ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਰਿਸ਼ੂ ਗੋਇਲ)- ਮੰਡੀ ਗੋਬਿੰਦਗੜ੍ਹ ਵਿਖੇ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਵਜੋਂ ਆਈ.ਆਈ.ਟੀ. ਦਿੱਲੀ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਵਿਸ਼ੇਸ਼ ਅਧਿਐਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਬੰਧਤ ਵਿਭਾਗ ਅਧਿਐਨ ਕਰਨ ਵਾਲੀ ਟੀਮ ਨੂੰ ਪੂਰਾ ਸਹਿਯੋਗ ਦੇਣਾ ਯਕੀਨੀ ਬਨਾਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ, ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ ਨੇ ਨਗਰ ਕੌਂਸਲ, ਮੰਡੀ ਗੋਬਿੰਦਗੜ੍ਹ ਦੇ ਕਾਨਫਰੰਸ ਹਾਲ ਵਿਖੇ ਅਧਿਐਨ ਕਰਨ ਵਾਲੀ ਟੀਮ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੰਡੀ ਗੋਬਿੰਦਗੜ੍ਹ, ਖੰਨਾ, ਜਲੰਧਰ, ਅੰਮਿ੍ਰਤਸਰ, ਲੁਧਿਆਣਾ, ਪਟਿਆਲਾ, ਨਿਆ ਨੰਗਲ, ਡੇਰਾ ਬਾਬਾ ਨਾਨਕ ਅਤੇ ਡੇਰਾਬਸੀ ਵਿਖੇ ਪ੍ਰਦੂਸ਼ਣ ਸਬੰਧੀ ਵਿਸ਼ੇਸ਼ ਅਧਿਐਨ ਲਈ ਆਈ.ਆਈ.ਟੀ. ਦਿੱਲੀ ਨਾਲ ਸਮਝੌਤਾ ਕੀਤਾ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਅਧਿਐਨ ਕਰਨ ਵਾਲੀ ਟੀਮ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਪ੍ਰਦੂਸ਼ਣ ਦੇ ਸਰੋਤਾਂ ਸਬੰਧੀ ਅੰਕੜੇ ਇਕੱਤਰ ਕੀਤੇ ਜਾਣੇ ਹਨ। ਇਸ ਲਈ ਸਾਰੇ ਸਬੰਧਤ ਵਿਭਾਗ ਟੀਮ ਨੂੰ ਲੋੜੀਂਦੇ ਅੰਕੜੇ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਉਣੇ ਯਕੀਨੀ ਬਨਾਉਣ ਤਾਂ ਜੋ ਮੰਡੀ ਗੋਬਿੰਦਗੜ੍ਹ ਵਿੱਚ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਕੀਤੇ ਜਾ ਰਹੇ ਕਾਰਜ ਹੋਰ ਤੇਜ਼ੀ ਨਾਲ ਨੇਪਰੇ ਚਾੜ੍ਹੇ ਜਾ ਸਕਣ ਅਤੇ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਅਧਿਐਨ ਕਰਨ ਵਾਲੀ ਟੀਮ ਦੇ ਮੈਂਬਰਾਂ ਨੇ ਅੰਕੜੇ ਇਕੱਤਰ ਕਰਨ ਸਬੰਧੀ ਪ੍ਰੀਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਾਰਜ ਸਾਧਕ ਅਫਸਰ ਮੰਡੀ ਗੋਬਿੰਦਗੜ੍ਹ ਸ਼੍ਰੀ ਚਰਨਜੀਤ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਵਿਜੈ ਕੁਮਾਰ, ਐਸ. ਡੀ.ਓ. ਮੋਹਿਤ ਸਿੰਗਲਾ ਅਤੇ ਐਸ.ਡੀ.ਓ. ਗੁਲਸ਼ਨ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।