ਜਲੰਧਰ, 12 ਮਈ (ਪੀ.ਟੀ.)-16 ਵੀਂ ਲੋਕ ਸਭਾ ਦੇ ਸਾਰੇ ਪੜਾਵਾਂ ’ਚ ਵੋਟਾਂ ਦਾ ਕੰਮ ਅੱਜ ਨੇਪਰੇ ਚੜ ਗਿਆ ਹੈ। ਇਸ ਵਾਰ ਚੋਣਾਂ ਦੀਆਂ ਸਰਗਰਮੀਆਂ ’ਚ ਪਹਿਲਾਂ ਤੋਂ ਤੇਜ਼ ਰਹਿਆਂ ਹਨ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵਲੋਂ ਇੱਕ ਦੂਜੇ ਨੂੰ ਨੀਵੇਂ ਦਿਖਾਉਣ ਦਾ ਯਤਨ ਹੀ ਕੀਤਾ ਗਿਆ, ਅਸਲ ਲੋਕ ਮੁੱਦੇ ਤਾਂ ਇਸ ਵਾਰ ਗਾਇਬ ਹੀ ਰਹੇ। ਇੱਕਲੇ ਪੰਜਾਬ ਦੀ ਗੱਲ ਕਰੀਏ ਤਾਂ ਹਾਕਮ ਗੱਠਜੋੜ ਵਲੋਂ ਪੂਰੇ ਜੋਸ਼ੋ ਖਰੋਸ਼ ਨਾਲ ਚੋਣ ਮੈਦਾਨ ’ਚ ਪੈਰ ਧਰਿਆ ਗਿਆ ਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਵਲੋਂ ਚੋਣਾਂ ਲੜਨ ਤੋਂ ਹਿਚਕਚਾਉਣਾ ਪਾਰਟੀ ਹਾਈ ਕਮਾਨ ਲਈ ਵੱਡੀ ਸਿਰਦਰਦੀ ਬਣ ਗਿਆ ਸੀ। ਯਕਦਮ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਚੋਣ ਦੰਗਲ ’ਚ ਉਤਾਰਨ ਨਾਲ ਪੰਜਾਬ ਦੀ ਸਿਆਸਤ ਇੱਕ ਦਮ ਗਰਮਾ ਗਈ ਤੇ ਮੁਕਾਬਲਾ
ਰੌਚਕ ਬਣਨ ਲੱਗਾ। ਆਮ ਆਦਮੀ ਪਾਰਟੀ ਵਲੋ ਪੰਜਾਬ ਦੀ ਸਿਆਸਤ ‘ਚ ਪੈਰ ਰੱਖਣ ਨਾਲ ਪੰਜਾਬ ਦਾ ਸਿਆਸੀ ਚੋਣ ਦੰਗਲ ਦੋ ਧਿਰਾਂ ਵਿਚਕਾਰ ਹੋਣ ਦੀ ਬਜਾਏ ਬਹੁ ਧਿਰੀ ਬਣਨ ਲੱਗਾ। ਪ੍ਰੰਤੂ ਕਿਸੇ ਰਵਾਇਤੀ ਪਾਰਟੀ ਲਈ ਆਪ ਤੋਂ ਬਿਨਾਂ ਹੋਰ ਕੋਈ ਸਿਆਸੀ ਪਾਰਟੀ ਹਾਕਮ ਤੇ ਵਿਰੋਧੀ ਧਿਰ ਲਈ ਸਿਰਦਰਦੀ ਨਹੀਂ ਬਣਿਆ। ਹੋਰ ਪਾਰਟੀਆਂ ਆਪਣੇ ਕੌਮੀ ਨੇਤਾ ਦੀ ਆਮਦ ਤੇ ਅੱਡੀ ਚੋਟੀ ਦਾ ਜੋਰ ਲਗਾ ਕੇ ਵੱਡਾ ਇਕੱਠ ਦਿਖਾ ਕੇ ਹਵਾ ਆਪਣੇ ਪੱਖ ’ਚ ਦਿਖਾਉਣ ਤੋਂ ਕੋਈ ਮੌਕਾ ਨਹੀਂ ਖੁੰਝਣ ਦਿੰਦੀਆਂ। ਅਜਿਹੇ ’ਚ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਮਦ ਤੇ ਬਿਨ੍ਹਾਂ ਕਿਸੇ ਉਚੇਚ ਦੇ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਹੋਈ ਇਕੱਤਰਤਾ ਨੇ ਚੋਣ ਮੈਦਾਨ ’ਚ ਉੱਤਰੀਆਂ ਵੱਡੀਆਂ ਪਾਰਟੀਆਂ ਖਾਸ ਕਰਕੇ ਅਕਾਲੀ ਪਾਰਟੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਭਾਂਵੇਂ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਕਹਿੰਦੇ ਸਨ ਕਿ ਆਪ ਦਾ ਹਸ਼ਰ ਮਨਪ੍ਰੀਤ ਬਾਦਲ ਵਾਲਾ ਹੀ ਹੋਵੇਗਾ ਪ੍ਰੰਤੂ ਇਹ ਗੱਲ ਸੂਝਵਾਨ ਵੋਟਰਾਂ ਨੂੰ ਪ੍ਰਵਾਨ ਨਹੀਂ। ਬੇਸ਼ੱਕ ਚੋਣ ਨਤੀਜੇ ਕੁੱਝ ਵੀ ਹੋਣ ਪ੍ਰੰਤੂ ਨਤੀਜੇ ਆਉਣ ਉਪਰੰਤ ਅਕਾਲੀ ਭਾਜਪਾ ਸਰਕਾਰ ਨੂੰ ਆਪਣੇ ਰਾਜ ਕਰਨ ਦੇ ਤੌਰ ਤਰੀਕੇ ਬਦਲਣ ਲਈ ਮਜਬੂਰ ਹੋਣਾ ਪਵੇਗਾ।