May 27, 2026 9:20 am

ਲੋਕ ਸਭਾ ਚੋਣਾਂ ਦੇ ਨਤੀਜੇ ਅੱਜ

ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਨਵੀਂ ਦਿੱਲੀ, 15 ਮਈ (ਪੀ.ਟੀ. ਬਿਊਰੋ)-ਲੋਕ ਸਭਾ ਚੋਣਾਂ ਨਤੀਜਿਆਂ ਦੀ ਉਡੀਕ ਮੁੱਕ ਗਈ ਹੈ। 543 ਲੋਕ ਸਭਾ ਸੀਟਾਂ ’ਤੇ ਹੋਈਆਂ ਚੋਣਾਂ ਦਾ ਨਤੀਜਾ 16 ਮਈ ਨੂੰ ਸਾਹਮਣੇ ਆ ਜਾਵੇਗਾ। ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਹੇਠ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ 989 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਲਗਭਗ 8 ਹਜ਼ਾਰ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ ਤੇ ਇਸ ਦਾ ਰੁਝਾਨ ਸਵੇਰੇ 11 ਵਜੇ ਤੋਂ ਉਪਲੱਬਧ ਹੋਵੇਗਾ ਤੇ ਸ਼ਾਮ 5 ਵਜੇ ਤੱਕ ਵੋਟਾਂ ਦੀ ਗਿਣਤੀ ਮੁਕੰਮਲ ਹੋ ਜਾਵੇਗੀ। 16ਵੀਂ ਲੋਕ ਸਭਾ ਦੀਆਂ ਚੋਣਾਂ ਦੌਰਾਨ 81 ਕਰੋੜ 40 ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ,  ਜੋ ਆਮ ਚੋਣਾਂ ਦੇ ਇਤਿਹਾਸ ਵਿੱਚ ਇਕ ਰਿਕਾਰਡ ਬਣ ਗਿਆ ਹੈ। ਇਹ ਚੋਣਾਂ 9 ਗੇੜ ਵਿੱਚ ਕਰਵਾਈਆਂ ਗਈਆਂ ਸਨ। ਇਹਨਾਂ ਚੋਣਾਂ ਦੌਰਾਨ

ਪਹਿਲੀ ਵਾਰ ਇਲੈਕਟ੍ਰੋਨਿਕ ਮਸ਼ੀਨਾਂ ਵਿੱਚ ਨੋਟਾ ਦਾ ਵੀ ਆਪਸ਼ਨ ਸ਼ਾਮਿਲ ਸੀ। ਇਹ ਵੀ ਦੱਸਣਯੋਗ ਹੈ ਕਿ 7 ਅਪ੍ਰੈਲ ਤੋਂ 12 ਮਈ ਵਿਚਾਲੇ 81.4 ਕਰੋੜ ਵਿਚੋਂ 66 ਫੀਸਦੀ ਵੋਟਰਾਂ ਨੇ ਮਤਦਾਨ ਕੀਤਾ ਹੈ।
ਨਵੀਂ ਸਰਕਾਰ ਕਿਸ ਦੀ ਬਣੇਗੀ ਇਹ ਤਾਂ ਭਾਵੇਂ ਸਮਾਂ ਹੀ ਦੱਸੇਗਾ, ਪ੍ਰੰਤੂ 12 ਮਈ ਨੂੰ ਵੱਖ-ਵੱਖ ਟੀ.ਵੀ ਚੈਨਲਾਂ ਵੱਲੋਂ ਐਗਜ਼ਿਟ ਪੋਲਾਂ ਰਾਹੀਂ ਸਰਕਾਰ ਬਣਨ ਦੇ ਅਨੁਮਾਨ ਪੇਸ਼ ਕੀਤੇ ਗਏ, ਜਿਸ ਵਿਚ ਜ਼ਿਆਦਾ ਚੈਨਲਾਂ ਨੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ ਨੂੰ ਸਪਸ਼ਟ ਬਹੁਮਤ ਦੇਣ ਦੇ ਅਨੁਮਾਨ ਪੇਸ਼ ਕੀਤੇ।  ਇਸ ਦੌਰਾਨ ਵੋਟਾਂ ਦੀ ਗਿਣਤੀ ਦੌਰਾਨ ਸੁਰੱਖਿਆ ਮੁਹੱਈਆ ਕਰਾਉਣ ਲਈ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਹਜ਼ਾਰਾਂ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਗੈਰ ਕਾਨੂੰਨੀ ਹਿਰਾਸਤ ’ਚ ਤਸੀਹੇ ਦੇ ਕੇ ਮਾਰਿਆ – ਅੰਮ੍ਰਿਤਸਰ ਪੁਲਿਸ ਵੱਲੋਂ ਦਾਅਵਾ
ਅੰਮ੍ਰਿਤਸਰ, 15 ਮਈ (ਮਨਿੰਦਰ ਸਿੰਘ)-ਬਿਕਰਮਜੀਤ ਸਿੰਘ ਦੇ ਹੋਏ ਅਗਵਾ ਮਾਮਲੇ ਤੇ ਜ਼ਿਲ੍ਹਾ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਤਸੀਹੇ ਦੇਕੇ ਪੁਲਿਸ ਇੰਸਪੈਕਟਰ ਨਾਰੰਗ ਸਿੰਘ ਤੇ ਉਸਦੇ ਸਾਥੀਆਂ ਨੇ ਪਹਿਲਾਂ ਖਤਮ ਕੀਤਾ ਤੇ ਫਿਰ ਲਾਸ਼ ਨਹਿਰ ਵਿੱਚ ਸੁਟ ਦਿੱਤੀ, ਇਸ ਮਾਮਲੇ ਵਿਚ ਹੁਣ ਤੀਕ 2 ਏ.ਐਸ.ਆਈ., 5 ਹੌਲਦਾਰ ਗ੍ਰਿਫਤਾਰ ਕਰ ਲਏ ਹਨ ਜਦਕਿ ਨਾਰੰਗ ਸਿੰਘ ਸਮੇਤ ਇਕ ਏ.ਐਸ.ਆਈ, ਤਿੰਨ ਹੌਲਦਾਰ ਤੇ ਇਕ ਪਰਾਈਵੇਟ ਆਦਮੀ ਦੀ ਤਲਾਸ਼ ਜਾਰੀ ਹੈ। ਅੱਜ ਇਥੇ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਸਥਾਨਕ ਜੇਲ੍ਹ ਵਿੱਚ ਬੰਦ ਸੀ, ਅਕਸਰ ਇਲਾਜ ਦੇ ਬਹਾਨੇ ਜੇਲ੍ਹ ਤੋਂ ਬਾਹਰ ਹਸਪਤਾਲ ਦਾਖਲ ਹੋਕੇ ਬਾਹਰ ਘੁੰਮਦਾ ਸੀ, ਨਸ਼ੇ ਦਾ ਆਦੀ ਸੀ। ਬਿਕਰਮਜੀਤ ਸਿੰਘ ਦੀ ਗਾਰਦ ਵਿਚ ਰਹੇ ਹਵਾਲਦਾਰ ਅਮਨਦੀਪ ਸਿੰਘ, ਲਖਵਿੰਦਰ ਸਿੰਘ ਤੇ ਏ.ਐਸ.ਆਈ. ਗੁਲਸ਼ਨਬੀਰ ਸਿੰਘ ਨੇ ਹੀ ਹੈਰੋਇਨ ਬਰਾਮਦ ਦੀ ਸਕੀਮ ਬਣਾਈ,ਪੱਲਿਉਂ 1 ਲੱਖ 22 ਹਜਰ ਰੁਪਏ ਬਿਕਰਮਜੀਤ ਸਿੰਘ ਨੂੰ ਦਿੱਤੇ। ਜਦ ਉਹ ਹੈਰੋਇਨ ਸਮੇਤ ਆਇਆ ਤਾਂ ਕਾਉਂਟਰ ਇੰਟੈਲੀਜੈਂਸ ਦੇ ਏ.ਐੱਸ.ਆਈ. ਸਵਿੰਦਰ ਸਿੰਘ ਤੇ ਬਲਜੀਤ ਸਿੰਘ ਨੇ ਸਾਥੀ ਹੌਲਦਾਰਾਂ ਜਗਜੀਤ ਸਿੰਘ ,ਗੁਰਪ੍ਰੀਤ ਸਿੰਘ(ਸਾਰੇ ਕਾਊਂਟਰ ਇੰਟੈਲੀਜੈਂਸ) ਬਿਕਰਮਜੀਤ ਨੂੰ ਫੜਕੇ ਬਟਾਲੇ ਲੈ ਗਈ ਜਿਥੇ ਨਾਰੰਗ ਸਿੰਘ ਮੌਜੂਦ ਸੀ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਬਿਕਰਮਜੀਤ ਸਿੰਘ ਨੂੰ ਬੇਤਹਾਸ਼ਾ ਕੁੱਟਿਆ ਜਿਸਦੇ ਚਲਦਿਆਂ ਉਸਦੀ ਮੌਤ ਹੋ ਗਈ, ਲਾਸ਼ ਨੂੰ ਗੱਡੀ ਵਿੱਚ ਹੀ ਪਾਕੇ ਅਨੰਦਪੁਰ ਸਾਹਿਬ ਲਾਗੇ ਭਾਖੜਾ ਨਹਿਰ ਵਿਚ ਰੋੜ੍ਹ ਦਿੱਤਾ। ਉਨ੍ਹਾਂ ਦੱਸਿਆ ਕਿ 8 ਮਈ ਨੂੰ ਇਹ ਲਾਸ਼ ਤੈਰਦੀ ਹੋਈ ਕੀਰਤਪੁਰ ਸਾਹਿਬ ਪੁਜੀ ਜਿਥੇ ਪੁਲਿਸ ਨੇ ਪੰਜ ਦਿਨ ਇੰਤਜਾਰ ਬਾਅਦ ਲਾਵਾਰਸ ਸਮਝ ਸਸਕਾਰ ਕਰ ਦਿੱਤਾ ਅਤੇ ਅਗਲੇ ਦਿਨ 14 ਮਈ ਨੂੰ ਫੁਲ ਵੀ ਜਲ ਪ੍ਰਵਾਹ ਕਰ ਦਿੱਤੇ। ਸ. ਔਲਖ ਨੇ ਦੱਸਿਆ ਕਿ ਕੀਰਤਪੁਰ ਪੁਲਿਸ ਨੇ ਬਿਕਰਮਜੀਤ ਸਿੰਘ ਦੀਆਂ ਉਂਗਲਾਂ ਦੇ ਦੋ ਦਾ ਫਿੰਗਰ ਤੇ ਡੀ.ਐੱਨ. ਏ. ਟੈਸਟ ਕਰਵਾਇਆ ਜਾ ਰਿਹਾ ਹੈ। ਸ. ਔਲਖ ਨੇ ਮੰਨਿਆ ਕਿ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਗੈਰ ਕਾਨੂੰਨੀ ਤੇ ਗੈਰ ਇਨਸਾਨੀਅਤ ਵਾਲਾ ਕਾਰਾ ਕੀਤਾ ਹੈ ਲੇਕਿਨ ਉਹ ਇਸ ਕਤਲ ਵਿਚ ਏ.ਆਈ.ਜੀ. ਇੰਟੈਲੀਜੈਂਸ ਦੀ ਭੂਮਿਕਾ ਨੂੰ ਸਾਫ ਨਕਾਰ ਗਏ । ਇਸ ਮੌਕੇ ਉਨ੍ਹਾ ਨਾਲ ,ਐਸ.ਪੀ. ਐਨ.ਕੇ. ਸ਼ਰਮਾ,ਬਲਜੀਤ ਸਿੰਘ ਬਰਾੜ,ਏ.ਸੀ.ਪੀ.ਮਨਵਿੰਦਰ ਸਿੰਘ ਤੇ ਬਲਕਾਰ ਸਿੰਘ ਵੀ ਮੌਜੂਦ ਸਨ । ਜਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਨੂੰ 6 ਮਈ ਨੂੰ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਤੋਂ ਅਗਵਾ ਕਰ ਲਿਆ ਗਿਆ ਸੀ।

Send this to a friend