ਬਰਨਾਲਾ, 16 ਸਤੰਬਰ (ਅਵਤਾਰ ਸਿੰਘ ਕੌਲੀ)- ਪੰਜਾਬ ਟਾਈਮਜ਼ ਦੇ ਸਬ ਦਫ਼ਤਰ ਬਰਨਾਲਾ ਵਿਖੇ ਸਾਬਕਾ ਸ਼ੈਸਨ ਜੱਜ ਸ.ਕਰਨੈਲ ਸਿੰਘ ਪਹੁੰਚੇ, ਜੋ ਕਿ ਅੱਜ ਕੱਲ੍ਹ ਪੰਜਾਬ ਸਟੇਟ ਕੰਜ਼ਿਊਮਰ ਕਮਿਸ਼ਨ ਵਿਖੇ ਸੇਵਾ ਨਿਭਾ ਰਹੇ ਹਨ। ਜਿਨ੍ਹਾਂ ਦਾ ਪੰਜਾਬ ਟਾਈਮਜ਼ ਦੇ ਦਫ਼ਤਰ ਵਿੱਚ ਫ਼ੁੱਲਾਂ ਦੇ ਹਾਰ ਪਾ ਕੇ ਅਤੇ ਫ਼ੁੱਲਾਂ ਦੀ ਵਰਖ਼ਾ ਕਰਕੇ ਸਵਾਗਤ ਕੀਤਾ ਗਿਆ। ਤਕਰੀਬਨ ਦੋ ਘੰਟੇ ਦਫ਼ਤਰ ਵਿੱਚ ਤਰ੍ਹਾਂ ਤਰ੍ਹਾਂ ਦੇ ਮੁੱਦਿਆਂ ‘ਤੇ ਸਲਾਹ ਮਸ਼ਵਰੇ ਕੀਤੇ ਗਏ ਅਤੇ ਜੱਜ ਸਾਹਿਬ ਨੇ ਕਿਹਾ ਕਿ ਲੋਕਾਂ ਨੂੰ ਕਨੂੰਨ ਦਾ ਸਹਾਰਾ ਲੈਣਾ ਚਾਹੀਦਾ ਹੈ। ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੇ ਕਿਹਾ ਸਿੱਖ ਕੌਮ ਦੇ ਲੋਕ ਜ਼ਿਆਦਾ ਕਰਕੇ ਦੂਜੇ ਧਰਮਾਂ ਨੂੰ ਅਪਨਾਉਣ ਲੱਗੇ ਹਨ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਪੰਜ ਤਖ਼ਤਾਂ ਦੇ ਜੱਥੇਦਾਰਾਂ ਨੂੰ ਅਪੀਲ ਕੀਤੀ ਕਿ ਇਹ ਲੋਕ ਕਿਸ ਮਜ਼ਬੂਰੀ ਕਾਰਨ ਆਪਣਾ ਧਰਮ ਛੱਡ ਕੇ ਦੂਜੇ ਧਰਮਾਂ ਵਿੱਚ ਜਾ ਰਹੇ ਦਾ ਕਾਰਨ ਜਾਨਣਾ ਚਾਹੀਦਾ ਹੈ। ਤਾਂ ਜੋ ਕੌਮ ਤੋਂ ਬੇਮੁੱਖ ਹੋਏ ਵੀਰ ਵਾਪਸ ਦਸਵੇਂ ਪਾਤਸ਼ਾਹ ਦੀ ਦਿੱਤੀ ਦਾਤ ਸਿੱਖੀ ਨਾਲ ਜੁੜ ਜਾਣ ਅਤੇ ਨਸ਼ੇ ਕਾਰਨ ਸੜ ਗਲ ਰਹੀਆਂ ਜਵਾਨੀਆਂ ਨੂੰ ਕਿਹਾ ਕਿ ਇਹ ਨਸ਼ੇ ਤਿਆਗ ਕੇ ਆਪਣੇ ਮਾਂ-ਬਾਪ ਦੇ ਸਹਾਰਾ ਬਨਣ ਅਤੇ ਕਿਹਾ ਜੇਕਰ ਕਿਸੇ ਕਾਨੂੰਨੀ ਸਲਾਹ ਲੈਣੀ ਹੈ, ਜਦੋਂ ਮਰਜ਼ੀ ਮੇਰੇ ਕੋਲ ਆਉਣ ਸਾਰਿਆਂ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਸਤੋਂ ਬਾਅਦ ਪੰਜਾਬ ਟਾਈਮਜ਼ ਦੇ ਜ਼ਿਲ੍ਹਾ ਇੰਚਾਰਜ ਅਵਤਾਰ ਸਿੰਘ ਕੌਲੀ ਨੂੰ ਨਾਲ ਲੈ ਕੇ ਜੇਲ੍ਹ ਬਰਨਾਲਾ ਦੇ ਰੱਖੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ। ਉਥੇ ਪਹੁੰਚਣ ‘ਤੇ ਜੇਲ੍ਹ ਸੁਪਰਡੈਂਟ ਸ.ਬਲਵੀਰ ਸਿੰਘ ਭਰਵਾਂ ਸਵਾਗਤ ਕੀਤਾ ਅਤੇ ਸ.ਕਰਨੈਲ ਸਿੰਘ ਨੇ ਕੈਦੀਆਂ ਦਾ ਖੂਬ ਮਨ ਆਪਣੇ ਚੁਲਬੁਲੇ ਚੁਟਕਲਿਆਂ ਨਾਲ ਬਹਿਲਾਇਆ। ਕੈਦੀਆਂ ਦੇ ਚਿਹਰੇ ‘ਤੇ ਮੁਸਕਰਾਹਟ ਦੇਖੀ ਗਈ। ਕੈਦੀਆਂ ਨੂੰ ਇਹ ਕਿਹਾ ਕਿ ਮੁਜ਼ਰਮ ਨਹੀਂ ਹਾਲਾਤਾਂ ਦੇ ਸ਼ਿਕਾਰ ਹੋ ਇਸ ਕਰਕੇ ਤੁਹਾਨੂੰ ਸੁਧਾਰ ਘਰ ਰੱਖਿਆ ਹੈ। ਆਪਣੇ ਸਾਰੇ ਅਗੁਣ ਇੱਥੇ ਹੀ ਤਿਆਗ ਕੇ ਹੀ ਆਪਣੇ ਘਰ ਜਾਣਾ ਤਾਂ ਜੋ ਤੁਹਾਨੂੰ ਦੁਬਾਰਾ ਇੱਥੇ ਆਉਣ ਦੀ ਲੋੜ ਨਾ ਪਵੇ। ਪੰਜਾਬ ਟਾਈਮਜ਼ ਦੇ ਦਫ਼ਤਰ ਮੌਕੇ ‘ਤੇ ਜਗਤਾਰ ਸਿੰਘ, ਪ੍ਰਧਾਨ ਗੁਰਸੇਵਕ ਸਿੰਘ ਯੋਗੀ, ਚਮਕੌਰ ਸਿੰਘ ਗੱਗੀ, ਸੁਰਜੀਤ ਸਿੰਘ ਸੰਘੇੜਾ, ਬਾਬਾ ਰਾਜਵਿੰਦਰ ਸਿੰਘ ਟਿੱਬੇ ਵਾਲੇ, ਬਲਵਿੰਦਰ ਸਿੰਘ, ਸੰਦੀਪ ਸਿੰਘ ਹੋਰ ਕਈ ਸਖਸੀਅਤਾਂ ਹਾਜ਼ਰ ਸਨ।