ਅੱਗ ਦੀ ਲਪੇਟ ‘ਚ ਦੋ ਗੱਡੀਆਂ, 1 ਮੋਟਰਸਾਈਕਲ ਵੀ ਸੜ ਕੇ ਸੁਆਹ
ਖੰਨਾ, 14 ਸਤੰਬਰ- ਅੱਜ ਸਵੇਰੇ 3 ਵਜੇ ਸਮਰਾਲਾ ਰੋਡ ‘ਤੇ ਇੱਕ ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ।ਜਿਸ ਦੀ ਸੂਚਨਾ ਗੁਦਾਮ ਦੇ ਚੌਂਕੀਦਾਰ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਜਾ ਕੇ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ।ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ‘ਤੇ ਕਾਬੂ ਪਾਉਣਾ ਲਈ ਖੰਨਾ, ਸਮਰਾਲਾ, ਮੰਡੀ ਗੋਬਿੰਦਗੜ੍ਹ ਦੀਆਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅੱਗ ਪਲਾਸਟਿਕ ਦੀਆਂ ਬੋਰੀਆਂ ਅਤੇ ਪਲਾਸਟਿਕ ਦੇ ਕਬਾੜ ਨੂੰ ਲੱਗੀ ਹੋਈ ਸੀ।ਜਿਸ ਕਾਰਨ ਅੱਗ ਬੜੀ ਤੇਜੀ ਨਾਲ ਫੈਲ ਰਹੀ ਸੀ, ਇਸ ਅੱਗ ਦੀ ਲਪੇਟ ਵਿੱਚ ਦੋ ਗੱਡੀਆ ਅਤੇ ਇੱਕ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ।ਇੰਨਾ ਹੀ ਨਹੀਂ ਗੁਦਾਮ ਦੇ ਬਾਹਰ ਜੰਗਲਾਤ ਵਿਭਾਗ ਦੇ ਦਰਖਤ ਜਿਸ ਦੇ ਆਲੇ ਦੁਆਲੇ ਕਬਾੜ ਫੈਲਿਆ ਹੋਇਆ ਸੀ ਵੀ ਸੜਕੇ ਰਾਖ ਹੋ ਗਏ।
ਜ਼ਿਕਰਯੋਗ ਹੈ ਕਿ ਇਹ ਪਲਾਸਟਿਕ ਦੇ ਕਬਾੜ ਦਾ ਗੁਦਾਮ ਸਮਰਾਲਾ ਰੋਡ ‘ਤੇ ਸਥਿਤ ਹੈ।ਜਿੱਥੇ ਕਿ ਹਰ ਸਮੇਂ ਅਵਾਜਾਈ ਰਹਿੰਦੀ ਹੈ। ਅੱਜ ਜਦੋਂ ਇਸ ਕਬਾੜ ਦੇ ਗੁਦਾਮ ਨੂੰ ਅੱਗ ਲੱਗੀ ਹੋਈ ਸੀ ਤਾਂ ਅੱਗ ਲੱਗਣ ਕਾਰਨ ਜਹਿਰੀਲਾ ਧੂੰਆਂ ਸੜਕ ‘ਤੇ ਫੈਲਣ ਕਾਰਨ ਆਉਣ ਵਾਲੀਆਂ ਸਕੂਲੀ ਬੱਚਿਆਂ ਦੀ ਬੱਸਾਂ, ਸਵਾਰੀਆਂ ਦੀਆਂ ਬੱਸਾਂ ਅਤੇ ਗੈਸ ਸਿੰਲਡਰ ਵਾਲੀਆਂ ਗੱਡੀਆਂ ਵੀ ਲੰਘਦੀਆਂ ਰਹੀਆਂ ਸਨ।ਸੜਕ ‘ਤੇ ਧੂੰਏ ਕਾਰਨ ਕੋਈ ਵੀ ਵੱਡਾ ਸੜਕ ਹਾਦਸਾ ਵਾਪਰ ਸਕਦਾ ਸੀ, ਲੋਕ ਆਪਣੀ ਕੀਮਤੀ ਜਾਨ ਨੂੰ ਜੋਖਮ ਵਿੱਚ ਪਾ ਕੇ ਸੜਕ ‘ਤੇ ਲੰਘ ਰਹੇ ਸਨ, ਸੜਕ ‘ਤੇ ਲੰਘ ਰਹੇ ਰਾਹਗੀਰਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਜਹਿਰੀਲੇ ਧੂੰਏ ਕਾਰਨ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਫੈਲਣ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ।
ਕੀ ਕਹਿਣਾ ਹੈ ਕਬਾੜ ਦੀ ਦੁਕਾਨ ਦੇ ਮਾਲਕ ਦਾ : ਗੁਦਾਮ ਦੇ ਮਾਲਕ ਸਤਪਾਲ ਕਬਾੜੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਗ ਲੱਗਣ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਜਦੋਂ ਉਨ੍ਹਾਂ ਤੋਂ ਪੁਛਿਆ ਕਿ ਤੁਸੀਂ ਫਾਇਰ ਬ੍ਰਿਗੇਡ ਤੋਂ ਐਨ. ਓ. ਸੀ. ਲਈ ਹੋਈ ਹੈ ਤਾਂ ਉਸੇ ਨੇ ਕਿਹਾ ਕਿ ਉਸਨੂੰ ਕਿਸੇ ਨੇ ਨਹੀਂ ਦੱਸਿਆ ਹੀ ਨਹੀਂ ਕਿ ਫਾਇਰ ਬ੍ਰਿਗੇਡ ਤੋਂ ਐਨ. ਓ. ਸੀ. ਲੈਣੀ ਚਾਹੀਦੀ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਸ਼ਹਿਰ ਤੋਂ ਬਾਹਰ ਕਬਾੜ ਦੇ ਗੁਦਾਮ ਹੋਣ ਕਾਰਨ ਕੋਈ ਸਰਕਾਰੀ ਮਨਜ਼ੂਰੀ ਦੀ ਲੋੜ ਨਹੀਂ ਹੈ ।ਮਾਲਕ ਦੇ ਕਹਿਣ ਮੁਤਾਬਿਕ ਸ਼ਹਿਰ ਵਿੱਚ ਵੀ ਐਨ. ਓ. ਸੀ. ਤੋਂ ਬਿਨਾਂ ਹੀ ਕਬਾੜ ਦੀਆਂ ਦੁਕਾਨਾਂ ਆਮ ਚੱਲ ਰਹੀਆਂ ਹਨ, ਉਨ੍ਹਾਂ ਕੋਲ ਕਿਹੜਾ ਕੋਈ ਐਨ. ਓ. ਸੀ. ਹੈ। ਉਸਦਾ ਗੁਦਾਮ ਤਾਂ ਸ਼ਹਿਰ ਤੋਂ ਬਾਹਰ ਹੈ। ਅੱਗ ਲੱਗਣ ਦਾ ਕਾਰਨ ਉਸਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ, ਇਹ ਤਾਂ ਕੁਦਰਤ ਦਾ ਭਾਣਾ ਹੈ ।
ਕੀ ਕਹਿਣਾ ਹੈ ਫਾਇਰ ਬ੍ਰਿਗੇਡ ਅਫਸਰ ਦਾ : ਸਬ ਸਟੇਸ਼ਨ ਫਾਇਰ ਬ੍ਰਿਗੇਡ ਖੰਨਾ ਦੇ ਫਾਇਰ ਅਫ਼ਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।ਪਰ ਗੁਦਾਮ ਦੇ ਨੇੜੇ ਇੱਕ ਬਿਜਲੀ ਦਾ ਟਰਾਂਸਫਾਰਮ ਵੀ ਹੈ। ਪਰ ਅਜੇ ਤੱਕ ਅੱਗ ਲੱਗਣ ਦੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਜਦੋਂ ਉਹ ਚਾਰ ਸਾਲ ਪਹਿਲਾਂ ਸਮਰਾਲਾ ਵਿਖੇ ਡਿਊਟੀ ‘ਤੇ ਤੈਨਾਤ ਸਨ, ਤਾਂ ਉਕਤ ਗੁਦਾਮ ਮਾਲਕ ਸਤਪਾਲ ਕਬਾੜੀਏ ਨੂੰ ਨੋਟਿਸ ਦਿੱਤਾ ਗਿਆ ਸੀ ਤਾਂ ਉਸ ਵੇਲੇ ਇਸ ਨੇ ਇਹ ਕਹਿ ਕੇ ਐਨ. ਓ. ਸੀ. ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਕੋਲ ਤਾਂ ਪਹਿਲਾਂ ਹੀ ਕੋਈ ਕੰਮ ਨਹੀਂ ਹੈ। ਫਾਇਰ ਅਫ਼ਸਰ ਅਨੁਸਾਰ ਗੁਦਾਮ ਮਾਲਕ ਵੱਲੋਂ ਪ੍ਰਦੂਸ਼ਨ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵਿਭਾਗੀ ਕਾਰਵਾਈ ਲਈ ਪੱਤਰ ਲਿਖਿਆ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰਾ ਸਿਸਟਮ ਆਨ-ਲਾਇਨ ਹੈ ਜੋ ਵੀ ਕੋਈ ਐਨ. ਓ. ਸੀ. ਲਈ ਅਪਲਾਈ ਕਰਦਾ ਹੈ, ਉਸ ਨੂੰ ਹਦਾਇਤਾਂ ਅਨੁਸਾਰ ਐਨ. ਓ. ਸੀ. ਜਾਰੀ ਕੀਤੀ ਜਾਂਦੀ ਹੈ। ਫਾਇਰ ਅਫਸਰ ਗੋਮੀ ਨੇ ਕਿਹਾਕਿ ਭਵਿੱਖ ‘ਚ ਬਿਨਾਂ ਐਨ. ਓ. ਸੀ. ਤੋਂ ਚੱਲ ਰਹੀਆਂ ਕਬਾੜ ਦੀਆਂ ਦੁਕਾਨਾਂ ‘ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕੀ ਕਹਿਣਾ ਵਣ ਵਿਭਾਗ ਅਧਿਕਾਰੀ ਦਾ : ਇਸ ਸਬੰਧੀ ਵਣ-ਵਿਭਾਗ ਸਮਰਾਲਾ ਦੇ ਰੇਂਜ਼ ਅਫ਼ਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਕਬਾੜੀਏ ਵੱਲੋਂ ਆਪਣੇ ਕੁਬਾੜ ਦੇ ਗੁਦਾਮ ਅੱਗੇ ਵਣ ਵਿਭਾਗ ਦੀ ਥਾਂ ‘ਤੇ ਕਾਫੀ ਕਬਾੜ ਰੱਖਿਆ ਹੋਇਆ ਸੀ। ਇਸ ਸਬੰਧੀ ਉਕਤ ਕਬਾੜ ਤੇ ਗੁਦਾਮ ਮਾਲਕ ਨੂੰ ਵਿਭਾਗ ਵੱਲੋਂ ਕਈ ਨੋਟਿਸ ਜਾਰੀ ਕੀਤੇ ਗਏ, ਪਰ ਉਸ ਵੱਲੋਂ ਸਮਾਨ ਨਹੀ ਚੁੱਕਿਆ ਗਿਆ। ਜੰਗਲਾਤ ਵਿਭਾਗ ਦੇ ਦਰਖਤ ਵੀ ਅੱਗ ਦੀ ਲਪੇਟ ‘ਚ ਆਉਣ ਬਾਰੇ ਪਤਾ ਲੱਗਾ ਹੈ ਜਿਸ ਸਬੰਧੀ ਜਾਂਚ ਉਪਰੰਤ ਬਣਦੀ ਕਾਨੂੰਨੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।