ਚੰਡੀਗੜ੍ਹ, 21 ਮਈ (ਪੀ.ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਦੇ ਅਨੁਸਾਰ ਰਾਜ ਦੇ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਈ ਵੀ ਕਿਸਾਨ ਗੈਰ-ਬਾਸਮਤੀ ਕਿਸਮ ਦਾ ਝੋਨਾ 15 ਜੂਨ ਤੋਂ ਪਹਿਲਾਂ ਅਤੇ ਬਾਸਮਤੀ ਕਿਸਮ ਦਾ ਝੋਨਾ 5 ਜੁਲਾਈ ਤੋਂ ਪਹਿਲਾਂ ਨਹੀਂ ਲਾ ਸਕੇਗਾ। ਬੁਲਾਰੇ ਅਨੁਸਾਰ ਇਹ ਫੈਸਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਹੋਰ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ
ਵਿਕਾਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਰਾਜ ਦੇ ਖੇਤਰੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ।ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ‘ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ-ਸੋਇਲ ਵਾਟਰ ਐਕਟ’ 2009 ਵਿੱਚ ਪਾਸ ਕੀਤਾ ਸੀ ਜਿਸ ਅਨੁਸਾਰ ਝੋਨੇ ਦੀ ਲਵਾਈ 10 ਜੂਨ ਤੋਂ ਨਿਰਧਾਰਤ ਕੀਤੀ ਗਈ ਸੀ ਇਸ ਦਾ ਉਦੇਸ਼ ਪਾਣੀ ਜਿਹੇ ਮਹੱਤਵਪੂਰਣ ਕੁਦਰਤੀ ਸਰੋਤ ਨੂੰ ਬਚਾਉਣਾ ਸੀ। ਇਸ ਕਦਮ ਨਾਲ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਹੇਠਾਂ ਜਾਣ ਦੀ ਰਫਤਾਰ ਨੂੰ ਰੋਕਿਆ ਗਿਆ। ਇਸ ਦਿਸ਼ਾ ਵੱਲ ਹੋਰ ਕਦਮ ਪੁੱਟਦੇ ਹੋਏ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰਾਜ ਸਰਕਾਰ ਨੇ ਝੋਨੇ ਦੀ ਲਵਾਈ ਹੋਰ 5 ਦਿਨਾਂ ਲਈ ਪਿੱਛੇ ਪਾਈ ਹੈ ਅਤੇ ਹੁਣ ਇਹ ਤਰੀਕ 10 ਜੂਨ ਦੀ ਥਾਂ 15 ਜੂਨ ਨਿਰਧਾਰਤ ਕੀਤੀ ਗਈ ਹੈ।