ਕਾਬੁਲ, 23 ਮਈ (ਪੀ.ਟੀ.)-ਅੱਜ ਤੜਕੇ ਅਫਗਾਨਿਸਤਾਨ ਦੇ ਹੈਰਾਤ ਸੂਬੇ ਵਿਚ ਰਾਕਟ ਨਾਲ ਚੱਲਣ ਵਾਲੇ ਗ੍ਰਨੇਡਾਂ ਸਮੇਤ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਭਾਰਤੀ ਕੌਂਸਲਖਾਨੇ ਦੀ ਰਿਹਾਇਸ਼ੀ ਇਮਾਰਤ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਅਫਗਾਨਿਸਤਾਨ ਦੇ ਪੰਜ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਹਮਲੇ ਦੌਰਾਨ ਕੌਂਸਲਖਾਨੇ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਬਲਾਂ ਵਲੋਂ ਕੀਤੀ ਕਾਰਵਾਈ ਵਿਚ ਚਾਰ ਅੱਤਵਾਦੀ ਮਾਰੇ ਗਏ। ਕੌਂਸਲਖਾਨੇ ਦਾ ਸਾਰਾ ਕੂਟਨੀਤਕ ਸਟਾਫ ਸੁਰੱਖਿਅਤ ਹੈ। ਅਫਗਾਨਿਸਤਾਨ ’ਚ ਭਾਰਤ ਦੇ ਰਾਜਦੂਤ ਅਮਰ ਸਿਨਹਾ ਨੇ ਦੱਸਿਆ ਕਿ ਇਕ ਹਮਲਾਵਰ ਜਿਹੜਾ ਦੂਤਘਰ ਦੀ ਕੰਧ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਨੂੰ ਕੌਂਸਲਖਾਨੇ ਦੀ ਸੁਰੱਖਿਆ ਲਈ ਤਾਇਨਾਤ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦੇ ਕਮਾਂਡੋਜ਼ ਨੇ ਮੌਤ
ਦੇ ਘਾਟ ਉਤਾਰ ਦਿੱਤਾ ਜਦਕਿ ਤਿੰਨ ਹੋਰ ਦੂਤਘਰ ਦੀ ਬਾਹਰੀ ਸੁਰੱਖਿਆ ਲਈ ਤਾਇਨਾਤ ਅਫਗਾਨ ਪੁਲਿਸ ਨੇ ਮਾਰ ਗਿਰਾਏ। ਸ੍ਰੀ ਸਿਨਹਾ ਨੇ ਦੱਸਿਆ ਕਿ ਅੱਜ ਤੜਕੇ ਤਿੰਨ ਵਜੇ ਕੀਤੇ ਹਮਲੇ ਵਿਚ ਹਥਿਆਰਬੰਦ ਵਿਅਕਤੀਆਂ ਨੇ ਕੌਂਸਲਖਾਨੇ ਦੀ ਰਿਹਾਇਸ਼ੀ ਇਮਾਰਤ ’ਤੇ ਹਮਲਾ ਕੀਤਾ। ਕੌਂਸਲਖਾਨੇ ਵਿਚ ਸਥਾਨਕ ਅਫਗਾਨ ਮੁਲਾਜ਼ਮਾਂ ਤੋਂ ਇਲਾਵਾ 9 ਭਾਰਤੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਭਾਰਤੀ ਸੁਰੱਖਿਅਤ ਹਨ। ਭਾਰਤ-ਅਫਗਾਨਿਸਤਾਨ ਅਧਿਕਾਰੀਆਂ ਨੇ ਹੈਰਾਤ ਵਿਚ ਭਾਰਤੀ ਕੌਂਸਲਖਾਨ ’ਤੇ ਹਮਲੇ ਸਬੰਧੀ ਸੰਪਰਕ ਬਣਾਇਆ ਹੋਇਆ ਹੈ ਅਤੇ ਵਿਦੇਸ਼ ਸਕੱਤਰ ਸੁਜਾਤਾ ਸਿੰਘ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।