May 25, 2026 9:35 pm

ਯੂ. ਪੀ.ਏ. ਗਠਜੋੜ ’ਚ ਬਣੇ ਰਹਾਂਗੇ-ਰਾਸ਼ਟਰਵਾਦੀ ਕਾਂਗਰਸ ਪਾਰਟੀ

ਨਵੀਂ ਦਿੱਲੀ, 14 ਮਈ (ਪੀ.ਟੀ.)-ਅਗਲੀ ਸਰਕਾਰ ਬਣਨ ਤੋਂ ਪਹਿਲਾਂ ਭਾਜਪਾ ਨਾਲ ਨਜ਼ਦੀਕੀ ਵਧਾਉਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇ ਅੱਜ ਕਿਹਾ ਕਿ ਉਹ ਸਾਂਝੇ ਪ੍ਰਗਤੀਸ਼ੀਲ ਗਠਜੋੜ ’ਚ ਹੈ ਤੇ ਇਸੇ ’ਚ ਬਣੀ ਰਹੇਗੀ। ਇਸ ਤੋਂ ਇਕ ਦਿਨ ਪਹਿਲਾਂ ਰਾਕਾਂਪਾ ਦੇ ਸੀਨੀਅਰ ਨੇਤਾ ਪ੍ਰਫੁੱਲ ਪਟੇਲ ਦੀ ਸਥਿਰ ਸਰਕਾਰ ਸਬੰਧੀ ਟਿੱਪਣੀ ਤੋਂ ਭਾਜਪਾ ਤੇ ਰਾਕਾਂਪਾ ਵਿਚਕਾਰ ਗਠਜੋੜ ਦੇ ਬਾਰੇ ’ਚ ਕਿਆਸ ਅਰਾਈਆਂ ਲੱਗਣ ਲੱਗੀਆਂ ਸਨ। ਰਾਕਾਂਪਾ ਬੁਲਾਰੇ ਡੀ. ਪੀ. ਤ੍ਰਿਪਾਠੀ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਦੀ ਅਗਵਾਈ ’ਚ ਰਾਸ਼ਟਰੀ ਜਨਤੰਤ੍ਰਿਕ ਗਠਜੋੜ ਦੀ ਸਰਕਾਰ ਬਣੇਗੀ ਤਾਂ ਅਸੀਂ ਵਿਰੋਧੀ ਧਿਰ ਵਜੋਂ ਬੈਠਾਂਗੇ। ਸ੍ਰੀ ਸ਼ਰਦ ਪਵਾਰ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਵਧਾਉਣ ਦੀਆਂ ਖ਼ਬਰਾਂ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਸਵਾਲ

ਹੀ ਨਹੀਂ ਪੈਦਾ ਹੁੰਦਾ। ਇਹ ਗੱਲ ਸਹੀ ਨਹੀਂ ਹੈ। ਸ੍ਰੀ ਤ੍ਰਿਪਾਠੀ ਦੀ ਟਿੱਪਣੀ ਤਦ ਆਈ ਹੈ ਜਦ ਕੱਲ੍ਹ ਹੀ ਪ੍ਰਫੁੱਲ ਪਟੇਲ ਨੇ ਕਿਹਾ ਸੀ ਕਿ ਦੇਸ਼ ’ਚ ਸਥਿਰ ਸਰਕਾਰ ਬਣਨੀ ਚਾਹੀਦੀ ਹੈ ਜੋ ਅਗਲੇ ਪੰਜ ਸਾਲ ਨਿਰਣਾਇਕ ਢੰਗ ਨਾਲ ਸ਼ਾਸਨ ਚਲਾਵੇ।

Send this to a friend