ਸਮਰਾਲਾ, 2 ਅਕਤੂਬਰ (ਕਮਲਜੀਤ)- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਵੱਲੋਂ ਨਸ਼ਾ ਸਮਗਲਿੰਗ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੱਜ ਸਥਾਨਕ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਦੋ ਹੈਰੋਈਨ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 40 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਇਸ ਹੈਰੋਈਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ 40 ਲੱਖ ਰੁਪਏ ਕੀਮਤ ਦੱਸੀ ਜਾਂਦੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਇਨ੍ਹਾਂ ਦੋਵੇਂ ਤਸਕਰਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਲਾਕੇ ‘ਚ ਫ਼ੈਲੇ ਹੈਰੋਈਨ ਤਸਕਰ ਨੈਟਵਰਕ ਨਾਲ ਜੁੜੇ ਕਈ ਅਹਿਮ ਸੁਰਾਗਾਂ ਦਾ ਖੁਲਾਸਾ ਹੋਇਆ ਹੈ। ਡੀ.ਐੱਸ.ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਐੱਚ.ਓ. ਸਿਕੰਦਰ ਸਿੰਘ ਦੀਆਂ ਹਦਾਇਤਾਂ ‘ਤੇ ਅੱਜ ਪੁਲਿਸ ਪਾਰਟੀ ਨੇ ਪਿੰਡ ਸੇਹ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਸਫ਼ੇਦ ਰੰਗ ਦੀ ਆਈ 20 ਕਾਰ ਆਉਂਦੀ ਵਿਖਾਈ ਦਿੱਤੀ। ਪੁਲਸ ਨੇ ਇਸ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਾਲਕ ਤੇਜ਼ ਰਫ਼ਤਾਰੀ ਨਾਲ ਗੱਡੀ ਭਜਾ ਕੇ ਲੈ ਗਿਆ। ਭੱਜਣ ਦੀ ਕੋਸ਼ਿਸ਼ ਵਿੱਚ ਇਹ ਕਾਰ ਥੋੜੀ ਦੂਰ ਜਾ ਕੇ ਝੋਨੇ ਦੇ ਖੇਤਾਂ ਵਿੱਚ ਫ਼ਸ ਗਈ ਅਤੇ ਪੁਲਸ ਪਾਰਟੀ ਨੇ ਕਾਰ ‘ਚ ਸਵਾਰ ਦੋਵੇਂ ਵਿਅਕਤੀਆਂ ਨੂੰ ਦਬੋਚ ਲਿਆ। ਇਨ੍ਹਾਂ ਦੀ ਤਲਾਸ਼ੀ ਦੌਰਾਨ ਪੁਲਸ ਨੂੰ 40 ਗ੍ਰਾਮ ਹੈਰੋਈਨ ਬਰਾਮਦ ਹੋਈ, ਜੋ ਕਿ ਇਨ੍ਹਾਂ ਨੇ ਆਪਣੇ ਕੱਪੜਿਆਂ ਵਿੱਚ ਲੁਕੋ ਕੇ ਰੱਖੀ ਹੋਈ ਸੀ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਤਸਕਰ ਜਿਨ੍ਹਾਂ ਦੀ ਪਹਿਚਾਣ ਸਿਮਰਦੀਪ ਸਿੰਘ ਅਤੇ ਹਰਿੰਦਰ ਸਿੰਘ ਵਾਸੀਆਨ ਪਿੰਡ ਚਾਵਾ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਫ਼ੜ੍ਹੇ ਗਏ ਇਹ ਦੋਵੇਂ ਤਸਕਰ ਇਲਾਕੇ ਵਿੱਚ ਵੱਡੇ ਪੱਧਰ ‘ਚ ਹੈਰੋਈਨ ਸਪਲਾਈ ਦਾ ਧੰਦਾ ਕਰਦੇ ਸਨ। ਪੁਲਸ ਨੇ ਇਨ੍ਹਾਂ ਦੋਵਾਂ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਓਧਰ ਪੁਲਸ ਸੂਤਰਾਂ ਮੁਤਾਬਕ ਮੁੱਢਲੀ ਪੁੱਛਗਿੱਛ ‘ਚ ਇਨ੍ਹਾਂ ਦੋਵਾਂ ਤਸਕਰਾਂ ਨੇ ਇਲਾਕੇ ਵਿੱਚ ਫ਼ੈਲੇ ਨਸ਼ਾ ਤਸਕਰੀ ਦੇ ਨੈਟਵਰਕ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ ਅਤੇ ਪੁਲਸ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਹੋਰ ਬਰਾਮਦਗੀ ਵਿੱਚ ਜੁਟ ਗਈ ਹੈ।