ਸ਼ੇਰਪੁਰ, 26 ਅਗਸਤ (ਹਰਜੀਤ ਕਾਤਿਲ)- ਕਸਬੇ ਤੋਂ ਨੇੜਲੇ ਪਿੰਡ ਈਨਾ ਬਾਜਵਾ ਦੇ ਇਕ ਨੌਜਵਾਨ ਦੀ ਵਿਦੇਸ਼ ਦੋਹਾ ਕਤਰ ਵਿਚ ਮੌਤ ਹੋ ਜਾਣ ਦੇ ਦੁਖਦਾਈ ਸਮਾਚਾਰ ਮਿਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਮੋਹਨ ਸਿੰਘ ਪੁੱਤਰ ਜੰਗ ਸਿੰਘ 34 ਸਾਲ ਜੋ ਕਈ ਸਾਲ ਪਹਿਲਾਂ ਦੋਹਾ ਕਤਰ ਵਿੱਚ ਰੋਜੀ ਰੋਟੀ ਦੀ ਭਾਲ ਵਿਚ ਗਿਆ ਸੀ। ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕੰਪਨੀ ਤੋਂ ਮ੍ਰਿਤਕ ਦੀ ਲਾਸ਼ ਲੈ ਕੇ ਆਏ ਅਮਰਜੀਤ ਸਿੰਘ ਅਤੇ ਪਿੰਡ ਵਾਸੀ ਲਾਭ ਸਿੰਘ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਜਗਮੋਹਨ ਸਿੰਘ ਉਰਫ (ਕਾਕੂ) ਜੋ ਕਰੀਬ 7 ਸਾਲ ਪਹਿਲਾਂ ਪੰਜਾਬ ਵਿੱਚ ਸਰਕਾਰਾਂ ਦੇ ਮਾੜੇ ਸਿਸਟਮ ਅਤੇ ਬੇਰੁਜਗਾਰੀ ਦਾ ਝੱਭਿਆ ਰੋਜ਼ੀ-ਰੋਟੀ ਕਮਾਉਣ ਲਈ ਪੰਜਾਬ ਛੱਡ ਕੇ ਵਿਦੇਸ਼ ਕੰਪਨੀ ਜੋ ਕਿ ਦੋਹਾ ਕਤਰ ਵਿੱਚ ਬਿਲਡਿੰਗਾਂ ਬਣਾਉਣ ਦਾ ਕੰਮ ਕਰਦੀ ਹੈ ਵਿੱਚ ਲੇਬਰ ਦਾ ਕੰਮ ਕਰਨ ਲਈ ਗਿਆ ਸੀ। ਜਗਮੋਹਨ ਸਿੰਘ ਮਿਹਨਤ-ਮਜ਼ਦੂਰੀ ਨਾਂਲ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ, ਪ੍ਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਕੁਵੈਤ ਵਿੱਚ ਗਰਮੀ ਜ਼ਿਆਦਾ ਹੋਣ ਕਰਕੇ ਜਗਮੋਹਨ ਸਿੰਘ ਨੂੰ ਡਿਊਟੀ ਦੌਰਾਨ ਕੰਮ ਕਰਦੇ ਸਮੇਂ 17 ਅਗਸਤ ਨੂੰ ਦੋਹਾ ਕਤਰ ਦੇ ਟਾਈਮ ਅਨੁਸਾਰ ਸਵੇਰੇ 8 ਵਜੇ ਅਟੈਕ ਆ ਗਿਆ। ਜਿਸ ਨੂੰ ਉਸਦੇ ਦੋਸਤਾਂ ਤੇ ਪੁਲਿਸ ਦੀ ਮਦਦ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਜਗਮੋਹਨ ਸਿੰਘ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਦਾ ਹੋਇਆ ਅਖੀਰ ਮੋਤ ਹੱਥੋ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ । ਕੁਵੈਤ ਰਹਿੰਦੇ ਪੰਜਾਬੀ ਭਾਈਚਾਰੇ ਅਤੇ ਕੰਪਨੀ ਦੇ ਲੋਕਾਂ ਦੀ ਮਦਦ ਨਾਲ ਜਗਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਗਿਆ । ਜਿਸ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਈਨਾਂ ਬਾਜ਼ਵਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ । ਉਹ ਆਪਣੇ ਪਿੱਛੇ ਬਿਰਧ ਮਾਂ-ਬਾਪ ਤੋ ਇਲਾਵਾ ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ।