ਪਟਨਾ, 19 ਮਈ (ਪੀ.ਟੀ.)- ਬਿਹਾਰ ’ਚ ਸੱਤਾਧਾਰੀ ਜਨਤਾ ਦਲ (ਯੂਨਾਈਟਿਡ) ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਨਾਲ ਕੋਈ ਗਠਜੋੜ ਨਹੀਂ ਕਰੇਗੀ। ਪਟਨਾ ’ਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਰਾਜਦ ਨਾਲ ਜਾਣ ਦਾ ਕੋਈ ਸਵਾਲ ਹੀ ਨਹੀਂ ਹੈ ਤੇ ਨਾ ਹੀ ਕਿਸੇ ਨਾਲ ਇਸ ਸਬੰਧੀ ਕੋਈ ਗੱਲ ਹੋਈ ਹੈ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਵੀ ਕੱਲ੍ਹ ਇਸ ਤਰ੍ਹਾਂ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ। ਸ੍ਰੀ ਯਾਦਵ ਨੇ ਨਿਤਿਸ਼ ਕੁਮਾਰ ਦੇ ਅਸਤੀਫੇ ਬਾਰੇ ਕਿਹਾ ਕਿ ਇਹ ਫੈਸਲਾ ਦੇਸ਼ ਹਿੱਤ ਤੇ ਪਾਰਟੀ ਦੇ ਹਿੱਤ ’ਚ ਹੈ। ਅੱਜ ਵਾਸਤਵ ’ਚ ਅੰਤਿਮ ਫੈਸਲਾ ਹੋਵੇਗਾ। ਇਸ ਫੈਸਲੇ ਦੇ ਬਾਅਦ ਵਿਧਾਇਕਾਂ ਦੇ ਮਨਾਂ ’ਚ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਸਨ ਜਿਨ੍ਹਾਂ ਨੂੰ
ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਨਤੰਤ੍ਰਿਕ ਗਠਜੋੜ ਤੋਂ ਵੱਖ ਹੋਣ ਦਾ ਫੈਸਲਾ ਪਹਿਲਾ ਕਦਮ ਸੀ ਜਦਕਿ ਇਹ ਦੂਸਰਾ ਕਦਮ ਹੈ। ਨਵੇਂ ਮੁੱਖ ਮੰਤਰੀ ਦੇ ਵਿਸ਼ੇ ’ਚ ਉਨ੍ਹਾਂ ਕਿਹਾ ਕਿ ਵਿਧਾਇਕ ਦਲ ਦੀ ਬੈਠਕ ’ਚ ਸਭ ਕੁਝ ਤੈਅ ਹੋ ਜਾਵੇਗਾ।