May 26, 2026 6:45 am

ਚੋਣ ਨਤੀਜਿਆਂ ਤੋਂ ਪਹਿਲਾ ਪੰਜਾਬ ਕਾਂਗਰਸ ਨੂੰ ਜ਼ਬਰਦਸਤ ਝਟਕਾ – ਵਿਧਾਇਕ ਅਰਵਿੰਦ ਖੰਨਾ ਵਲੋਂ ਅਸਤੀਫਾ

ਅਕਾਲੀ ਦਲ ’ਚ ਹੋ ਸਕਦੇ ਨੇ ਸ਼ਾਮਲ

image ਚੰਡੀਗੜ੍ਹ, 14 ਮਈ (ਪੀ.ਟੀ.ਬਿਊਰੋ)-ਧੂਰੀ ਤੋਂ ਕਾਂਗਰਸ ਪਾਰਟੀ ਦੇ ਐੱਮ.ਐੱਲ. ਏ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਤੇ ਉਨ੍ਹਾਂ ਦੀ ਸੱਜੀ ਬਾਂਹ ਸਮਝੇ ਜਾਂਦੇ ਅਰਵਿੰਦ ਖੰਨਾ ਵਲੋਂ ਵਿਧਾਇਕ ਅਹੁਦੇ ਤੋਂ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਸੌਂਪ ਦਿਤਾ ਗਿਆ ਹੈ। ਅਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਰਹੇ ਹਨ ਤੇ ਹਰ ਸਮਾਂ ਉਹ ਕੈਪਟਨ ਅਮਰਿੰਦਰ ਦੇ ਨਾਲ ਹੀ ਰਹਿੰਦੇ ਸਨ ਪਰ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀਆਂ ਕਾਫੀ ਚਰਚਾਵਾਂ ਸਨ। ਇਹ ਵੀ ਚਰਚਾ ਸੀ ਕਿ ਸੁਖਬੀਰ ਬਾਦਲ ਵਲੋਂ ਖੰਨਾ ਨੂੰ ਟੁੰਬ ਲਿਆ ਗਿਆ ਹੈ ਤੇ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ’ਚ ਸ਼ਾਮਲ ਹੋ ਜਾਣਗੇ ਪਰ ਅਜਿਹਾ ਨਾ ਹੋਇਆ। ਕੈਪਟਨ ਅਮਰਿੰਦਰ ਨੂੰ ਅੰਮ੍ਰਿਤਸਰੋਂ ਉਮੀਦਵਾਰ ਐਲਾਨੇ ਜਾਣ ਬਾਦ ਹਰ ਸਮਾਂ ਉਨ੍ਹਾਂ ਨਾਲ ਰਹਿਣ ਵਾਲੇ ਅਰਵਿੰਦ ਨੇ ਕੈਪਟਨ ਲਈ ਕਿਸੇ ਕਿਸਮ ਦਾ ਪ੍ਰਚਾਰ ਤਾਂ ਕੀ ਕਰਨਾ ਸੀ ਬਲਕਿ ਉਹ ਇਕ ਵਾਰ ਵੀ ਅੰਮ੍ਰਿਤਸਰ ਗਏ ਤਕ ਨਹੀਂ। ਇਹੀ ਨਹੀਂ ਉਨ੍ਹਾਂ ਸੰਗਰੂਰ ਲੋਕ ਸਭਾ ਹਲਕੇ ’ਚ ਵੀ ਪਾਰਟੀ ਉਮੀਦਵਾਰ ਵਿਜੇਇੰਦਰ ਸਿੰਗਲਾ ਲਈ ਕੋਈ ਚੋਣ ਪ੍ਰਚਾਰ ਨਹੀਂ ਕੀਤਾ ਤੇ ਨਾ ਹੀ ਵੋਟ ਮੰਗੇ। ਇਸ ਸਮੇਂ ਦੌਰਾਨ ਉਹ ਵਿਦੇਸ਼ ’ਚ ਵੀ ਰਹੇ ਤੇ ਵਾਪਸ ਹਲਕੇ ’ਚ ਵੀ ਰਹੇ ਪਰ ਪਾਰਟੀ ਲਈ ਕਿਸੇ ਕਿਸਮ ਦਾ ਪ੍ਰਚਾਰ ਨਾ ਕੀਤਾ। ਇਸ ਤਰ੍ਹਾਂ ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਹੋਰ ਵੀ ਗਰਮਾ ਗਈਆਂ ਸਨ ਤੇ ਆਖਰ ਹੁਣ ਉਨ੍ਰਾਂ ਅਸਤੀਫਾ ਦੇ ਦਿਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅਰਵਿੰਦ ਖੰਨਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸਲ ’ਚ ਉਹ ਆਪਣੇ ਪਰਿਵਾਰ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ ਸਨ, ਇਸ ਲਈ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣਾ ਸਮਾਂ ਪਰਿਵਾਰ ਨਾਲ ਬਿਤਾਉਣਗੇ। ਅਕਾਲੀ ਦਲ ’ਚ ਸ਼ਾਮਲ ਹੋਣ ਬਾਰੇ ਪੁੱਛੇ ਸੁਆਲ ਦੇ ਜੁਆਬ ਤੇ ਅਰਵਿੰਦ ਨੇ ਇਨਕਾਰ ਤਾਂ ਨਹੀਂ ਕੀਤਾ ਪਰ ਐਨਾ ਜਰੂਰ ਕਿਹਾ ਕੇ ਉਹ ਬਾਦ ’ਚ ਸੋਚਣਗੇ ਪਹਿਲਾਂ ਉਹ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੁੰਦੇ ਹਨ।
ਦੂਜੇ ਪਾਸੇ ਅਰਵਿੰਦ ਦੇ ਅਸਤੀਫਾ ਦੇਣ ਕਾਰਨ ਪਹਿਲਾਂ ਹੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਨੂੰ ਸੂਬੇ ਚ ਤਕੜਾ ਝਟਕਾ ਲੱਗਾ ਹੈ। ਭਾਵੇਂ ਅਰਵਿੰਦ ਕੈਪਟਨ ਦੇ ਕਰੀਬੀ ਹਨ ਪਰ ਕਾਂਗਰਸ ’ਚ ਉਨ੍ਹਾਂ ਨੂੰ ਇਕ ਮਜਬੂਤ ਨਾ ਹਾਰਨਯੋਗ ਆਗੂ ਵਜੋਂ ਜਾਣਿਆ ਜਾਂਦਾ ਹੈ। ਅਰਵਿੰਦ ਨੇ ਇਸ ਬਾਰੇ ਆਪਣੇ ਫੇਸਬੁੱਕ ਸਫੇ ਤੇ ਵੀ ਸਫਾਈ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਸੋਚਿਆ ਸੀ। ਖੰਨਾ ਨੇ ਪੇਜ ਤੇ ਸਾਫ ਲਿਖਿਆ ਹੈ ਕਿ ਉਹ ਪੰਜਾਬ ਦਾ ਵਿਕਾਸ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਸੱਤਾਧਾਰੀ ਅਕਾਲੀ ਦਲ ’ਚ ਸ਼ਾਮਲ ਹੋ ਕੇ ਵਿਕਾਸ ’ਚ ਆਪਣਾ ਯੋਗਦਾਨ ਦੇਣ ਬਾਰੇ ਸੋਚਿਆ ਸੀ ਪਰ ਇਸ ਵੇਲੇ ਮੇਰੇ ਲਈ ਜਰੂਰੀ ਇਹ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਜ਼ਿਆਦਾ ਸਮਾਂ ਦਿਆਂ। ਮੈਂ ਪੰਜਾਬ ਦੇ ਨੌਜਵਾਨਾਂ ਦੇ ਵਿਕਾਸ ਲਈ ਕੰਮ ਕਰਦਾ ਰਹਾਂਗਾ। ਮੈਂ ਧੂਰੀ ਤੇ ਸੰਗਰੂਰ ਦੇ ਲੋਕਾਂ ਦਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਅਥਾਹ ਪਿਆਰ ਦੇਣ ਲਈ ਵੀ ਮੈਂ ਹਮੇਸ਼ਾ ਰਿਣੀ ਹਾਂ।

Send this to a friend