ਸੈਂਕੜੇ ਪਿੰਡ ਕਰਵਾਏ ਖਾਲੀ-ਹਿਮਾਚਲ ‘ਚ 21 ਮੌਤਾਂ
ਜਲੰਧਰ/ਸ਼ਿਮਲਾ, 18 ਅਗਸਤ- ਪਿਛਲੇ ਦਿਨਾਂ ਤੋਂ ਹਿਮਾਚਲ ਤੇ ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੋਪੜ ਹੈੱਡ ਵਰਕਸ ਤੋਂ 2,40,000 ਕਿਊਸਿਕ ਪਾਣੀ ਛੱਡਣ ਨਾਲ ਦਰਿਆ ਦੀ ਮਾਰ ਹੇਠ ਆਉਂਦੇ ਪਿੰਡਾਂ ‘ਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਤੁਲਜ ਦਰਿਆ ਦੇ ਨਾਲ ਲੱਗਦੇ ਜਲੰਧਰ ਜ਼ਿਲ੍ਹੇ ਦੇ 81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਤਲੁਜ ਦਰਿਆ ਨਾਲ ਲੱਗਦੀਆਂ ਤਹਿਸੀਲਾਂ ਫਿਲੌਰ, ਸ਼ਾਹਕੋਟ ਅਤੇ ਨਕੋਦਰ ਦੇ ਹੜ੍ਹ ਦੀ ਮਾਰ ਹੇਠ ਆਉਣ ਵਾਲੇ 81 ਪਿੰਡ ਖ਼ਾਲੀ ਕਰਵਾਉਣ ਸਬੰਧੀ ਉਕਤ ਸਬ-ਡਵੀਜ਼ਨਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਰੂਪਨਗਰ, ਨਵਾਂਸ਼ਹਿਰ ਅਤੇ ਲੁਧਿਆਣਾ ਦੇ ਵੀ ਕਈ ਪਿੰਡਾਂ ਨੂੰ ਖ਼ਾਲੀ ਕਰਵਾਉਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਬਿਆਸ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਮੋਗਾ ਅਤੇ ਫ਼ਿਰੋਜ਼ਪੁਰ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਨੇ ਖ਼ੂਬ ਤਬਾਹੀ ਮਚਾਈ ਹੈ। ਰਾਤ ਭਰ ਪਏ ਮੀਂਹ ਕਾਰਨ 21 ਜਣਿਆਂ ਦੀ ਮੌਤ ਹੋ ਗਈ ਹੈ। ਰਾਜ ‘ਚ 800 ਤੋਂ ਜ਼ਿਆਦਾ ਸੜਕਾਂ ਤੇ 13 ਰਾਸ਼ਟਰੀ ਰਾਜਮਾਰਗ ਬੰਦ ਹਨ। ਕੁੱਲੂ ‘ਚ ਦੋ ਪੁਲ਼ ਟੁੱਟ ਗਏ ਹਨ। ਮੌਸਮ ਵਿਭਾਗ ਨੇ ਰਾਜ ਦੇ ਛੇ ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਹੈ। ਮੰਡੀ, ਕਾਂਗੜਾ, ਸ਼ਿਮਲਾ, ਸੋਲਨ, ਸਿਰਮੌਰ ਤੇ ਬਿਲਾਸਪੁਰ ‘ਚ ਹੋਰ ਭਾਰੀ ਮੀਂਹ ਪੈ ਸਕਦਾ ਹੈ। ਸਿਰਮੌਰ, ਸੋਲਨ, ਸ਼ਿਮਲਾ, ਬਿਲਾਸਪੁਰ ਤੇ ਕੁੱਲੂ ‘ਚ ਸੋਮਵਾਰ ਨੂੰ ਸਿੱਖਿਆ ਅਦਾਰੇ ਬੰਦ ਰਹਿਣਗੇ। ਪੰਜ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਹੈ।
ਹਰੀਕੇ ਪੱਤਣ ਹੈੱਡ ਤੋਂ ਹੁਸੈਨੀਵਾਲਾ ਹੈੱਡ ਵਿੱਚ ਲਗਭਗ 55 ਹਜ਼ਾਰ ਕਿਊਸੇਕ ਪਾਣੀ ਛੱਡਿਆ ਗਿਆ ਹੈ। ਸਤਲੁਜ ਦਰਿਆ ਇਸ ਵੇਲੇ ਆਪਣੇ ਕੰਢਿਆਂ ਤੱਕ ਵਗ ਰਿਹਾ ਹੈ। ਸਤਲੁਜ ਦਰਿਆ ਦੇ ਵਹਿਣ ਵਿੱਚ ਕੁਝ ਪਿੰਡ ਤਾਂ ਤਿੰਨ ਪਾਸਿਓਂ ਪਾਣੀ ਨਾਲ ਘਿਰੇ ਪਏ ਹਨ ਤੇ ਚੌਥੇ ਪਾਸੇ ਪਾਕਿਸਤਾਨੀ ਸਰਹੱਦ ਲੱਗਦੀ ਹੈ। ਹੁਸੈਨੀਵਾਲਾ ਹੈੱਡ ਤੋਂ ਪਾਣੀ ਦਾ ਪੱਧਰ ਘਟਾਉਣ ਲਈ ਪਾਕਿਸਤਾਨ ਵੱਲ ਪਾਣੀ ਛੱਡਿਆ ਗਿਆ ਹੈ, ਇਸ ਨਾਲ ਪਾਕਿਸਤਾਨ ਦੇ ਪਿੰਡ ਵੀ ਪ੍ਰਭਾਵਿਤ ਹੋਏ ਹਨ।