ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ’ਚ ਸਰਹਿੰਦ ਫਤਹਿ ਕੀਤੀ ਅਤੇ ਖਾਲਸਾ ਰਾਜ ਦੀ ਕਾਇਮੀ ਦਾ ਮੁੱਢ ਬੰਨਿਆ
ਫਤਹਿਗੜ੍ਹ ਸਾਹਿਬ, 14 ਮਈ (ਪੀ.ਟੀ.)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਾਣਮੱਤੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਫ਼ਤਹਿ ਮਾਰਚ ਗੁਰਦੁਆਰਾ ਸਾਹਿਬ ਚੱਪੜਚਿੜੀ ਮੈਦਾਨ ਤੋਂ ਅਰੰਭ ਹੋ ਕੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਪੁੱਜਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 12 ਮਈ 1710 ਈ: ਨੂੰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਖਾਲਸਾ ਫੌਜਾਂ ਵੱਲੋਂ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿੱਚ ਸੂਬਾ ਸਰਹਿੰਦ ਵਜੀਰ ਖਾਂ ਨੂੰ ਮਾਰ ਮੁਕਾਇਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਕਤੇ ਜਿਗਰ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ‘ਤੇ ਮਾਤਾ ਗੁਜਰ ਕੌਰ
ਜੀ ਦੀ ਸ਼ਹਾਦਤ ਦਾ ਬਦਲਾ ਲਿਆ। ਇਸ ਤਰ੍ਹਾਂ 14 ਮਈ 1710 ਈ: ਨੂੰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ‘ਚ ਪੂਰਨ ਤੌਰ ਤੇ ਸਰਹਿੰਦ ਫਤਹਿ ਕੀਤੀ ਅਤੇ ਖਾਲਸਾ ਰਾਜ ਦੀ ਕਾਇਮੀ ਦਾ ਮੁੱਢ ਬੰਨਿਆ। ਉਨ੍ਹਾਂ ਕਿਹਾ ਕਿ ਲੰਮੀ ਗੁਲਾਮੀ ਤੋਂ ਬਾਅਦ ਪਹਿਲੀ ਵਾਰ ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਅਜਾਦ ਕੌਮਾਂ ਦੀ ਹਸਤੀ ਤੇ ਹੋਂਦ ਕੀ ਹੁੰਦੀ ਹੈ, ਅਤੇ ਗੁਲਾਮਾਂ ਦੀ ਕੀ।
ਉਹਨਾਂ ਕਿਹਾ ਕਿ ਇਸ ਸ਼ਾਨਾਮਤੀ ਪ੍ਰਾਪਤੀ ਦੀ ਸ਼ੁਰੂਆਤ ਸਰਹਿੰਦ ਫਤਹਿ ਨਾਲ ਹੋਈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 700 ਸਾਲ ਪੁਰਾਣਾ ਮੁਗਲ ਰਾਜ ਖਤਮ ਕੀਤਾ ਤੇ ਕਿਸਾਨਾਂ ਨੂੰ ਜਮੀਨਾਂ ਦੇ ਹੱਕ ਦਿਵਾਏ, ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚਲਾਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ 740 ਸਿੰਘਾਂ ਸਮੇਤ ਗੁਰਦਾਸ ਨੰਗਲ ਗੜ੍ਹੀ ਤੋਂ ਗ੍ਰਿਫਤਾਰ ਕੀਤਾ ਗਿਆ। ਰੋਜ਼ਾਨਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ 100 ਸਿੰਘ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਸੀ ਤਾਂ ਕਿ ਉਹ ਡੋਲ ਜਾਣ ਪਰ ਉਹ ਧਰਮ ਤੋਂ ਨਹੀਂ ਡੋਲੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸ਼ਹੀਦਾਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਉਪਰਾਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਥ ਰਤਨ ਫਖਰ-ਏ-ਕੌਮ ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦਾ ਸੰਗਤ ਵੱਲੋਂ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕਰਕੇ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਵਿਰਾਸਤ-ਏ-ਖਾਲਸਾ ਤੇ ਚੱਪੜਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਦਰਸਾਉਦੀਆਂ, ਇਤਿਹਾਸਕ ਯਾਦਗਾਰਾਂ ਸਥਾਪਤ ਕਰਵਾਈਆਂ।
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ ਚੱਪੜ ਚਿੜੀ ਦੇ ਮੈਦਾਨ ਵਿੱਚ ਵਜੀਰ ਖਾਂ ਨੂੰ ਮਾਰਨ ਉਪਰੰਤ ਸਰਹਿੰਦ ਫਤਹਿ ਕਰਨ ਲਈ ਚਾਲੇ ਪਾਏ ਸਨ। ਉਸ ਦਿਨ ਨੂੰ ਸਮਰਪਿਤ ਅੱਜ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਵਿਸ਼ਾਲ ਫ਼ਤਹਿ ਮਾਰਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੀਕ ਆਯੋਜਿਤ ਕੀਤਾ ਗਿਆ ਹੈ।
ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਨੌਜਵਾਨ ਪੀੜ੍ਹੀ ਨੂੰ ਸੰਭਾਲਣਾ ਚਾਹੀਦਾ ਹੈ ਤੇ ਜਿਹੜੇ ਨੌਜਵਾਨ ਦਾੜ੍ਹੀ ਕੇਸ ਕਟਵਾ ਕੇ ਸਿੱਖੀ ਤੋਂ ਦੂਰ ਜਾ ਕੇ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਜਾਣਕਾਰੀ ਦੇ ਕੇ ਵਾਪਸ ਗੁਰਸਿੱਖੀ ਵਿੱਚ ਲਿਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਥੇਹ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸਮਾਪਤੀ ਦੀ ਅਰਦਾਸ ਕੀਤੀ। ਅਰਦਾਸ ’ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ।
ਇਸ ਮੌਕੇ ਸ.ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ. ਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਦੀਦਾਰ ਸਿੰਘ ਭੱਟੀ ਵਿਧਾਇਕ, ਸ.ਦਲਮੇਘ ਸਿੰਘ ਖੱਟੜਾ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਗੁਰਚਰਨ ਸਿੰਘ ਘਰਿੰਡਾ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਸੰਤੋਖ ਸਿੰਘ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ, ਸ.ਰਜਿੰਦਰ ਸਿੰਘ ਮੈਨੇਜਰ, ਸ.ਸੁਖਵਿੰਦਰ ਸਿੰਘ ਮੈਨੇਜਰ, ਸ.ਮਨਪ੍ਰੀਤ ਸਿੰਘ ਐਕਸੀਅਨ, ਸ.ਲਖਵਿੰਦਰ ਸਿੰਘ ਤੇ ਸ.ਬਲਜਿੰਦਰ ਸਿੰਘ ਬੱਦੋਵਾਲ ਸੁਪਰਵਾਈਜਰ, ਸ਼੍ਰੋਮਣੀ ਅਕਾਲੀ ਬੁੱਢਾ ਦਲ 96 ਕਰੋੜੀ ਦੇ ਜਥੇਦਾਰ ਬਾਬਾ ਬਲਬੀਰ ਸਿੰਘ, ਬਿੱਧੀ ਚੰਦ ਸੰਪਰਦਾਇ ਦੇ ਬਾਬਾ ਨਾਹਰ ਸਿੰਘ, ਤਰਨਾ ਦਲ ਦੇ ਮੁੱਖੀ ਬਾਬਾ ਮੱਖਣ ਸਿੰਘ, ਬਾਬਾ ਬਕਾਲਾ ਤਰਨਾ ਦਲ ਮੜੀਆਂ ਵਾਲੇ ਬਾਬਾ ਵੱਸਣ ਸਿੰਘ, ਤਰਨਾ ਦਲ ਮਹਿਤਾ ਚੌਂਕ ਦੇ ਮੁੱਖੀ ਬਾਬਾ ਤਰਸੇਮ ਸਿੰਘ, ਤਰਨਾ ਦਲ ਦੇ ਮੁੱਖੀ ਜਥੇਦਾਰ ਗੱਜਣ ਸਿੰਘ, ਹਰੀਆਂ ਵੇਲਾ ਵਾਲੇ ਬਾਬਾ ਨਾਗਰ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ’ਚ ਸਿੱਖ ਸੰਗਤਾਂ ਸ਼ਾਮਲ ਹੋਈਆਂ।