ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 10 ਗੁਰੂ ਸਾਹਿਬਾਨ ਨੂੰ ਅਸੀਂ ‘ਪਾਤਸ਼ਾਹ’ ਕਹਿੰਦੇ ਹਾਂ। ‘ਮਹਾਰਾਜ’ ਦੇ ਨਾਂ ਨਾਲ ਵੀ ਉਹ ਸਾਡੀਆਂ ਯਾਦਾਂ ਵਿਚ ਸ਼ਾਮਲ ਹਨ ਜਿਸ ਦਾ ਮਤਲਬ ਹੈ ਮਹਾਨ ਰਾਜਾਂ ਜਾਂ ਮਹਾਨ ਬਾਦਸ਼ਾਹ।
ਦਸਮ ਪਾਤਸ਼ਾਹ ਦੇ ਅਤਿ ਪਿਆਰੇ ਸਿੱਖ ਭਾਈ ਨੰਦ ਲਾਲ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਪਹਿਲਾਂ ਬਾਦਸ਼ਾਹ ਤੇ ਫਿਰ ਦਰਵੇਸ਼ ਆਖਿਆ (ਬਾਦਸ਼ਾਹ-ਦਰਵੇਸ਼ ਗੁਰੂ ਗੋਬਿੰਦ ਸਿੰਘ) ਦੂਜੇ ਸ਼ਬਦਾਂ ਵਿੱਚ ਬਾਦਸ਼ਾਹ ਦਰਵੇਸ਼ੀ ਨੂੰ ਨਾਲ ਲੈ ਕੇ ਇਸ ਧਰਤੀ ਉਤੇ ਉਤਰਿਆ ਹੈ। ਬਾਦਸ਼ਾਹੀ ਤੇ ਦਰਵੇਸ਼ੀ ਦੇ ਕਰਮ ਗੁਰੂ ਸਾਹਿਬਾਨ ਦੇ ਨਾਲ-ਨਾਲ ਸਫਰ ਕਰਦੇ ਹਨ। ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਕਿਹੜਾ ਪੱਖ ਕਿਸ ਸਮੇਂ ਰੌਸ਼ਨ ਕਰਨਾ ਹੈ ਅਤੇ ਕਿਸ ਸਮੇਂ ਓਹਲ੍ਹੇ ਵਿਚ ਰੱਖਣਾ ਹੈ।
ਗੁਰੂ ਗ੍ਰੰਥ ਸਾਹਿਬ ਨੂੰ ਦਸ ਪਾਤਸ਼ਾਹੀਆ ਦੀ ਆਤਮਿਕ ਜੋਤ ਵੀ ਕਿਹਾ ਗਿਆ ਹੈ ਅਤੇ ਇਹ ਸ਼ਬਦ ਖਾਲਸਾ ਪੰਥ ਦੀ ਰੋਜ਼ਾਨਾ ਅਰਦਾਸ ਦਾ ਅਟੁੱਟ ਹਿੱਸਾ ਬਣ ਗਏ ਹਨ, ਇਕ ਕਦੇ ਵੀ ਨਾ ਭੁੱਲਣ ਵਾਲੀ ਅਭੁੱਲ ਯਾਦਗਾਰ ਬਣ ਗਏ ਹਨ। ਦੂਜੇ ਸ਼ਬਦਾਂ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ ਤਾਂ ਸੁਭਾਵਿਕ ਹੀ ਇਸ ਜੋਤ ਵਿਚ ‘ਪਾਤਸ਼ਾਹੀ’ ਦਾ ਕੋਈ ਨਾ ਕੋਈ ਪੈਗਾਮ ਘੁਲਿਆ ਮਿਲਿਆ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਨੂੰ ‘ਸੱਚਾ ਪਾਤਸ਼ਾਹ’, ‘ਸ਼ਾਹਾਂ ਦੇ ਸ਼ਾਹ’ ਤੇ ‘ਸੱਜਣ’ ਵੀ ਕਿਹਾ ਗਿਆ ਹੈ। ਇਸੇ ਸੁਨੇਹੇ ਨੂੰ ਅਸੀਂ ਵਰਤਮਾਨ ਮੁਹਾਵਰੇ ਵਿਚ ਰਾਜਨੀਤਕ ਪੈਗਾਮ ਵੀ ਕਹਿ ਸਕਦੇ ਹਾਂ। ਜੇ ਰਾਜਨੀਤਕ ਵਿਗਿਆਨ ਦੀਆਂ ਬਾਰੀਕੀਆਂ ਵਿਚ ਪੈਣਾ ਹੈ ਤਾਂ ਅਸੀਂ ਇਹ ਵੀ ਆਖ ਸਕਦੇ ਹਾਂ ਕਿ ਗੁਰੂ ਗੰ੍ਰਥ ਸਾਹਿਬ ਵਿਚ ‘ਸਟੇਟ’ ਦਾ ਕੋਈ ਨਾ ਕੋਈ ਸੰਕਲਪ ਪਿਆ ਹੈ- ਜੋ ਦਾਰਸ਼ਨਿਕ ਵੀ ਹੈ, ਰੂਹਾਨੀ ਵੀ ਹੈ, ਦੁਨਿਆਵੀ ਵੀ ਹੈ ਅਤੇ ਇਨ੍ਹਾਂ ਤਿੰਨਾਂ ਦਾ ਕੋਈ ਅਚਰਜ ਜਾਂ ਵਿਸਮਾਦੀ ਸੁਮੇਲ ਵੀ ਹੈ।
‘ਸਟੇਟ’ ਬਿਨਾਂ ਸ਼ੱਕ ਗੁਰੂ ਗ੍ਰੰਥ ਸਾਹਿਬ ਵਿਚ ਨਿਹਤ ਹੈ। ਇਸ ਦਾ ਮਤਲਬ ਇਹ ਹੈ ਕਿ ਸਟੇਟ ਦੀ ਸਿਰਜਣਾ ਕਰਨੀ ਖਾਲਸੇ ਦਾ ਧਰਮ ਹੈ, ਖਾਲਸੇ ਲਈ ਗੁਰੂ ਹੁਕਮ ਹੈ। ‘ਰਾਜ ਕਰੇਗਾ ਖਾਲਸਾ’ ਦੀ ਰੀਝ ਤੇ ਭਵਿੱਖਬਾਣੀ ਗੁਰੂ ਗ੍ਰੰਥ ਸਾਹਿਬ ਦਾ ਵਰ ਹੈ।
‘ਸਟੇਟ’ ਦੀ ਰੂਪ ਰੇਖਾ ਇਹੋ ਜਿਹੀ ਹੋਵੇ? ਇਸ ਦੀ ਰੂਪ ਰੇਖਾ ਤੇ ਨੁਹਾਰ ਇਤਿਹਾਸ ਵਿਚ ਕਿਸ ਤਰ੍ਹਾਂ ਦੀ ਰਹੀ ਹੈ? ਇਤਿਹਾਸ ਵਿਚ ਵਿਚਰਦਿਆਂ ਖਾਲਸੇ ਕੋਲੋਂ ਕਿਹੜੀਆਂ ਗਲਤੀਆਂ ਹੋਈਆਂ ਹਨ? ਉਹ ਕਦੋਂ-ਕਦੋਂ ਗੁਰੂ-ਲਿਵ ਦੇ ਨੇੜੇ ਨੇੜੇ ਰਿਹਾ ਤੇ ਕਦੋਂ-ਕਦੋਂ ਦੂਰ ਜਾ ਕੇ ਭਟਕਦਾ ਰਿਹਾ? ਹੁਣ ਇਹ ‘ਸਟੇਟ’ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਇਹ ਸਾਰੇ ਗੰਭੀਰ ਸਵਾਲ ਖਾਲਸਾ ਪੰਥ ਲਈ ਵਿਵੇਕ ਵਿਚਾਰ ਦਾ ਹਿੱਸਾ ਹਨ ਅਤੇ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਲਿਵ ਵਿਚ ਜੁੜ ਕੇ ਇਨ੍ਹਾਂ ਸਵਾਲਾਂ ਨੂੰ ਅੱਜੇ ਮੁਖਾਤਿਬ ਹੋਣਾ ਹੈ। ਜੇ ਉਹ ਮੁਖਾਤਿਬ ਨਹੀਂ ਹੁੰਦਾ ਜਿਵੇਂ ਕਿ ਅੱਜ ਉਸ ਦੀ ਹਾਲਤ ਹੈ ਤਾਂ ਉਹ ਗੁਰੂ ਗੰ੍ਰਥ ਸਾਹਿਬ ਦੇ ਰਾਜਨੀਤਕ ਪੈਗਾਮ ਦੀਆਂ ਸੂਖਮ ਪਰਤਾਂ ਦੇ ਦੀਦਾਰ ਨਹੀਂ ਕਰ ਸਕੇਗਾ ਅਤੇ ਨਾ ਹੀ ਗੁਰੂ ਗਰੰਥ ਸਾਹਿਬ ਵਿਚ ਪੇਸ਼ ਕੀਤੇ ‘ਤੀਜੇ ਰਾਹ’ ਦੇ ਡੂੰਘੇ ਰਾਜ਼ ਉਸ ਨੂੰ ਸਮਝ ਪੈ ਸਕਣਗੇ। ਅੱਜ ਹਾਲਤ ਇਹ ਹੈ ਕਿ ‘ਬੇਗਾਨੀ ਰਾਜਨੀਤੀ’ ਦੇ ਰੰਗ ਤਮਾਸ਼ਿਆਂ ਨੇ ਉਸ ਨੂੰ ਪੂਰੀ ਤਰ੍ਹਾਂ ਜਕੜ ਕੇ ਰੱਖਿਆ ਹੋਇਆ ਹੈ। ਇਹ ਨਾਗ ਵਲ ਉਸ ਦਾ ਖਹਿੜਾ ਨਹੀਂ ਛੱਡਦਾ।
ਰਾਜਸੀ ਪੈਗ਼ਾਮ ਦੀਆਂ ਬਾਰੀਕ ਤੇ ਗੰਭੀਰ ਪਰਤਾਂ ਦੀ ਉਹ ਜਾਣਕਾਰੀ ਕਦੇ ਵੀ ਨਹੀਂ ਦਿੱਤੀ ਗਈ ਜੋ ਨਿਆਰੀ ਹੋਏ, ਜੋ ਵਿਲੱਖਣ ਹੋਵੇ, ਜੋ ਗੁਰੂ ਸਾਹਿਬਾਨ ਦੇ ਜੀਵਨ-ਦਰਸ਼ਨ ਉਤੇ ਆਧਾਰਿਤ ਹੋਵੇ ਤੇ ਜਿਸ ਦੇ ਖਾਲਸ ਤੱਤਾਂ ਨੂੰ ਵਰਤਮਾਨ ਦੌਰ ਦੀ ਰੋਸ਼ਨੀ ਤੇ ਮੁਹਾਰਵੇ ਵਿਚ ਪੇਸ਼ ਵੀ ਕੀਤਾ ਜਾਏ। ਇਹ ਔਖਾ, ਗੁੰਝਲਦਾਰ ਪਰ ਅਤੀ ਮਹੱਤਵਪੂਰਨ ਕਾਰਜ 1999 ਵਿਚ ਖਾਲਸੇ ਦੇ ਤੀਜੇ ਸਾਜਨਾ ਦਿਵਸ ਦੇ ਮੌਕੇ ’ਤੇ ਵੀ ਸਿਰੇ ਨਹੀਂ ਸੀ ਚਾੜ੍ਹਿਆ ਗਿਆ। ਇਹੋ ਕਾਰਨ ਹੈ ਕਿ ਖਾਲਸੇ ਦੀ ਰਾਜਨੀਤਕ ਚੇਤਨਾ ਜਰਖੇਜ਼ ਨਹੀਂ ਬਣ ਸਕੀ। ਇਸ ਦੀ ਸਰਸਬਜ਼ ਨੁਹਾਰ ਅਤੇ ਤਾਜ਼ਗੀ ਦੇ ਵੰਨ-ਸੁਵੰਨੇ ਰੂਪਾਂ ਉਤੇ ਚਰਚਾ ਕਰਨ ਲਈ ਸਿੱਖ ਵਿਦਵਾਨਾਂ ਦੀ ਓ¦ਪਿਕ ਨੇ ਅਜੇ ਜੁੜਨਾ ਹੈ। ਜੇ ਸਿੱਖ ਪੰਥ ਦਾ ਆਪਣਾ ਰਾਜਨੀਤਕ ਅਖਾੜਾ ਹੀ ਨਹੀਂ ਤਾਂ ਸੁਭਾਵਿਕ ਹੀ ਰਾਜਸੀ ਭਲਵਾਨਾਂ ਦੀ ਰਾਜਨੀਤੀ ਤੇ ਰਣਨੀਤੀ ਵਿਚ ਮੌਲਿਕਤਾ ਨਹੀਂ ਹੋਵੇਗੀ। ਉਨ੍ਹਾਂ ਕੋਲ ਆਪਣਾ ਅਜਿਹਾ ਕੁਝ ਵੀ ਨਹੀਂ ਹੋਏਗਾ ਜਿਸ ਵਿਚੋਂ ਗੁਰੂ-ਰਾਜਨੀਤੀ ਦੇ ਇਹੋ ਜਿਹੇ ਸੁੱਚੇ ਨਜ਼ਾਰਿਆਂ ਦੀ ਝਲਕ ਮਿਲੇ ਕਿ ਦੁਨੀਆਂ ਦੇ ਹੋਰ ਰਾਜਨੀਤਕ-ਦਰਸ਼ਨ ਵੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਹਾਸਲ ਕਰ ਸਕਣ।
ਸੱਚ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਰਾਜਨੀਤਕ ਪੈਗਾਮ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਈ ਸੀ। ਜਦੋਂ ਗੁਰੂ ਨਾਨਕ ਸਾਹਿਬ ਸਮਾਜ ਵਿਚ ਨੀਚ ਕਹੇ ਜਾਂਦੇ ਲੋਕਾਂ ਨਾਲ ਖਲੋਂਦੇ ਹਨ, ਜਦੋਂ ਰਾਜਿਆਂ ਨੂੰ ਸੀਂਹ ਤੇ ਮੁਕੱਦਮਾਂ ਨੂੰ ਕੁੱਤੇ ਕਹਿਣ ਦਾ ਹੌਸਲਾ ਕਰਦੇ ਹਨ ਤੇ ਜਦੋਂ ਆਪਣੇ ਸਿੱਖਾਂ ਨੂੰ ਬੇਰਹਿਮ ਤੇ ਜ਼ਾਲਮਾਨਾ ਹਾਲਾਤਾਂ ਨਾਲ ਟੱਕਰ ਲੈਣ ਲਈ ਸਿਰ ਤਲੀ ਉਤੇ ਰੱਖ ਕੇ ਆਉਣ ਦੀ ਸੱਦ ਲਾ ਰਹੇ ਹਨ ਤਾਂ ਕੀ ਉਹ ਭਵਿੱਖ ਦੇ ਕਿਸੇ ਮਹਾਨ ਰਾਜਨੀਤਕ ਬਦਲ ਦੇ ਨਕਸ਼ ਨਹੀਂ ਸੀ ਉਲੀਕ ਰਹੇ? ਇਸੇ ਤਰ੍ਹਾਂ ਭਗਤ ਰਵਿਦਾਸ ਜੀ ਜਦੋਂ ਕਿਸੇ ‘ਬੇਗਮਪੁਰਾ ਸ਼ਹਿਰ’ ਵਸਾਉਣ ਦਾ ਨਾਂ ਲੈ ਰਹੇ ਹਨ ਤਾਂ ਉਹ ਇਕ ਅਜਿਹੇ ਰਾਜ ਦਾ ਸੁਪਨਾ ਸਿਰਜ ਰਹੇ ਹਨ ਜਿਥੇ ਇਕ ਮੁਕੰਮਲ ਇਨਸਾਨ ਦੀ ਘਾੜਤ ਘੜੀ ਜਾ ਸਕੇ। ਇਸੇ ਤਰ੍ਹਾਂ ਭਗਤ ਕਬੀਰ ਜੀ ਤੇ ਭਗਤ ਪੰਨਾ ਜੀ ਵੀ ਇਕ ਚੰਗੇਰੇ ਜੀਵਨ ਲਈ ਮਨੁੱਖ ਨੂੰ ਇਤਿਹਾਸ ਵਿਚ ਮਾਰਚ ਕਰਦੇ ਹੋਏ ਦੇਖਣਾ ਚਾਹੁੰਦੇ ਹਨ। ਇਉਂ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਭਗਤਾਂ ਨੂੰ ਖਾਲਸੇ ਦੇ ਪ੍ਰਗਟ ਹੋਣ ਦੀਆਂ ਕਨਸੋਆਂ ਮਿਲ ਰਹੀਆਂ ਹਨ।
ਅਸਲ ਵਿਚ ਅਸੀਂ ਗੁਰਬਾਣੀ ਦੇ ਰਾਜਨੀਤਕ ਪੈਗ਼ਾਮ ਨੂੰ ਨੀਝ ਲਾ ਕੇ ਬਹੁਤ ਘੱਟ ਵੇਖਿਆ ਹੈ। ਇਸੇ ਲਈ ਸਿੱਖ-ਰਾਜਨੀਤੀ ਦੇ ਨਕਸ਼ ਕਦੇ ਵੀ ਨਿੱਖਰ ਕੇ ਸਾਡੇ ਸਾਹਮਣੇ ਨਹੀਂ ਆ ਸਕੇ। ਜਦੋਂ ਗੁਰੂ ਅੰਗਦ ਦੇਵ ਜੀ ¦ਗਰ ਦੀ ਪ੍ਰਥਾ ਸ਼ੁਰੂ ਕਰ ਰਹੇ ਸਨ ਤਾਂ ਉਹ ਅਸਲ ਵਿਚ ਊਚ ਨੀਚ ਦੀ ਭਾਵਨਾ ਖਤਮ ਕਰਨ ਲਈ ਇਕ ਮਹਾਨ ਸੰਸਥਾਂ ਦੀ ਹੀ ਸਿਰਜਣਾ ਕਰ ਰਹੇ ਸਨ ਜੋ ਅੱਗੋਂ ਜਾ ਕੇ ਰਾਜਨੀਤਕ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸਹਾਇਕ ਬਣੀ। ਪੰਜਾਬੀ ਬੋਲੀ ਲਈ ਇਕ ਨੇਮਬੱਧ ਲਿੱਪੀ ਦੀ ਸਿਰਜਣਾ ਕਰਨ ਦੀ ਯੋਜਨਾ ਵੀ ਕੀ ਇਕ ਸੁਤੰਤਰ ਰਾਜਨੀਤਕ ਸਭਿਆਚਾਰ ਕਾਇਮ ਕਰਨ ਦਾ ਰਾਹ ਪੱਧਰਾ ਨਹੀਂ ਸੀ ਕਰਦੀ? ਅੱਗੇ ਜਾ ਕੇ ਅਸਾਂ ਵੇਖਿਆ ਕਿ ਇਹੋ ਲਿਪੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦਾ ਆਧਾਰ ਬਣੀ। ਇਸ ਤਰ੍ਹਾਂ ਮਨੁੱਖ ਦੀ ਤਰਜ਼ੇ-ਜ਼ਿੰਦਗੀ ਨੂੰ ਸਿਧਾਂਤਕ ਆਧਾਰ ਦੇਣ ਦਾ ਇਕ ਗ੍ਰੰਥ ਪੈਦਾ ਹੋ ਗਿਆ ਜਿਸ ਨੇ ਰਾਜਨੀਤਕ ਸੋਧ ਦੇਣ ਵਿਚ ਇਕ ਅਹਿਮ ਰੋਲ ਅਦਾ ਕੀਤਾ। ਖਾਲਸਾ ਪੰਥ ਨੂੰ ਗੁਰੂ ਗੰ੍ਰਥ ਸਾਹਿਬ ਦੇ ਅਧੀਨ ਕਰਨ ਦਾ ਮਤਲਬ ਵੀ ਇਹੋ ਸੀ ਕਿ ਭਵਿੱਖ ਵਿੱਚ ਖਾਲਸਾ ਪੰਥ ਦੇ ਤਮਾਮ ਸਮਾਜਿਕ, ਆਰਥਿਕ, ਸਭਿਆਚਾਰਕ ਤੇ ਰਾਜਨੀਤਕ ਏਜੰਡੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਅਗਵਾਈ ਹਾਸਲ ਕਰਨਗੇ।
ਸਿੱਖ ਕੌਮ ਦੇ ਵਿਦਵਾਨਾਂ ਦਾ ਇਕ ਵੱਡਾ ਦੁਖਾਂਤ ਇਹ ਹੈ ਕਿ ਉਹ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਰਾਜਨੀਤਕ ਸੰਦੇਸ਼ ਦੀ ਵਿਲੱਖਣਤਾ ਬਾਰੇ ਕੁਝ ਦੱਸਣ ਲੱਗਦੇ ਹਨ ਤਾਂ ਉਹ ਬਹੁਗਿਣਤੀ ਵੱਲੋਂ ਪ੍ਰਚਾਰੇ ਜਾ ਰਹੇ ਮੌਜੂਦਾ ਰਾਜਨੀਤਕ ਢਾਂਚੇ ਦੇ ਪ੍ਰਭਾਵ ਹੇਠ ਰਹਿ ਕੇ ਹੀ ਗੁਰੂ ਗ੍ਰੰਥ ਸਾਹਿਬ ਦੇ ਰਾਜਨੀਤਕ ਪੈਗਾਮ ਦੀ ਵਿਆਖਿਆ ਕਰਦੇ ਹਨ। ਉਹ ਨਿਰਭਉ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਰਾਜਨੀਤਕ ਪੈਗਾਮਾਂ ਦੀ ਰੂਪ ਰੇਖਾ ਨਿਸ਼ਚਿਤ ਨਹੀਂ ਕਰਦੇ। ਉਨ੍ਹਾਂ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਕੋਈ ਅਦਿੱਖ ਤਾਕਤ ਉਨ੍ਹਾਂ ਦੀ ਸਰਗਰਮੀਆਂ ਦਾ ਪਿੱਛਾ ਕਰ ਰਹੀ ਹੈ। ਇੰਝ ਸਿੱਖਾਂ ਦੀ ਨੌਜਵਾਨ ਪੀੜ੍ਹੀ ਨੂੰ ਰਾਜੀਨੀਤੀ ਦੀ ਸੁਤੰਤਰ ਹਸਤੀ ਬਾਰੇ ਵੀ ਗਿਆਨ ਹਾਸਲ ਨਹੀਂ ਹੁੰਦਾ।
ਝ ਕਰਮਜੀਤ ਸਿੰਘ