ਪਟਿਆਲਾ, 11 ਅਗਸਤ (ਸਿਕੰਦਰ ਸਿੰਘ)- ਆਬਕਾਰੀ ਤੇ ਕਰ ਵਿਭਾਗ, ਆਬਕਾਰੀ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਨੇ ਇੱਕ ਸਾਂਝਾ ਉਪਰੇਸ਼ਨ ਕਰਦਿਆਂ ਨਕਲੀ ਸ਼ਰਾਬ ਬਣਾਉਣ ਦੇ ਕਾਲੇ ਕਾਰੋਬਾਰ ਦਾ ਪਰਦਾ ਫ਼ਾਸ਼ ਕੀਤਾ ਹੈ। ਇਸ ਸਾਂਝੀ ਕਾਰਵਾਈ ਦੌਰਾਨ ਭੋਗਲਾ ਰੋਡ ਰਾਜਪੁਰਾ ਵਿਖੇ ਇੱਕ ਬੰਦ ਪਏ ਸ਼ੈਲਰ ਵਿੱਚੋਂ 370 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਇਹ ਸ਼ਰਾਬ ਵੱਖ-ਵੱਖ ਬ੍ਰਾਂਡਾਂ ਦੀ ਹੈ, ਜਦਕਿ ਇਸ ਸ਼ਰਾਬ ਤੋਂ ਇਲਾਵਾ ਇੱਥੋਂ ਵੱਖ-ਵੱਖ ਬ੍ਰਾਂਡਾਂ ਦੇ ਲੇਬਲ, ਖਾਲੀ ਬੋਤਲਾਂ ਵੀ ਮਿਲੀਆਂ ਹਨ।ਇਹ ਜਾਣਕਾਰੀ ਏ.ਆਈ.ਜੀ. ਐਕਸਾਇਜ ਪੰਜਾਬ ਸ. ਗੁਰਚੈਨ ਸਿੰਘ ਧਨੋਆ ਨੇ
ਦਿੱਤੀ।ਸ. ਧਨੋਆ ਨੇ ਦੱਸਿਆ ਕਿ ਸਾਂਝੀ ਟੀਮ ਵੱਲੋਂ ਇਸ ਬਰਾਮਦਗੀ ਤੋਂ ਬਾਅਦ ਬਨੂੜ ਨੇੜੇ ਪਟਿਆਲਾ ਢਾਬਾ ਤੇ ਝਿਲਮਿਲ ਢਾਬੇ ‘ਤੇ ਕੀਤੀ ਛਾਪੇਮਾਰੀ ਦੌਰਾਨ ਨਕਲੀ ਸ਼ਰਾਬ ਬਣਾਉਣ ਲਈ ਵਰਤਿਆ ਜਾਂਦੇ ਸਾਜੋ ਸਮਾਨ ਸਮੇਤ 78 ਡਰੰਮ ਈ.ਐਨ.ਏ. (ਐਕਸਟਰਾ ਨਿਊਟਰਲ ਅਲਕੋਹਲ-14200 ਲਿਟਰ) ਅਤੇ ਕੁਝ ਹੋਰ ਰਸਾਇਣਿਕ ਪਦਾਰਥ, ਲੇਬਲ ਹੋਲੋਗ੍ਰਾਮ ਅਤੇ ਖਾਲੀ ਬੋਤਲਾਂ ਮਿਲੀਆ ਹਨ। ਦਿੰਦਿਆਂ ਦੱਸਿਆ ਕਿ ਇਹ ਹੁਣ ਤੱਕ ਦੀ ਪੰਜਾਬ ਵਿੱਚ ਸਭ ਤੋਂ ਵੱਡੀ ਬਰਾਮਦਗੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ 8 ਗ੍ਰਿਫ਼ਤਾਰੀਆਂ ਹੋਈਆਂ ਹਨ ਤੇ 4 ਜਣੇ ਭੱਜਣ ‘ਚ ਕਾਮਯਾਬ ਰਹੇ ਹਨ ਪਰੰਤੂ ਪੁਲਿਸ ਵੱਲੋਂ ਇਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਆਬਕਾਰੀ ਪੁਲਿਸ ਦੇ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ ਨੇ ਦੱਸਿਆ ਕਿ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਆਈ.ਜੀ. ਪੀ. ਆਬਕਾਰੀ ਪੰਜਾਬ ਸ. ਅਮਰ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਇਹ ਕਾਰਵਾਈ ਕੀਤੀ ਗਈ।