ਮੋਰਿੰਡਾ, 4 ਸਤਬੰਰ (ਕਰਨੈਲਜੀਤ, ਹਰਜਿੰਦਰ ਸਿੰਘ ਛਿੱਬਰ)- ਇੱਕ ਮ੍ਰਿਤਕ ਵਿਅਕਤੀ ਦੀਆਂ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਦੀ ਜਿੰਦਗੀ ਨੂੰ ਰੁਸ਼ਨਾ ਸਕਦੀਆਂ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਰਾਮ ਸ਼ਰਨ ਭਾਟੀਆ ਐਸ.ਐਮ.ਓ. ਮੋਰਿੰਡਾ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਹਸਪਤਾਲ (ਸੀ.ਐਚ.ਸੀ ਸੈਂਟਰ) ਮੋਰਿੰਡਾ ਵਿਖੇ ਡਾਕਟਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਲਗਾਏ ਅੱਖਾਂ ਦੀ ਜਾਂਚ ਅਤੇ ਦਾਨ ਕਰਨ ਦੇ ਪੰਦਰਵਾੜ੍ਹੇ ਮੌਕੇ ਹਾਜ਼ਰ ਮਰੀਜਾਂ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਐਸ.ਐਮ.ਓ ਡਾਕਟਰ ਭਾਟੀਆ ਨੇ ਅੱਖਾਂ ਦੇ ਪੰਦਰਵਾੜੇ ਨੂੰ ਵਿਭਾਗ ਵੱਲੋਂ ਲਿਆ ਗਿਆ ਵਧੀਆ ਫੈਸਲਾ ਦਸਦਿਆਂ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਅਪੀਲ ਵੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਿਰ ਡਾਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾ ਪੰਦਰਵਾੜਾ ਮਨ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਰੋਜਾਨਾ ਮਰੀਜਾਂ ਦੀਆਂ ਦੀ ਅੱਖਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋਕਾਂ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ ਜਿਸਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ। ਡਾਕਟਰ ਜਰਨੈਲ ਸਿੰਘ ਨੇ ਦੱਸਿਆ ਹੁਣ ਤੱਕ 100 ਤੋ ਵੱਧ ਲੋਕਾਂ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਫਾਰਮ ਭਰ ਕੇ ਸਹਿਮਤੀ ਦਿੱਤੀ ਜਾ ਚੁੱਕੀ ਹੈ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾਕਟਰ ਜਰਨੈਲ ਸਿੰਘ ਨੇ ਕਿਹਾ ਕਿ ਸਾਡੇ ਵੱਲੋ ਦਾਨ ਕੀਤੀਆਂ ਅੱਖਾਂ ਨਾਲ ਅੰਨ੍ਹੇਪਣ ਦੇ ਸਿਕਾਰ ਲੋਕ ਦੁਨੀਆਂ ਵੇਖ ਸਕਦੇ ਹਨ। ਇਸ ਲਈ ਸਾਨੂੰ ਅਪਣੀਆਂ ਮਰਨ ਉਪਰੰਤ ਅੱਖਾਂ ਦਾਨ ਜਰੂਰ ਕਰ ਦੇਣੀਆਂ ਚਾਹੀਦੀਆਂ ਹਨ, ਸਾਡੀ ਮੋਤ ਤੋਂ 6 ਘੰਟੇ ਦੇ ਅੰਦਰ ਅੱਖਾਂ ਦਾਨ ਹੋਣੀਆਂ ਚਾਹੀਦੀਆਂ ਹਨ ਪ੍ਰੰਤੂ ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ ਤਾਂ 24 ਘੰਟੇ ਤੱਕ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅਸੀ ਅਪਣੀਆਂ ਅੱਖਾਂ ਕਿਸੇ ਵੀ ਉਮਰ, ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਅਪ੍ਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਜ਼ ਪਾਏ ਹੋਣ ’ਤੇ ਵੀ ਅੱਖਾਂ ਦਾਨ ਕਰ ਸਕਦੇ ਹਨ। ਇਸ ਮੋਕੇ ਤੇਜਿੰਦਰ ਕੌਰ, ਹਰਦੀਪ ਸਿੰਘ, ਐਸ.ਆਈ ਰਾਮ ਸ਼ਰਨ ਤੋ ਇਲਾਵਾ ਦਿਲਬਾਗ ਸਿੰਘ ਬੇਈਮਾਨ ਆਦਿ ਹਾਜ਼ਰ ਸਨ।