਇਹਨਾਂ ਬੇਸਮਝ ਕੁਦਰਤ ਦੇ ਪੁੱਤਰਾਂ ਨੂੰ ਵੀ ਬਿਮਾਰ ਕਰ ਦਿੱਤਾ ਤੇ ਖੁਦ ਵੀ ਰੋਗਾਂ ’ਚ ਗ੍ਰਸਤ ਹੋ ਗਏ। ਕੁਦਰਤ ਨਾਲ ਨੇੜਤਾ ਸਾਨੂੰ ਜੀਵਨ ਉਤਸ਼ਾਹ ਤੇ ਉਮੰਗ ਨਾਲ ਭਰ ਦਿੰਦੀ ਹੈ। ਅਸੀਂ ਰੋਜ ਮੌਸਮ ਦਾ ਹਾਲ ਸੁਣਕੇ ਘਬਰਾ ਜਾਂਦੇ ਹਾਂ ਤੇ ਸਾਡੀ ਹਮੇਸ਼ਾ ਗਰਮੀਂ ਸਰਦੀ ਤੇ ਬਾਰਿਸ਼ ਪ੍ਰਤੀ ਸ਼ਿਕਾਇਤ ਰਹਿੰਦੀ ਹੈ,ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਹਰ ਮੌਸਮ ਕੁਦਰਤ ਨੇ ਸਾਡੀ ਬਿਹਤਰੀ ਲਈ ਹੀ ਬਣਾਇਆ ਹੈ। ਰੁੱਤ-ਰੁੱਤ ਦਾ ਮੇਵਾ ਹੈ। ਅਸੀਂ ਜਿੰਨਾ ਸਮਾਂ ਸਬਜੀਆਂ ਦੇ ਵਧਦੇ ਰੇਟਾਂ ਸੰਬੰਧੀ ਗੱਲਾਂ ਕਰਨ ਤੇ ਲਗਾਉਂਦੇ ਹਾਂ ਜੇ ਓਨਾਂ ਸਮਾਂ ਘਰੇਲੂ ਬਗੀਚੀ ਤੇ ਲਗਾਈਏ ਤਾਂ ਬਿਨਾਂ ਰੇਅ-ਸਪਰੇਅ ਵਾਲੀ ਸਬਜੀ ਅਸਾਨੀ ਨਾਲ ਘਰ ’ਚ ਹੀ ਪ੍ਰਾਪਤ ਕਰ ਸਕਦੇ ਹਾਂ। ਕੁਦਰਤ ਮਾਤਾ ਆਪਣੀਆਂ ਨਿਆਮਤਾਂ ਮੁਫਤ ’ਚ ਲੁਟਾ ਰਹੀ ਹੈ ਪਰ ਅਫਸੋਸ ਅਸੀਂ ਮਹਿੰਗੀਆਂ ਡੱਬਾਬੰਦ ਨਿਆਮਤਾਂ ਮਗਰ ਦੌੜ੍ਹ ਰਹੇ ਹਾਂ ਤੇ ਹਰੀਆਂ ਸਬਜੀਆਂ ਤੇ ਘਰੇ ਹੀ ਉਗਾਏ ਜਾ ਸਕਣ ਵਾਲੇ ਫਲਦਾਰ ਬੂਟੇ ਜਿਵੇਂ

ਅਮਰੂਦ,ਬੇਰੀ,ਜਾਮੁਣ ਤੇ ਸੰਤਰੇ ਜਿਹੇ ਕੁਦਰਤੀ ਤੋਹਫਿਆਂ ਨੂੰ ਵਿਸਾਰੀ ਬੈਠੇ ਹਾਂ। ਅਸੀਂ ਨਵੀਂ ਤਕਨਾਲੋਜੀ ਨਾਲ ਆਪਣੇ ਬੱਚਿਆਂ ਨੂੰ ਤੇ ਖੁਦ ਨੂੰ ਇਸ ਕਦਰ ਸੋਹਲ ਬਣਾ ਰਹੇ ਹਾਂ ਕਿ ਇੱਕ ਛੋਟੀ ਜਿਹੀ ਮੌਸਮੀ ਤਬਦੀਲੀ ਨਾਲ ਬਿਮਾਰ ਹੋ ਜਾਂਦੇ ਹਾਂ। ਥੋੜੀ ਜਿਹੀ ਠੰਡ ਹੀ ਸਾਨੂੰ ਕੰਬਣ ਲਾ ਦਿੰਦੀ ਹੈ ਤੇ ਮਾਰਚ ਮਹੀਨੇ ’ਚ ਹੀ ਅਸੀਂ ਗਰਮੀਂ-ਗਰਮੀਂ ਪੁਕਾਰਦੇ ਪੱਖੇ ਚਲਾਉਣ ਲੱਗ ਜਾਂਦੇ ਹਾਂ। ਅਸੀਂ ਮੌਸਮ ਨੂੰ ਆਪਣੇ ਸਰੀਰ ਤੇ ਹੰਢਾਉਣ ਦੀ ਕਾਬਲੀਅਤ ਗੁਆ ਰਹੇ ਹਾਂ। ਅੱਜ ਅਸੀਂ ਅਪਣੀ ਸਿਹਤ ਪ੍ਰਤੀ ਏਨੇ ਕੁ ਲਾਪ੍ਰਵਾਹ ਹੋ ਗਏ ਹਾਂ ਕਿ ਸਾਨੂੰ ਭੋਜਨ ਤੋਂ ਜਿਆਦਾ ਦਵਾਈਆਂ ਖਾਣੀਆਂ ਪੈਂਦੀਆਂ ਹਨ। ਕਿੰਨਾਂ ਵਧੀਆ ਹੋਵੇ ਕਿ ਭੋਜਨ ਹੀ ਸਾਡੀ ਦਵਾਈ ਦਾ ਕੰਮ ਵੀ ਕਰੇ। ਦਵਾਈ ਨੂੰ ਭੋਜਨ ਬਣਾਉਣ ਦੀ ਵਜਾਇ ਭੋਜਨ ਹੀ ਅਜਿਹਾ ਹੋਵੇ ਕਿ ਦਵਾਈ ਦੀ ਜਰੂਰਤ ਹੀ ਨਾ ਰਹੇ। ਕੁਦਰਤ ਨੇ ਸਾਨੂੰ ਸੰਪੂਰਨ ਬਣਾਇਆ ਹੈ,ਪਰ ਫਿਰ ਵੀ ਅਸੀਂ ਸੰਤੁਸ਼ਟ ਨਹੀਂ ਤੇ ਸੁੰਦਰ ਦਿਸਣ ਲਈ ਸੌ ਬਣਾਵਟੀ ਚੀਜਾਂ ਆਪਣੇ ਸਰੀਰ ਤੇ ਲਗਾਉਂਦੇ ਹਾਂ। ਸੋਹਣੇ ਦਿਸਣ ਜਾਂ ਬਣਨ ਲਈ ਸਭ ਤੋਂ ਜਰੂਰੀ ਗਹਿਣਾ ਹੈ ਸੋਹਣੇ ਕੰਮ। ਸੋਹਣੇ ਕੰਮ ਕਰਨ ਵਾਲੇ ਸਭ ਨੂੰ ਸੋਹਣੇ ਲੱਗਦੇ ਹਨ। ਪਰ ਅਸੀਂ ਸੁੰਦਰਤਾ ਨੂੰ ਨੈਣ ਨਕਸ਼ਾ ਤੇ ਰੰਗ ’ਚੋਂ ਲੱਭਣ ਦੇ ਆਦੀ ਹੋ ਗਏ ਹਾਂ। ਕੁਦਰਤ ਦੁਆਰਾ ਨਿਰਮਤ ਇਸ ਸਰਵਸ੍ਰੇਸ਼ਠ ਮਨੁੱਖ ਕੋਲ ਅੱਜ ਸਹੀ ਖਾਣ ਤੇ ਸਹੀ ਸੌਣ ਦੀ ਵਿਹਲ ਵੀ ਨਹੀਂ ਰਹੀ। ਆਪਣੀ ਰੁਝੇਵਿਆਂ ਭਰੀ ਜਿੰਦਗੀ ’ਚੋਂ ਕੁਝ ਸਮਾਂ ਪੰਛੀਆਂ,ਪੌਦਿਆਂ ਤੇ ਜਾਨਵਰਾਂ ਲਈ ਵੀ ਕੱਢੋ,ਤੁਸੀਂ ਅਨੁਭਵ ਕਰੋਂਗੇ ਕਿ ਇਸ ਕਾਦਰ ਦੀ ਕੁਦਰਤ ਦਾ ਕਣ-ਕਣ,ਜ਼ੱਰਾ-ਜ਼ੱਰਾ ਸਜੀਵ ਹੈ,ਪਰ ਅਸੀਂ ਆਪਣੀ ਜਿੰਦਗੀ ਨੂੰ ਅਜਿਹਾ ਗੁੰਝਲਦਾਰ ਬਣਾ ਰੱਖਿਆ ਹੈ ਕਿ ਅਸੀਂ ਖੁਦ ਨਿਰਜੀਵ ਮਸ਼ੀਨ ਬਣੇ ਬੈਠੇ ਹਾਂ। ਸਾਨੂੰ ਪਿਘਲ ਰਹੇ ਗਲੇਸ਼ੀਅਰਾਂ ਦਾ ਤਾਂ ਬੜਾ ਅਖੌਤੀ ਫਿਕਰ ਹੋ ਰਿਹਾ ਹੈ ਪਰ ਕਦੇ ਆਏ ਦਿਨ ਪਿਘਲ-ਪਿਘਲ ਕੇ ਖਤਮ ਹੋ ਰਹੀ ਇਨਸਾਨੀਅਤ ਦਾ ਸਾਨੂੰ ਚੇਤਾ ਨਹੀਂ ਅਇਆ। ਬੇਫਿਕਰ ਰਹੋ ਕੁਦਰਤ ਦੇ ਹੱਥ ’ਚ ਸਭ ਮੁਸ਼ਕਿਲਾਂ ਦੀ ਚਾਬੀ ਹੈ। ਅਸੀਂ ਆਪਣੀ ਸਿਹਤ ਸੰਭਾਲ ਲਈਏ ਏਨਾ ਹੀ ਬਹੁਤ ਆ। ਓਜ਼ੋਨ ਪਰਤ ਤੇ ਸਮੁੰਦਰੀ ਜੀਵਨ ਦਾ ਫਿਕਰ ਕਰਨ ਦਾ ਢੋਂਗ ਛੱਡਕੇ ਅਸੀਂ ਰੋਜ਼ਾਨਾ ਦੇ ਕੰਮਕਾਰ ਵਿੱਚ ਇਮਾਨਦਾਰੀ ਵਾਲਾ ਨਜਰੀਆ ਵਰਤੀਏ ਏਨਾ ਹੀ ਬਹੁਤ ਹੈ। ਕੁਦਰਤ ਨਾਲ ਦੋ ਪਲ ਬੈਠਕੇ ਵਾਰਤਾਲਾਪ ਕਰਕੇ ਵੇਖੋ ਤੁਹਾਨੂੰ ਮਹਿਸੂਸ ਹੋਵੇਗਾ ਕਿ ਫੁੱਲ ਤੇ ਪੌਦੇ ਵੀ ਸਾਡੇ ਵਾਂਗ ਹੀ ਹਨ,ਪੰਛੀ ਵੀ ਸਾਡੇ ਵਾਂਗ ਹੀ ਕੁਦਰਤ ਦੀਆਂ ਨਿਆਮਤਾਂ ਵਰਤਣ ਦਾ ਹੱਕ ਰੱਖਦੇ ਹਨ। ਕੀ ਕਦੇ ਖਿਆਲ ਆਇਆ ਹੈ ਕਿ ਬਿਜੜਾ ਏਨਾਂ ਸੁੰਦਰ ਆਲ੍ਹਣਾ ਕਿਉਂ ਬਣਾਉਂਦਾ ਹੈ? ਮੋਰ ਨੂੰ ਪੈਲ ਪਾਉਣ ਦਾ ਵੱਲ ਕਿਸਨੇ ਸਿਖਾਇਆ? ਬੋਹੜ ਦੇ ਦਰੱਖਤ ਇਮਾਰਤਾਂ ਦੀਆਂ ਕੰਧਾਂ ਵਿੱਚ ਕਿਸ ਤਰਾਂ ਉੱਗ ਆਉਂਦੇ ਹਨ ਤੇ ਅੱਕ ਦੇ ਪੌਦੇ ’ਚੋਂ ਫੰਬੜੀਆਂ ਜਿਹੀਆਂ ਕੀ ਉੱਡਦੀਆਂ ਹਨ? ਕਦੇ ਸੋਚਿਆ ਹੈ ਤਿਤਲੀਆਂ ਦਾ ਘਰ ਕਿਹੜਾ ਹੈ? ਡੱਡੂਆਂ ਦੇ ਨਿੱਕੇ-ਨਿੱਕੇ ਬੱਚੇ ਅਚਾਨਕ ਸੈਂਕੜਿਆਂ ਦੀ ਗਿਣਤੀ ’ਚ ਕਿਸ ਜਗ੍ਹਾ ਤੋਂ ਆੳਂਦੇ ਹਨ? ਇਸ ਤਰਾਂ ਦੇ ਹਜਾਰਾਂ ਹੀ ਸਵਾਲ ਹਨ ਜੋ ਸਾਨੂੰ ਕੁਦਰਤ ਨਾਲ ਨੇੜਤਾ ਵਧਾਉਣ ਤੇ ਸਮਝ ਆ ਜਾਣਗੇ ਤੇ ਅਸੀਂ ਆਨੰਦਮਈ ਜੀਵਨ ਵਿੱਚ ਇੱਕ ਬੇਹੱਦ ਅਣਮੋਲ ਅਧਿਆਇ ਜੋੜ ਲਵਾਂਗੇ। ਅਸੀਂ ਆਪਣੇ ਆਪ ਨੂੰ ਬਹੁਤ ਅਗਾਂਹਵਧੂ ਹੋਣ ਦਾ ਭੁਲੇਖਾ ਪਾਲੀ ਬੈਠੇ ਹਾਂ ਪਰ ਕੀ ਕਦੇ ਸਾਡੇ ’ਚੋਂ ਕਿਸੇ ਨੇ ਇਹ ਸੋਚਿਆ ਹੈ ਕਿ ਕੁਦਰਤ ਨੇ ਦਿਨ ਰਾਤ ਕਿਉਂ ਬਣਾਏ ਹਨ? ਬਹੁਤਿਆਂ ਦਾ ਆਖਣਾ ਹੁੰਦਾ ਹੈ ਕਿ ਜੇ ਰਾਤ ਨਾ ਹੁੰਦੀ ਤਾਂ ਬਹੁਤ ਔਖਾ ਹੋ ਜਾਣਾ ਸੀ,ਰਾਤ ਨੂੰ ਅਸੀਂ ਸੌਂ ਕੇ ਦਿਨ ਭਰ ਦੀ ਸਰੀਰਕ ਤੇ ਦਿਮਾਗੀ ਥਕਾਵਟ ਦੂਰ ਕਰਦੇ ਹਾਂ। ਪਰ ਕੁਦਰਤ ਦੀ ਸੋਚ ਸਾਡੇ ਤੋਂ ਅਰਬਾਂ-ਖਰਬਾਂ ਗੁਣਾ ਵੱਡੀ ਹੈ। ਸਾਡੇ ਸਰੀਰ ਵਿੱਚ ਬਹੁਤ ਸਾਰੇ ਹਾਰਮੋਨ ਪੈਦਾ ਹੁੰਦੇ ਹਨ। ਸਾਡੇ ਦਿਮਾਗ ਦੇ ਪਾਈਨਲ ਗਲੈਂਡ ਵਿੱਚ ਮੈਲਾਟੌਨਿਨ ਨਾਂ ਦਾ ਹਾਰਮੋਨ ਪੈਦਾ ਹੁੰਦਾ ਹੈ ਜੋ ਸਾਡੇ ਸੌਣ ਤੇ ਜਾਗਣ ਨੂੰ ਨਿਯੰਤਰਿਤ ਕਰਨ ਵਾਲੀ ਅੰਦਰੂਨੀ ਦਿਮਾਗੀ ਘੜੀ ਲਈ ਬਹੁਤ ਜਰੂਰੀ ਹੈ। ਹੈਰਾਨੀ ਦੀ ਗੱਲ ਵੇਖੋ ਕਿ ਮੈਲਾਟੌਨਿਨ ਨਾਮਕ ਹਾਰਮੋਨ ਹਨੇਰੇ ਵਿੱਚ ਬਹੁਤ ਜਿਆਦਾ ਬਣਦਾ ਹੈ ਤੇ ਪ੍ਰਕਾਸ਼ ਵਿੱਚ ਬਹੁਤ ਘੱਟ। ਸਾਨੂੰ ਨੀਂਦ ਵੀ ਇਸੇ ਹਾਰਮੋਨ ਕਰਕੇ ਆਂਉਂਦੀ ਹੈ। ਸੋ ਰਾਤ ਨੂੰ ਕਮਰੇ ਵਿੱਚ ਜਿੰਨਾਂ ਜਿਆਦਾ ਹਨੇਰਾ ਹੋਵੇਗਾ ਓਨੀ ਹੀ ਵਧੀਆ ਨੀਂਦ ਸਾਨੂੰ ਆਵੇਗੀ। ਵੇਖੋ ਕੁਦਰਤ ਦਾ ਕਰਿਸ਼ਮਾਂ ਰਾਤ ਦਾ ਗੂੜ੍ਹਾ ਹਨੇਰਾ ਨੀਂਦ ਲਈ ਕਿਸ ਤਰਾਂ ਕੁਦਰਤੀ ਵਰਦਾਨ ਹੈ। ਸਾਡੇ ਦਿਮਾਗ ਵਿੱਚ ਕੁਦਰਤੀ ਤੌਰ ਤੇ ਘੜੀ ਵਾਂਗ ਇੱਕ ਪ੍ਰਣਾਲੀ ਹੈ ਜੋ ਸਾਡੇ ਸੌਣ ਤੇ ਜਾਗਣ ਨੂੰ ਨਿਯਮਤ ਕਰਦੀ ਹੈ। ਮੈਲਾਟੌਨਿਨ ਘੱਟ ਬਣਨ ਕਰਕੇ ਹੀ ਰਾਤ ਨੂੰ ਕੰਮ ਕਰਨ ਵਾਲੇ ਦਿਨ ਭਰ ਸੌਣ ਤੋਂ ਬਾਅਦ ਵੀ ਉਨੀਂਦਰਾ ਮਹਿਸੂਸ ਕਰਦੇ ਹਨ। ਕੁਦਰਤ ਦੇ ਕ੍ਰਿਸ਼ਮਿਆਂ ਦੀ ਗਿਣਤੀ ਬੇਅੰਤ ਹੈ। ਕੀੜੀਆਂ ਤੇ ਮਧੂ ਮੱਖੀਆਂ ਦਾ ਟੀਮ ਵਰਕ ਬਹੁਤ ਕਮਾਲ ਦਾ ਹੁੰਦਾ ਹੈ। ਅਸੀਂ ਪੜ੍ਹ-ਲਿਖ ਕੇ ਡਿਗਰੀਆਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਬੁੱਧੀਮਾਨ ਸਮਝ ਲੈਂਦੇ ਹਾਂ,ਪਰ ਸੋਚੋ ਇਹ ਕੀੜੀਆਂ ਤੇ ਮਧੂ ਮੱਖੀਆਂ ਨੇ ਕਿਸ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ? ਇਕ ਸ਼ਹਿਦ ਦੀ ਮੱਖੀ 15 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡਦੀ ਹੋਈ ਇੱਕ ਸੈਕਿੰਡ ਵਿੱਚ 200 ਵਾਰ ਆਪਣੇ ਖੰਭ ਫੜਫੜਾਉਂਦੀ ਹੈ। ਦਸ ਹਜਾਰ ਕਾਮਾਂ ਮਧੂ ਮੱਖੀਆਂ ਰਲਕੇ ਇੱਕ ਪਾਊਂਡ ਜਾਣੀਕਿ 453 ਗ੍ਰਾਮ ਸ਼ਹਿਦ ਇਕੱਠਾ ਕਰਦੀਆਂ ਹਨ। ਮਧੂ ਮੱਖੀਆਂ ਦੁਆਰਾ ਇੱਕ ਪਾਊਂਡ ਸ਼ਹਿਦ ਇਕੱਠਾ ਕਰਨ ਲਈ ਤਹਿ ਕੀਤੀ ਦੂਰੀ ਪੂਰੀ ਧਰਤੀ ਦੇ 2 ਚੱਕਰ ਲਾਉਣ ਦੇ ਬਰਾਬਰ ਹੈ। ਸੋਚੋ ਕਿੱਥੋਂ ਮਿਲੀ ਇਹ ਅਨੋਖੀ ਟ੍ਰੇਨਿੰਗ ਸ਼ਹਿਦ ਦੀਆਂ ਮੱਖੀਆਂ ਨੂੰ ? ਕੀੜੀਆਂ ਆਪਣੇ ਆਂਡਿਆਂ ਤੇ ਲਾਰਵਾ ਨੂੰ ਰਾਤ ਸਮੇਂ ਆਪਣੀ ਰਿਹਾਇਸ ਦੀ ਸਭ ਤੋਂ ਡੂੰਘੀ ਥਾਂ ਤੇ ਲੈ ਜਾਂਦੀਆਂ ਹਨ,ਤਾਂ ਜੋ ਘੱਟ ਤਾਪਮਾਨ ਤੋਂ ਉਹਨਾਂ ਦੀ ਰੱਖਿਆ ਹੋ ਸਕੇ,ਤੇ ਦਿਨ ਵੇਲੇ ਫਿਰ ਤੋਂ ਉਪਰਲੇ ਹਿੱਸਿਆਂ ’ਚ ਲੈ ਆਉਂਦੀਆਂ ਹਨ। ਸਾਊਥ ਅਫਰੀਕਾ ਵਿੱਚ ਇੱਕ ਆਰਮੀਂ ਨਾਂ ਦੀ ਕੀੜੀਆਂ ਦੀ ਨਸਲ ਹੈ ਜੋ ਇੱਕ ਕਲੋਨੀ ਵਿੱਚ ਸੱਤ ਲੱਖ ਦੀ ਗਿਣਤੀ ਵਿੱਚ ਹੁੰਦੀਆਂ ਹਨ। ਮਨੁੱਖ ਏਨਾ ਨਿਰਦਈ ਹੈ ਕਿ ਕੀੜੀਆਂ ਨੂੰ ਸਿਰਫ ਏਸੇ ਲਈ ਮਾਰਨ ਵਾਲੀਆਂ ਸਪਰੇਆਂ ਛਿੜਕ ਦਿੰਦਾ ਹੈ ਕਿ ਇਹ ਰਸੋਈ ’ਚ ਨਾ ਆਉਣ। ਕੁਦਰਤ ਦੀ ਵਿਸ਼ਾਲਤਾ ਦਾ ਅਸੀਂ ਅੰਦਾਜਾ ਨਹੀਂ ਲਗਾ ਸਕਦੇ,ਕੀੜੀਆਂ ਦੀਆਂ ਦਸ ਹਜਾਰ ਦੇ ਲਗਭਗ ਕਿਸਮਾਂ ਧਰਤੀ ਤੇ ਮੌਜੂਦ ਹਨ। ਮੰਨਿਆ ਕਿ ਪੈਸਾ ਅੱਜ ਦੀ ਵੱਡੀ ਜਰੂਰਤ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਦਰਤ ਤੋਂ ਬੇਮੁੱਖ ਹੋ ਜਾਈਏ। ਜੇ ਅੱਜ ਬੱਚਿਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਰਹੀ ਹੈ ਤਾਂ ਇਸਦਾ ਸਿੱਧਾ ਕਾਰਨ ਵੀ ਇਹੀ ਆ ਕਿ ਅਸੀਂ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਹੀ ਦਵਾਈਆਂ ਰੂਪੀ ਤੋਹਫੇ ਦੇਣੇ ਸ਼ੁਰੂ ਕਰ ਦਿੰਦੇ ਹਾਂ ਤੇ ਉਹਨਾਂ ਦੇ ਸਰੀਰ ਵਿਚਲੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਅਸਲ ਵਿੱਚ ਸਾਨੂੰ ਕੁਦਰਤ ਤੇ ਭਰੋਸਾ ਹੀ ਨਹੀਂ ਰਿਹਾ। ਜੋ ਇੱਕ ਸ਼ੈੱਲ ਤੋਂ ਇੱਕ ਮਨੁੱਖ ਤੇ ਇੱਕ ਨਿੱਕੇ ਜਿਹੇ ਬੀਜ਼ ਤੋਂ ਏਨਾ ਵੱਡਾ ਰੁੱਖ ਬਣਾ ਸਕਦੀ ਹੈ ਉਸ ਕੁਦਰਤ ਤੇ ਭਰੋਸਾ ਨਾ ਕਰਨਾ ਸਾਨੂੰ ਮਹਾਂਵਿਨਾਸ਼ ਵੱਲ ਧਕੇਲ ਰਿਹਾ ਹੈ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਾਨੂੰ ਕੁਦਰਤ ਵੱਲ ਮੁੜ ਆਉਣਾ ਚਾਹੀਦਾ ਹੈ,ਇਹੀ ਸਾਡੇ ਲਈ ਬਿਹਤਰ ਹੋਵੇਗਾ। ਜੇਕਰ ਅਸੀਂ ਤਰੱਕੀ ਦੀ ਤੇਜ ਰਫਤਾਰ ’ਚ ਇਸੇ ਤਰਾਂ ਉਲਝੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਬਚਪਨ,ਜਵਾਨੀ ਤੇ ਬੁਢਾਪੇ ’ਚੋਂ ਸਿਰਫ ਬਚਪਨ ਤੇ ਜਵਾਨੀ ਤੱਕ ਹੀ ਸੀਮਤ ਹੋ ਜਾਵੇਗਾ ਤੇ ਬੁਢਾਪੇ ਵਾਲੀ ਸਟੇਜ ਤੋਂ ਪਹਿਲਾਂ ਹੀ ਮੌਤ ਦੇ ਕਲਾਵੇ ’ਚ ਸਮਾਉਣ ਲੱਗੇਗਾ। ਸੋ ਆਓ ਸਾਰੇ ਕੁਦਰਤ ਵੱਲ ਮੋੜਾ ਪਾਈਏ ਤੇ ਇਹਨਾਂ ਵਫਾਦਾਰ ਸਾਥੀ ਪੌਦਿਆਂ ਤੇ ਪੰਛੀਆਂ ਨਾਲ ਮੋਹ ਦੀਆਂ ਤੰਦਾਂ ਪੀਡੀਆਂ ਕਰੀਏ,ਕੁਦਰਤ ਮਾਂ ਰਾਣੀ ਦੀ ਗੋਦ ਵਿੱਚ ਬੈਠ ਕੇ ਉਸ ਦੁਆਰਾ ਹਰ ਪਲ ਹਰ ਘੜੀ ਨਿਰੰਤਰ ਸੁਣਾਈ ਜਾ ਰਹੀ ਮਧੁਰ ਸੰਗੀਤਮਈ ਲੋਰੀ ਦਾ ਆਨੰਦ ਮਾਣੀਏਂ।

Send this to a friend