ਵਿੱਤ ਮੰਤਰੀ ਨੇ ਪੰਜਾਬ ਨਾਲ ਜੁੜੇ ਉਦਮੀਆਂ ਨੂੰ ਸੂਬੇ ‘ਚ ਹੋਰ ਨਿਵੇਸ਼ ਕਰਨ ਲਈ ਪ੍ਰੇਰਿਆ
ਚੰਡੀਗੜ੍ਹ, 18 ਅਗਸਤ- ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਗੱਲ ਉਤੇ ਪੂਰਨ ਤੌਰ ਉਤੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਰੱਖੀ ਮਜ਼ਬੂਤ ਨੀਂਹ ਸਦਕਾ ਸੂਬਾ ਵਿਕਾਸ ਦੀ ਲੀਹ ਉਤੇ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰੇਗਾ ਜਿਸ ਨਾਲ ਸੂਬੇ ਦੀ ਤਕਦੀਰ ਬਦਲੇਗੀ ਅਤੇ ਇਸ ਦਾ ਸਿੱਧਾ ਸਕਰਾਤਮਕ ਅਸਰ ਇਥੋਂ ਦੇ ਲੋਕਾਂ ਦੇ ਰਹਿਣ-ਸਹਿਣ ਉਪਰ ਪਵੇਗਾ। ਵਿੱਤ ਮੰਤਰੀ ਮੰਤਰੀ ਇਹ ਗੱਲ ਬੀਤੀ ਦੇਰ ਸ਼ਾਮ ਉਦਯੋਗ ਭਵਨ ਵਿਖੇ ਪੰਜਾਬ ਨਾਲ ਜੁੜੇ ਉਦਮੀਆਂ ਦੇ ਇਕ ਗਰੁੱਪ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਹਿ ਰਹੇ ਸਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਰਵਾਇਤੀ ਖੇਤਰਾਂ ਦੇ ਨਾਲ ਸੂਚਨਾ ਤਕਨਾਲੋਜੀ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਵਾਲੇ ਖੇਤਰ ਵਿੱਚ ਚੰਗੀ ਤਰੱਕੀ ਕਰ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਹੀ ਰਾਹ ‘ਤੇ ਚੱਲ ਰਿਹਾ ਹੈ ਅਤੇ ਚੰਗੇ ਕੰਮਾਂ ਦਾ ਲਾਭ ਉਠਾਉਣ ਲਈ ਤਿਆਰ ਹੈ।