ਸੰਗਰੂਰ, 2 ਸਤੰਬਰ (ਪਰਮਜੀਤ ਸਿੰਘ ਲੱਡਾ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਲੰਧਰ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਨਾਲ ਭਰਿਆ ਟਰੱਕ ਅਤੇ ਟਰਾਲੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੂਬੇ ਦੇ ਜਿਹੜੇ ਜ਼ਿਲਿ੍ਹਆਂ ਅੰਦਰ ਹੜ੍ਹਾਂ ਕਾਰਨ ਮਾੜੀ ਸਥਿਤੀ ਪੈਦਾ ਹੋ ਗਈ ਸੀ ਉਥੇ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਹਰੇਕ ਸੰਭਵ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਗਈ ਹੈ ਜਿਸ ਦੇ ਚਲਦਿਆਂ ਹੁਣ ਇਨ੍ਹਾਂ ਜ਼ਿਲਿ੍ਹਆਂ ਵਿੱਚ ਜ਼ਿੰਦਗੀ ਮੁੜ ਲੀਹਾਂ ’ਤੇ ਆ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਇਥੋ ਦੇ ਲੋਕ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਵਧ ਚੜ੍ਹ ਕੇ ਸੇਵਾ ਕਰਨ ਨੂੰ ਆਪਣਾ ਮੁੱਢਲਾ ਫ਼ਰਜ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਲੋਕਾਂ ਦੇ ਸਹਿਯੋਗ ਨਾਲ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਸਤਲੁਜ ਦਰਿਆ ਵਿੱਚ ਪਾਣੀ ਵਧਣ ਨਾਲ ਜਲੰਧਰ ਜ਼ਿਲ੍ਹੇ ’ਚ ਕਈਂ ਥਾਵਾਂ ’ਤੇ ਪਾੜ ਪੈਣ ਨਾਲ ਲੋਕਾਂ ਨੂੰ ਪਾਣੀ ਕਾਰਣ ਕਾਫ਼ੀ ਨੁਕਸਾਨ ਪਹੁੰਚਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨਾਲ ਤਾਲਮੇਲ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਦਿੜ੍ਹਬਾ ਸਬ ਡਵੀਜ਼ਨ ਦੇ ਪਿੰਡ ਵਾਸੀਆਂ, ਜੀ.ਓ.ਜੀ., ਵੈਲਫੇਅਰ ਕਲੱਬਾਂ, ਪੰਚਾਇਤਾਂ ਆਦਿ ਦੇ ਸਹਿਯੋਗ ਨਾਲ ਵੱਡੀ ਮਾਤਰਾ ਵਿੱਚ ਲੋੜੀਂਦੀ ਸਮੱਗਰੀ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ ਵਿੱਚ 800 ਬੈਗ ਆਟਾ, 800 ਮੱਛਰਦਾਨੀਆਂ, 3200 ਮੱਛਰਦਾਨੀ ਸੋਟੀਆਂ, 1 ਟਰਾਲੀ ਤੂੜੀ, 3 ਕੁਇੰਟਲ ਸ਼ਬਜੀ ਵਾਲਾ ਪੇਠਾ, ਪਸ਼ੂਆ ਲਈ ਖਲ (ਕੈਟਲ ਫੀਡ) 32.3 ਕੁਇੰਟਲ, ਚੋਕਰ (ਕੈਟਲ ਫੀਡ) 105 ਬੈਗ, 70 ਕੰਬਲ, 1020 ਕੱਪੜੇ ਸੂਟ, 1.5 (ਡੇਢ ਕੁਇੰਟਲ) ਦਾਲਾਂ, 4 ਕੁਇੰਟਲ 20 ਕਿਲੋ ਚਾਵਲ, 8 ਕੁਇੰਟਲ ਤੋਂ ਵੱਧ ਖੰਡ, ਘੀ, ਚਾਹ ਪੱਤੀ, ਚਾਵਲ, ਅਚਾਰ, ਮਿਰਚ ਹਲਦੀ ਅਤੇ ਲੋੜੀਂਦੀਆਂ ਦਵਾਈਆ ਵੱਡੀ ਮਾਤਰਾ ਵਿੱਚ ਭੇਜੀਆ ਜਾ ਰਹੀਆ ਹਨ, ਤਾਂ ਜੋ ਪਾਣੀ ਦੀ ਮਾਰ ਹੇਠ ਆਏ ਲੋੜਵੰਦ ਲੋਕਾਂ ਦੀ ਵਧ ਚੜ੍ਹ ਕੇ ਸਹਾਇਤਾ ਕੀਤੀ ਜਾ ਸਕੇ। ਸ੍ਰੀ ਥੋਰੀ ਨੇ ਸਬ ਡਵੀਜ਼ਨ ਦਿੜ੍ਹਬਾ ਦੇ ਪਿੰਡ ਵਾਸੀਆ ਅਤੇ ਸਮੁੱਚੀ ਸਹਿਯੋਗੀ ਟੀਮ ਵੱਲੋਂ ਹੜ੍ਹ ਪੀੜ੍ਹਤਾ ਲਈ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਅਤੇ ਲੋੜਵੰਦਾਂ ਲਈ ਆਪਣੀ ਨੇਕ ਕਮਾਈ ਵਿੱਚੋਂ ਯੋਗਦਾਨ ਪਾਉਣ ਲਈ ਧੰਨਵਾਦ ਵੀ ਕੀਤਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ. ਦਿੜ੍ਹਬਾ ਪਵਿੱਤਰ ਸਿੰਘ, ਜ਼ਿਲ੍ਹਾ ਮੁਖੀ ਖੁਸ਼ਹਾਲੀ ਦੇ ਰਾਖੇ ਧਨਵੀਰ ਸਿੰਘ ਸਿੱਧੂ, ਜ਼ਿਲ੍ਹਾ ਸੁਪਰਵਾਈਜ਼ਰ ਰਘਵੀਰ ਸਿੰਘ ਔਜਲਾ, ਜਗਰੂਪ ਸਿੰਘ ਤਹਿਸੀਲ ਹੈਡ, ਗੁਲਾਬ ਸਿੰਘ ਦਿੜ੍ਹਬਾ ਤੋਂ ਇਲਾਵਾ ਬਲਾਕ ਦਿੜ੍ਹਬਾ ਦੇ ਜੀ.ਓ.ਜੀਜ਼, ਤੂਰਬੰਜਾਰਾ, ਗੁੱਜਰਾਂ ਸਾਦੀਹਰੀ, ਸਫ਼ੀਪੁਰ ਖੁਰਦ, ਮੌੜਾਂ, ਦਿਆਲਗੜ੍ਹ ਜੇਜੀਆਂ ਅਤੇ ਐਕਸ ਆਰਮੀ ਵੈਲਫੇਅਰ ਸੁਸਾਇਟੀ ਖਨਾਲ ਕਲਾਂ ਸਮੇਤ ਹੋਰ ਹਾਜ਼ਰ ਸਨ।’



