May 27, 2026 9:20 am

ਜੇਤਲੀ ਦੀ ਹਾਰ ਤੋਂ ਬਾਅਦ ਅਨਿਲ ਜੋਸ਼ੀ ਨੇ ਦਿੱਤਾ ਅਸਤੀਫਾ

cc ਅੰਮ੍ਰਿਤਸਰ, 16 ਮਈ (ਪੀ.ਟੀ.)-ਅੰਮ੍ਰਿਤਸਰ ਲੋਕ ਸਭਾ ਸੀਟ ’ਤੇ ਅਰੁਣ ਜੇਤਲੀ ਦੀ ਹਾਰ ਦੀ ਪਹਿਲੀ ਗਾਜ਼ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ’ਤੇ ਡਿਗ ਗਈ ਹੈ। ਇਸ ਹਾਰ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਨਿਲ ਜੋਸ਼ੀ ਨੇ ਆਪਣਾ ਅਸਤੀਫਾ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੂੰ ਭੇਜ ਦਿੱਤਾ ਹੈ। ਹਾਲਾਂਕਿ ਤਕਨੀਕੀ ਤੌਰ ’ਤੇ ਇਹ ਅਸਤੀਫਾ ਰਾਜਪਾਲ ਨੂੰ ਭੇਜਿਆ ਜਾਣਾ ਸੀ ਪਰ ਜੋਸ਼ੀ ਨੇ ਇਹ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜਿਆ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਪ੍ਰਧਾਨ ਅਨਿਲ ਜੋਸ਼ੀ ਦੇ ਅਸਤੀਫੇ ਨੂੰ ਮਨਜ਼ੂਰ ਕਰਦੇ ਹਨ ਜਾਂ ਨਹੀਂ। ਸ਼ੁੱਕਰਵਾਰ ਨੂੰ ਆਏ ਚੋਣ ਨਤੀਜਿਆਂ ਦੌਰਾਨ ਭਾਜਪਾ ਉਮੀਵਦਾਰ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਇਕ ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਾਰ ਗਏ ਹਨ

, ਇਸ ਦੌਰਾਨ ਅਨਿਲ ਜੋਸ਼ੀ ਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਤੋਂ ਵੀ ਅਰੁਣ ਜੇਤਲੀ ਨੂੰ ਕਰੀਬ 20,000 ਵੋਟਾਂ ਦੀ ਹਾਰ ਝੱਲਣੀ ਪਈ। ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਨਿਲ ਜੋਸ਼ੀ ਨੇ ਪਾਰਟੀ ਨੂੰ ਅਸਤੀਫਾ ਭੇਜਿਆ ਹੈ। ਸਿਆਸੀ ਹਲਕਿਆਂ ’ਚ ਪਹਿਲਾਂ ਹੀ ਚਰਚਾ ਸੀ ਕਿ ਅਰੁਣ ਜੇਤਲੀ ਦੇ ਹਾਰਨ ਦੀ ਸਥਿਤੀ ’ਚ ਅਨਿਲ ਜੋਸ਼ੀ ਤੋਂ ਪਾਰਟੀ ਅਸਤੀਫਾ ਲੈ ਸਕਦੀ ਹੈ। ਅਨਿਲ ਜੋਸ਼ੀ ਹਾਲ ਹੀ ’ਚ ਮਾਨਹਾਣੀ ਅਤੇ ਦੋਹਰੀ ਵੋਟ ਦੇ ਮਾਮਲੇ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ ਅਤੇ ਇਨ੍ਹਾਂ ’ਚੋਂ 2 ਮਾਮਲਿਆਂ ’ਚ ਅਨਿਲ ਜੋਸ਼ੀ ਦੇ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਗਏ ਸਨ। ਅਨਿਲ ਜੋਸ਼ੀ ਨੇ 2012 ਦੀ ਵਿਧਾਨ ਸਭਾ ਚੋਣ ਕਰੀਬ 16,000 ਵੋਟ ਦੇ ਫਰਕ ਨਾਲ ਜਿੱਤੀ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਅਨਿਲ ਜੋਸ਼ੀ ਦੇ ਹਲਕੇ ’ਚੋਂ ਪਾਰਟੀ ਨੂੰ ਭਾਰੀ ਹਾਰ ਦੇਖਣੀ ਪਈ ਹੈ।

Send this to a friend