ਨਵੀਂ ਦਿੱਲੀ, 12 ਮਈ (ਪੀ.ਟੀ. ਬਿਊਰੋ)-ਪਿਛਲੇ ਮਹੀਨੇ ਤੋਂ ਜਾਰੀ ਲੋਕ ਸਭਾ ਚੋਣਾਂ ਦਾ ਰੋਲਾ-ਗੋਲਾ ਅੱਜ ਵੋਟਾਂ ਦੇ ਆਖਰੀ ਗੇੜ ਨਾਲ ਖ਼ਤਮ ਹੋ ਗਿਆ ਹੈ। ਹੁਣ 16 ਮਈ ਨੂੰ ਚੋਣ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਚੋਣਾਂ ਦੇ ਆਖਰੀ ਤੇ ਨੌਵੇਂ ਗੇੜ ਤਹਿਤ 41 ਸੀਟਾਂ ਲਈ ਪਈਆਂ ਵੋਟਾਂ ਦੌਰਾਨ ਭਾਰੀ ਮਤਦਾਨ ਹੋਇਆ ਤੇ 70% ਤੋਂ ਵਧ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਪੱਛਮੀ ਬੰਗਾਲ ’ਚ ਹਿੰਸਾ ਦੀਆਂ ਇਕਾ ਦੁਕਾ ਘਟਨਾਵਾਂ ਨੂੰ ਛੱਡਕੇ ਵੋਟਾਂ ਪੈਣ ਦਾ ਕੰਮ ਆਮ ਤੌਰ ’ਤੇ ਸ਼ਾਂਤਮਈ ਰਿਹਾ। ਆਖਰੀ ਗੇੜ ਤਹਿਤ 606 ਉਮੀਦਵਾਰਾਂ ਦੀ ਰਾਜਸੀ ਕਿਸਮਤ ਬਿਜਲਈ ਮਸ਼ੀਨਾਂ ’ਚ ਬੰਦ ਹੋ ਗਈ ਜਿਨ੍ਹਾਂ ’ਚ ਪ੍ਰਮੁਖ ਉਮੀਦਵਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਭਾਜਪਾ ਦੇ ਪ੍ਰਧਾਨ ਮੰਤਰੀ
ਦੇ ਅਹੁੱਦੇ ਲਈ ਉਮੀਦਵਾਰ ਨਰਿੰਦਰ ਮੋਦੀ ਸ਼ਾਮਿਲ ਹਨ। ਇਹ ਦੋਵੇਂ ਉੱਤਰ ਪ੍ਰਦੇਸ਼ ਦੀ ਵਾਰਾਨਸੀ ਸੀਟ ਤੋਂ ਆਹਮੋ ਸਾਹਮਣੇ ਹਨ। ਉੱਤਰ ਪ੍ਰਦੇਸ਼ ’ਚ ਅੱਜ ਆਖਰੀ ਗੇੜ ਤਹਿਤ 18 ਲੋਕ ਸਭਾ ਹਲਕਿਆਂ ’ਚ ਵੋਟਾਂ ਪਈਆਂ। ਮਹਾਰਾਜਗੰਜ ਦੇ 3 ਚੋਣ ਬੂਥਾਂ ਨੌਟੇਨਵਾ, ਪਾਨੇਰਾ ਤੇ ਸਦਰ ਵਿਖੇ ਬਿਜਲਈ ਵੋਟਿੰਗ ਮਸ਼ੀਨਾਂ ’ਚ ਖਰਾਬੀ ਦੀਆਂ ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ਨੂੰ ਬਾਅਦ ’ਚ ਠੀਕ ਕਰ ਦਿੱਤਾ ਗਿਆ। ਪੱਛਮੀ ਬੰਗਾਲ ’ਚ ਰਹਿੰਦੀਆਂ 17 ਲੋਕ ਸਭਾ ਸੀਟਾਂ ਤੇ ਬਿਹਾਰ ਦੀਆਂ 6 ਸੀਟਾਂ ਉਪਰ ਅੱਜ ਵੋਟਾਂ ਪਈਆਂ। ਦੇਸ਼ ਭਰ ’ਚ ਔਸਤ ਮਤਦਾਨ 66% ਦੇ ਕਰੀਬ ਰਿਹਾ। 543 ਲੋਕ ਸਭਾ ਹਲਕਿਆਂ ’ਚ ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਦੇਸ਼ ਭਰ ’ਚ ਵੋਟਾਂ ਪੈਣ ਦੀ ਪ੍ਰਕ੍ਰਿਆ 35 ਦਿਨਾਂ ’ਚ ਮੁਕੰਮਲ ਹੋਈ।ਇਸੇ ਤਰ੍ਹਾਂ ਸਭ ਤੋਂ ਵੱਧ ਧਿਆਨ ਖਿਚਣ ਵਾਲੇ ਉੱਤਰ ਪ੍ਰਦੇਸ਼ ਦੇ ਵੀ.ਆਈ.ਪੀ. ਹਲਕੇ ਵਾਰਾਨਸੀ ਵਿਖੇ ਵੀ ਲੋਕਾਂ ਨੇ ਜੰਮ ਕੇ ਵੋਟਾਂ ਪਾਇਆ। ਇਸ ਹਲਕੇ ’ਚ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ, ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਅਰਵਿੰਦ ਕੇਜਰੀਵਾਲ ਚੋਣ ਲੱੜ ਰਹੇ ਹਨ। ਕੁੱਲ ਮਿਲਾ ਕੇ ਅੰਤਿਮ ਗੇੜ ਦੌਰਾਨ ਸਾਰਿਆਂ ਹੀ ਹਲਕਿਆਂ ਵਿੱਚ ਸ਼ਾਤਮਈ ਵੋਟਾਂ ਪਈਆ। ਕਿਧਰੇ ਵੀ ਹਿੰਸਾ ਦੀ ਕੋਈ ਵੱਡੀ ਘਟਨਾ ਨਹੀਂ ਹੋਈ।
ਕੋਲਕਾਤਾ ’ਚ ਅੰਤਿਮ ਗੇੜ ਲਈ ਹੋਏ ਮਤਦਾਨ ਸਮੇਂ ਹਿੰਸਾ ਦੀਆਂ ਘਟਨਾਵਾਂ ’ਚ 20 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਹੈ ਕਿ ਕੋਲਕਾਤਾ ਨਗਰ ਨਿਗਮ ਦੀ ਸਾਬਕਾ ਡਿਪਟੀ ਮੇਅਰ ਮੀਨਾ ਦੇਵੀ ਪੁਰੋਹਿਤ ਦੇ ਘਰ ਦੇ ਸਾਹਮਣੇ ਧਮਾਕਾ ਕੀਤਾ ਗਿਆ। ਹਾੜੋਆ ਦੇ ਬ੍ਰਾਹਮਣਚਕ ਵਿਖੇ ਸੀ.ਪੀ.ਐੱਮ. ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਾਲੇ ਹੋਈ ਝੜਪ ਦੌਰਾਨ ਦੋ ਔਰਤਾਂ ਸਮੇਤ 4 ਨੂੰ ਗੋਲੀਆਂ ਲੱਗੀਆਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ 16 ਬੰਦੇ ਜ਼ਖ਼ਮੀ ਹੋਏ।
ਸੀ.ਪੀ.ਐਮ ਸੂਤਰਾਂ ਨੇ ਦਸਿਆ ਕਿ ਰੂਮਾ ਮੰਡਲ, ਬੇਹਲਾ ਮੰਡਲ, ਟੋਟਲ ਮੰਡਲ ਤੇ ਖਿਤੀਨ ਨਸਕਰ ਨੂੰ ਗੋਲੀ ਲਗਣ ਕਾਰਨ ਸਿਹਤ ਕੇਂਦਰ ’ਚ ਭਰਤੀ ਕੀਤਾ ਗਿਆ ਸੀ ਪਰ ਬਾਅਦ ’ਚ ਹਾਲਤ ਵਿਗੜਨ ਕਾਰਨ ਬਾਰਾਸਾਤ ਹਸਪਤਾਲ ’ਚ ਭੇਜ ਦਿੱਤਾ ਗਿਆ। ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਉਧਰ ਤ੍ਰਿਣਮੂਲ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਮਿਨਾਖਾ ਇਲਾਕੇ ’ਚ ਉਨ੍ਹਾਂ ਦੀ ਵਿਧਾਇਕ ਊਸ਼ਾਰਾਣੀ ਮੰਡਲ ਦੇ 4 ਰਿਸ਼ਤੇਦਾਰਾਂ ’ਤੇ ਹਮਲਾ ਕੀਤਾ ਗਿਆ। ਉਤਰ ਚੌਵੀ ਪਰਗਨਾ ਜ਼ਿਲ੍ਹੇ ਦੇ ਬਾਰਾਸਾਤ ਵਿਖੇ ਨੌਪਾੜਾ ਇਲਾਕੇ ’ਚ ਵੀ ਸੀ.ਪੀ. ਐਮ ਵਰਕਰਾਂ ਨੇ ਉਨ੍ਹਾਂ ਦੇ ਸਮਰਥਕਾਂ ’ਤੇ ਹਮਲਾ ਕੀਤਾ।