ਕਮੇਟੀ ਮੁਲਾਜ਼ਮ ਅਤੇ ਦੁਕਾਨਦਾਰ ਹੋਏ ਆਹਮੋ ਸਾਹਮਣੇ
ਤਪਾ ਮੰਡੀ, 18 ਅਕਤੂਬਰ (ਸੰਜੀਵ ਕੁਮਾਰ ਮੋੜ)- ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ਇੱਕ ਦੁਕਾਨਦਾਰ ਨਾਲ ਇੱਕ ਬੋਰਡ ਨੂੰ ਲੈ ਕੇ ਉਲਝ ਗਏ,ਜਿਸ ਉਪਰੰਤ ਦੋਵੇਂ ਧਿਰਾਂ ਦੇ ਆਪਸ ‘ਚ ਹੱਥੋਪਾਈ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਨਗਰ ਕੌਂਸਲ ਤਪਾ ਵੱਲੋਂ ਦੁਕਾਨਦਾਰਾਂ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਸ ਨੂੰ ਲੈ ਕੇ ਅੱਜ ਨਾਜਾਇਜ਼ ਕਬਜ਼ੇ ਚੁੱਕਣ ਲਈ ਐੱਸ ਓ ਮੁਹੰਮਦ ਸਲੀਮ ਆਪਣੇ ਮੁਲਾਜ਼ਮਾਂ ਸਮੇਤ ਸਦਰ ਬਾਜ਼ਾਰ ਵਿਖੇ ਪਹੁੰਚੇ ਅਤੇ ਨਾਜਾਇਜ਼ ਕਬਜ਼ੇ ਹਟਾਉਣ ਲੱਗੇ।ਪ੍ਰੰਤੂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੁਕਾਨਦਾਰ ਅਤੇ ਕਮੇਟੀ ਮੁਲਾਜ਼ਮਾਂ ਆਪਸ ਵਿਚ ਉਲਝ ਗਏ,ਜਦੋਂ ਉਹ ਸਦਰ ਬਾਜ਼ਾਰ ਸਥਿਤ ਇੱਕ ਮੈਡੀਕਲ ਦੀ ਦੁਕਾਨ ਤੇ ਪੁੱਜੇ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਮੁਲਾਜ਼ਮ ਐਸ.ਓ ਸਲੀਮ ਮੁਹੰਮਦ ਆਪਣੇ ਕੁਝ ਸਾਥੀਆਂ ਸਮੇਤ ਸਾਡੀ ਦੁਕਾਨ ਤੇ ਆਏ ਅਤੇ ਉਨ੍ਹਾਂ ਦਾ ਬੋਰਡ ਚੁੱਕ ਕੇ ਟਰਾਲੀ ‘ਚ ਧਰਨਾ ਚਾਹਿਆ ਤਾਂ ਅਸੀਂ ਉਸ ਦਾ ਵਿਰੋਧ ਕਰਦੇ ਹੋਏ ਬੋਰਡ ਨੂੰ ਦੁਬਾਰਾ ਉਸੇ ਜਗ੍ਹਾ ਤੇ ਰੱਖਣ ਲਈ ਕਿਹਾ,ਕਿਉਂਕਿ ਪਿਛਲੀਆਂ ਦੁਕਾਨਾਂ ਦਾ ਸਾਮਾਨ ਉਸੇ ਤਰ੍ਹਾਂ ਬਾਹਰ ਪਿਆ ਸੀ ਉਹ ਸਿਰਫ ਸਾਡੀ ਹੀ ਦੁਕਾਨ ਤੇ ਜਾਣ ਬੁੱਝ ਕੇ ਆਏ ਸਨ।ਜਿਸ ਤੋਂ ਬਾਅਦ ਐਸ.ਓ ਸਲੀਮ ਮੁਹੰਮਦ ਦੁਬਾਰਾ ਫਿਰ ਆਪਣੇ ਮੁਲਾਜ਼ਮਾਂ ਸਮੇਤ ਵੱਡੀ ਗਿਣਤੀ ਵਿਚ ਸਾਡੀ ਦੁਕਾਨ ਤੇ ਪੁੱਜੇ ਅਤੇ ਆਸੇ ਪਾਸੇ ਦੇਖਣ ਉਪਰੰਤ ਗੁੰਡਾਗਰਦੀ ਕਰਦੇ ਹੋਏ ਦੁਕਾਨ ਅੰਦਰ ਰੱਖੇ ਹੋਏ ਬੋਰਡ ਨੂੰ ਦੁਬਾਰਾ ਚੁੱਕ ਕੇ ਆਪਣੀ ਟਰਾਲੀ ਵਿਚ ਰੱਖ ਲਿਆ।ਮੌਕੇ ਤੇ ਮੌਜੂਦ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਪੱਖੋ ਨੇ ਐਸ.ਓ ਤਪਾ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਆਪਣੇ ਚਹੇਤਿਆਂ ਦੀਆਂ ਦੁਕਾਨਾਂ ਦੇ ਬਾਹਰ ਲੱਗਿਆ ਸਾਮਾਨ ਨਹੀਂ ਚੁੱਕਦਾ,ਕਿਉਂਕਿ ਇਹ ਉਨ੍ਹਾਂ ਤੋਂ ਪੈਸੇ ਵਸੂਲ ਕਰਦਾ ਹੈ ਪ੍ਰੰਤੂ ਸਾਡੇ ਵੱਲੋਂ ਇਨ੍ਹਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਇਹ ਜਾਣ ਬੁੱਝ ਕੇ ਦੁਕਾਨ ਤੇ ਆਏ ਅਤੇ ਗੁੰਡਾਗਰਦੀ ਕਰਦੇ ਹੋਏ ਇਕੱਲਾ ਬੋਰਡ ਚੁੱਕ ਕੇ ਟਰਾਲੀ ਵਿਚ ਰੱਖ ਲਿਆ,ਜਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ।ਦੂਜੇ ਪਾਸੇ ਇਸ ਸਬੰਧੀ ਐਸ.ਓ ਸਲੀਮ ਮੁਹੰਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਲਈ ਸਾਰੇ ਮੰਡੀ ਨਿਵਾਸੀ ਇੱਕ ਹਨ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਵੀ ਧੱਕੇਸ਼ਾਹੀ ਨਹੀਂ ਕੀਤੀ ਜਾਂਦੀ ਬਲਕਿ ਉਕਤ ਦੁਕਾਨਦਾਰ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਿਉਂਕਿ ਬੋਰਡ ਚੱਕਣ ਸਮੇਂ ਇਨ੍ਹਾਂ ਵੱਲੋਂ ਟਰੈਕਟਰ ਦੀ ਚਾਬੀ ਕੱਢ ਲਈ ਗਈ ਸੀ ਜਿਸ ਤੋਂ ਬਾਅਦ ਇਹ ਗੱਲ ਹੱਥੋਪਾਈ ਤੱਕ ਪਹੁੰਚ ਗਈ।ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਪੁੱਜੇ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ ਨੇ ਕਿਹਾ ਕਿ ਇਹਨਾਂ ਅਕਾਲੀ ਵਰਕਰਾਂ ਵੱਲੋਂ ਸਾਡੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਨਗਰ ਕੌਂਸਲ ਦੇ ਕੰਮ ਵਿਚ ਵਿਘਨ ਪਾ ਰਹੇ ਹਨ।ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਪੁਲਿਸ ਵੱਲੋਂ ਉਕਤ ਦੁਕਾਨਦਾਰ ਵਿਰੁੱਧ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ, ਉਨਾ ਸਮਾਂ ਸ਼ਹਿਰ ਦਾ ਪਾਣੀ ਮੁਕੰਮਲ ਤੌਰ ਤੇ ਬੰਦ ਰਹੇਗਾ ਅਤੇ ਕੂੜਾ ਕਰਕਟ ਵੀ ਦੀਵਾਲੀ ਤੱਕ ਨਹੀਂ ਚੁੱਕਿਆ ਜਾਵੇਗਾ,ਅਗਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ,ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।ਮੌਕੇ ਤੇ ਪੁੱਜੇ ਥਾਣਾ ਮੁਖੀ ਨਰਾਇਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤਫਤੀਸ਼ ਜਾਰੀ ਹੈ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਚ ਮੰਡੀ ਨਿਵਾਸੀ ਮੌਜੂਦ ਸਨ।



