ਨਵੀਂ ਦਿੱਲੀ, 13 ਮਈ (ਪੀ.ਟੀ.)-ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਭਾਵੇਂ ਤਲਵਾਰਾਂ ਹੀ ਖਿੱਚੀਆਂ ਹੋਣ ਪਰ ਉੱਘੇ ਭਾਜਪਾ ਨੇਤਾ ਅਰੁਣ ਜੇਤਲੀ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਿਅਕਤੀਗਤ ਨਿਸ਼ਠਾ ਹਮੇਸ਼ਾਂ ਸ਼ੱਕ ਤੋਂ ਦੂਰ ਰਹੀ ਹੈ। ਜੇਤਲੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਸਿਆਣਾ ਆਦਮੀ’ ਦੱਸਦੇ ਹੋਏ ਕਿਹਾ ਕਿ ਬੁੱਧੀਮਾਨੀ ਨਾਲ ਉਹ ਹਮੇਸ਼ਾਂ ਆਪਣੇ ਸਾਹਮਣੇ ਆਉਣ ਵਾਲੇ ਵਿਸ਼ਿਆਂ ਦੀ ਪੂਰੀ ਜਾਣਕਾਰੀ ਰੱਖਦੇ ਸਨ ਤੇ ਪੂਰੀ ਤਿਆਰੀ ਨਾਲ ਗੱਲ ਕਰਦੇ ਸਨ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜ ਸਭਾ ’ਚ ਸਦਨ ਦੇ ਨੇਤਾ ਹਨ ਤੇ ਜੇਤਲੀ ਉੱਚ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਹਨ। ਜੇਤਲੀ ਨੇ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ
ਗਠਜੋੜ ਸਰਕਾਰ ਨੂੰ ਅਗਵਾਈ ਮੁਹੱਈਆ ਕਰਵਾਉਣ ਦੇ ਬਾਅਦ ਜਦੋਂਕਿ ਪਰਦਾ ਡਿੱਗਣ ਜਾ ਰਿਹਾ ਹੈ ਪ੍ਰਧਾਨ ਮੰਤਰੀ ਮਰਿਆਦਾ ਤੇ ਸਿਸ਼ਟਤਾ ਦੇ ਨਾਲ ਵਿਦਾ ਹੋ ਰਹੇ ਹਨ।