June 2, 2026 3:16 am

ਕੈਪਟਨ ਅਮਰਿੰਦਰ ਨੇ ਖੁੱਲ੍ਹਕੇ ਮੰਗਿਆ ਪ੍ਰਤਾਪ ਸਿੰਘ ਬਾਜਵਾ ਤੋਂ ਅਸਤੀਫਾ

Page-1_06 ਚੰਡੀਗੜ੍ਹ, 23 ਮਈ (ਪੀ.ਟੀ. ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰੋਂ ਐੱਮ.ਪੀ. ਕੈਪਟਨ ਅਮਰਿੰਦਰ ਸਿੰਘ ਹੁਣ ਖੁੱਲ੍ਹਕੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਵਿਰੁੱਧ ਆ ਖਲੋਤੇ ਹਨ। ਬੀਤੇ ਦਿਨੀਂ ਅਨੁਸ਼ਾਸਨੀ ਕਮੇਟੀ ਵਲੋਂ ਰਾਣਾ ਗੁਰਮੀਤ ਸੋਢੀ ਤੇ ਕੇਵਲ ਢਿਲੋਂ ਨੂੰ ਨੋਟਿਸ ਜਾਰੀ ਕਰਨ ਉਪਰੰਤ ਕੈਪਟਨ ਨੇ ਇਸ ਕਮੇਟੀ ਦੇ ਚੇਅਰਮੈਨ ਜੀ ਕੇ ਚਤਰਥ ਨੂੰ ਕਠਪੁਤਲੀ ਗਰਦਾਨਦਿਆਂ ਜਿਥੇ ਆਪਣਾ ਦਿਮਾਗ ਵਰਤਣ ਦੀ ਸਲਾਹ ਦੇ ਛੱਡੀ ਹੈ, ਉਥੇ ਪ੍ਰਤਾਪ ਬਾਜਵਾ ਨੂੰ ਵੀ ਕਿਹਾ ਹੈ ਕਿ ਉਹ ਕਾਂਗਰਸ ਦੀ ਪ੍ਰੰਪਰਾ ਅਨੁਸਾਰ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਅਸਤੀਫਾ ਦੇਣ। ਇਥੇ ਜਾਰੀ ਬਿਆਨ ’ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਰਾਣਾ ਸੋਢੀ ਤੇ ਕੇਵਲ ਢਿਲੋਂ ਨੂੰ ਨੋਟਿਸ ਜਾਰੀ ਕਰਕੇ ਸੂਬਾ ਕਾਂਗਰਸ ਲੀਡਰਸ਼ਿਪ

ਪਾਰਟੀ ਵਰਕਰਾਂ ਤੇ ਆਗੂਆਂ ਦੀਆਂ ਭਾਵਨਾਵਾਂ ਨੂੰ ਦੱਬਣਾ ਚਾਹੁੰਦੀ ਹੈ ਤੇ ਉਹ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਕੈਪਟਨ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਪ੍ਰਦੇਸ਼ ਕਾਂਗਰਸ ਲੀਡਰਸ਼ਿਪ (ਬਾਜਵਾ) ਦੀ ਅਗਵਾਈ ’ਚ ਰਾਣਾ ਸੋਢੀ ਦੇ ਕੇਵਲ ਢਿਲੋਂ ਨੂੰ ਜਿਸ ਤਰਾਂ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਆਮ ਪਾਰਟੀ ਵਰਕਰਾਂ ਤੇ ਆਗੂਆਂ ਦੀਆਂ ਭਾਵਨਾਵਾਂ ਨੂੰ ਦੱਬਣ ਦੀ ਨਿਰਾਸ਼ਾਪੂਰਨ ਕਾਰਵਾਈ ਹੈ। ਕਾਂਗਰਸ ਇਕ ਲੋਕਤਾਂਤਰਿਕ ਪਾਰਟੀ ਹੈ ਤੇ ਇਥੇ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਅਜਿਹੀ ਅਨੁਸ਼ਾਸਨਾਤਮਕ ਕਮੇਟੀ ਦੇ ਚੇਅਰਮੈਨ ਕਿਸ ਦੁਨੀਆ ’ਚ ਰਹਿੰਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਪਣਾ ਦਿਮਾਗ ਵਰਤਣ ਦੀ ਬਜਾਏ ਸਿਰਫ ਆਦੇਸ਼ਾਂ ਦੀ ਕਠਪੁਤਲੀ ਬਣ ਚੁੱਕੇ ਪ੍ਰਤੀਤ ਹੁੰਦੇ ਹਨ। ਜਦਕਿ 22 ਹੋਰਨਾਂ ਵਿਧਾਇਕਾਂ ਦੀ ਤਰ੍ਹਾਂ ਇਨ੍ਹਾਂ ਵਿਧਾਇਕਾਂ ਤੇ ਹੋਰਨਾਂ ਆਗੂਆਂ ਨੇ ਸਿਰਫ ਪਾਰਟੀ ’ਚ ਪ੍ਰਚਲਿਤ ਭਾਵਨਾਵਾਂ ਨੂੰ ਸਾਹਮਣੇ ਰੱਖਿਆ ਹੈ, ਜਿਸਨੂੰ ਅਨੁਸ਼ਾਸਨਹੀਣਤਾ ਨਹੀਂ ਠਹਿਰਾਇਆ ਜਾ ਸਕਦਾ।
ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਸੋਢੀ, ਢਿਲੋਂ ਤੇ ਹੋਰਨਾਂ 22 ਵਿਧਾਇਕਾਂ ਦੀ ਮੰਗ ਦਾ ਸਮਰਥਨ ਕਰਦਿਆਂ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਕਾਂਗਰਸ ਦਾ ਪ੍ਰੰਪਰਾ ਹੈ ਕਿ ਹਾਰ ਤੋਂ ਬਾਅਦ ਪਾਰਟੀ ਦੀ ਅਗਵਾਈ ਕਰਨ ਵਾਲਾ ਆਪਣਾ ਅਸਤੀਫਾ ਦੇ ਦਿੰਦਾ ਹੈ ਤੇ ਇਹ ਪਾਰਟੀ ਹਾਈ ਕਮਾਂਡ ਦਾ ਅਧਿਕਾਰ ਹੈ ਕਿ ਉਹ ਇਸਨੂੰ ਮਨਜ਼ੂਰ ਕਰੇ ਜਾਂ ਫਿਰ ਨਹੀਂ।
ਉਨ੍ਹਾਂ ਨੇ 2012 ’ਚ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਇਸੇ ਤਰ੍ਹਾਂ, ਰਾਜਸਥਾਨ ’ਚ ਅਸ਼ੋਕ ਗਹਿਲੋਤ ਤੇ ਅਸਮ ’ਚ ਤਰੁਨ ਗਗੋਈ ਨੇ ਨੈਤਿਕ ਜ਼ਿੰਮੇਵਾਰੀ ਲਈ ਹੈ। ਬਾਜਵਾ ਕਿਉਂ ਕੁਰਸੀ ਨਾਲ ਚਿਪਕੇ ਹੋਏ ਹਨ ਤੇ ਜਦੋਂ ਉਨ੍ਹਾਂ ਨੂੰ ਕਾਂਗਰਸ ਦੀ ਰਸਮ ਬਾਰੇ ਯਾਦ ਦਿਲਾਇਆ ਗਿਆ, ਇਨ੍ਹਾਂ ਨੇ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਨੂੰ ਅਪਣੀ ਢਾਲ ਬਣਾ ਲਿਆ ਹੈ।
ਸਾਬਕਾ ਮੁੱਖ ਮੰਤਰੀ ਨੇ ਇਹ ਸੱਭ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜਦੋਂ 24 ਚੁਣੇ ਹੋ।  ਜਨ ਪ੍ਰਤੀਨਿਧੀ ਇਕੱਠੇ ਹੋ ਕੇ, ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਅਹੁਦੇਦਾਰ ਜਿਨ੍ਹਾਂ ’ਚੋਂ ਕਈ ਬਾਜਵਾ ਤੋਂ ਵੀ ਸੀਨੀਅਰ ਹਨ, ਜ਼ਿਲ੍ਹਾ ਪ੍ਰਧਾਨ ਤੇ ਆਮ ਵਰਕਰ ਕੁਝ ਮੰਗ ਕਰ ਰਹੇ ਹਨ, ਤਾਂ ਪਾਰਟੀ ਇਸ ਤੋਂ ਨਹੀਂ ਭੱਜ ਸਕਦੀ ਹੈ। ਸਾਨੂੰ ਪਾਰਟੀ ’ਚ ਪ੍ਰਚਲਿਤ ਭਾਵਨਾਵਾਂ ਪ੍ਰਤੀ ਆਪਣੀਆਂ ਅੱਖਾਂ ਨਹੀਂ ਬੰਦ ਕਰਨੀਆਂ ਚਾਹੀਦੀਆਂ ਅਤੇ ਤੁਰੰਤ ਉਚਿਤ ਕਦਮ ਚੁੱਕਣੇ ਚਾਹੀਦੇ ਹਨ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।

Send this to a friend