May 2, 2026 11:42 am

ਤਲਵੰਡੀ ਸਾਬੋ ਦੇ ਨਵ ਨਿਯੁਕਤ ਡੀ.ਐੱਸ.ਪੀ ਤੇ ਥਾਣਾ ਮੁਖੀ ਨੇ ਪਲੇਠੀ ਪ੍ਰੈੱਸ ਮੀਟਿੰਗ ਰਾਹੀਂ ਲੋਕਾਂ ਤੋਂ ਮੰਗਿਆ ਸਹਿਯੋਗ

ਤਲਵੰਡੀ ਸਾਬੋ, 13 ਸਤੰਬਰ (ਰਾਮ ਰੇਸ਼ਮ ਨਥੇਹਾ)- ਤਲਵੰਡੀ ਸਾਬੋ ਦੇ ਨਵ ਨਿਯੁਕਤ ਡੀ.ਐੱਸ.ਪੀ ਨਰਿੰਦਰ ਕੁਮਾਰ ਅਤੇ ਥਾਣਾ ਮੁਖੀ ਸੁਨੀਲ ਕੁਮਾਰ ਸ਼ਰਮਾਂ ਨੇ ਅਹੁਦਾ ਸੰਭਾਲਣ ਉਪਰੰਤ ਅੱਜ ਤਲਵੰਡੀ ਸਾਬੋ ਦੇ ਸਮੂੰਹ ਪੱਤਰਕਾਰਾਂ ਨਾਲ ਪਲੇਠੀ ਪ੍ਰੈੱਸ ਮਿਲਣੀ ਦੌਰਾਨ ਜਿੱਥੇ ਪ੍ਰੈੱਸ ਤੇ ਪੁਲਿਸ ਨੂੰ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ ਅੰਗ ਦੱਸਦਿਆਂ ਇਲਾਕੇ ਵਿੱਚੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪ੍ਰੈੱਸ ਦੇ ਸਾਥ ਦੀ ਕਾਮਨਾ ਕੀਤੀ ਉੱਥੇ ਮੀਡੀਆ ਰਾਹੀਂ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਡੀ.ਐੱਸ.ਪੀ ਨਰਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਸ ਮੌਕੇ ਕਿਹਾ ਕਿ ਸਮੁੱਚੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡਾਂ ਸ਼ਹਿਰਾਂ ਵਿੱਚ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕਸਨਾ ਉਨਾਂ ਦੀ ਪਹਿਲੀ ਤਰਜੀਹ ਹੋਵੇਗੀ ਪਰ ਇਹ ਤਾਂ ਹੀ ਸਫਲ ਹੋ ਸਕੇਗਾ ਜੇ ਲੋਕ ਇਸ ਵਿੱਚ ਬਣਦਾ ਸਹਿਯੋਗ ਦੇਣ।ਉਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਸਬੰਧੀ ਕੋਈ ਵੀ ਸੂਚਨਾ ਕਿਸੇ ਵੀ ਸਮੇਂ ਉਨਾਂ ਦੇ ਨੰਬਰ ਤੇ ਸਿੱਧੀ ਦਿੱਤੀ ਜਾ ਸਕਦੀ ਹੈ ਤੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।ਉਨਾ ਦਾਅਵਾ ਕੀਤਾ ਕਿ ਪਿੰਡਾਂ ਵਿੱਚ ਨਸ਼ਾ ਵਿਰੋਧੀ ਟੀਮਾਂ ਗਠਿਤ ਕਰਨ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਵਾਂਗੇ।ਦੂਜੇ ਪਾਸੇ ਤਲਵੰਡੀ ਸਾਬੋ ਥਾਣਾ ਮੁਖੀ ਸੁਨੀਲ ਕੁਮਾਰ ਸ਼ਰਮਾਂ ਨੇ ਕਿਹਾ ਕਿ ਇਤਿਹਾਸਿਕ ਤੇ ਧਾਰਮਿਕ ਨਗਰ ਤਲਵੰਡੀ ਸਾਬੋ ਵਿਖੇ ਗਸ਼ਤ ਵਧਾ ਦਿੱਤੀ ਗਈ ਹੈ ਤੇ ਵਿਸ਼ੇਸ ਨਾਕੇ ਲਾ ਕੇ ਚੈਕਿੰਗ ਕਰਦਿਆਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ਿਕੰਜਾ ਕਸਿਆ ਜਾ ਰਿਹਾ ਹੈ।ਉਨਾਂ ਨੇ ਕਿਹਾ ਕਿ ਸਕੂਲਾਂ ਕਾਲਜਾਂ ਦੇ ਲੱਗਣ ਅਤੇ ਬੰਦ ਹੋਣ ਸਮੇਂ ਉੱਥੇ ਵਿਸ਼ੇਸ ਗਸ਼ਤੀ ਟੀਮਾਂ ਤੈਨਾਤ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਖਾਸ ਕਰਕੇ ਵਿਦਿਆਰਥਣਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਅਮਨ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ ਕਿਸੇ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ। ਇਸੇ ਮੌਕੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਦੀ ਅਗਵਾਈ ਵਿੱਚ ਪੁੱਜੇ ਪੱਤਰਕਾਰਾਂ ਨੇ ਦੋਵਾਂ ਸੀਨੀਅਰ ਅਧਿਕਾਰੀਆਂ ਨੂੰ ਭਰੋਸਾ ਦਵਾਇਆ ਕਿ ਜੇ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਸੱਚਮੁੱਚ ਗੰਭੀਰ ਹੈ ਤਾਂ ਪ੍ਰੈੱਸ ਹਰ ਬਣਦਾ ਸਹਿਯੋਗ ਦੇਵੇਗੀ।ਮੀਟਿੰਗ ਵਿੱਚ ਹਾਜਿਰ ਪੱਤਰਕਾਰਾਂ ਜਗਦੀਪ ਗਿੱਲ,ਜਗਜੀਤ ਸਿੱਧੂ,ਰਾਮ ਰੇਸ਼ਮ ਨਥੇਹਾ,ਮੁਨੀਸ਼ ਗਰਗ,ਰਾਮ ਜਿੰਦਲ,ਹਰਭਜਨ ਖਾਲਸਾ,ਲਕਵਿੰਦਰ ਨਥੇਹਾ,ਗੁਰਜੰਟ ਨਥੇਹਾ ਆਦਿ ਨੇ ਦੋਵਾਂ ਉੱਚ ਅਧਿਕਾਰੀਆਂ ਨੂੰ ਨਗਰ ਦੇ ਅਮਨ ਕਾਨੂੰਨ ਦੇ ਸਬੰਧ ਵਿੱਚ ਕੁਝ ਸੁਝਾਅ ਵੀ ਦਿੱਤੇ।

Send this to a friend