May 27, 2026 1:26 am

ਹੁਣ ਨਹੀ ਘੁੰਮਦੇ ਚਰਖੇ

ਡਾ. ਗੁਰਪਿਆਰ ਸਿੰਘ ਚੌਹਾਨ
ਮੋ: 82848-40343
ਮਲੋਟ

ਸਾਡੇ ਕੀਮਤੀ ਪੰਜਾਬੀ ਵਿਰਸੇ ਕਲਚਰ ਵਿੱਚ ਆਉਂਣ ਵਾਲੀਆਂ ਕਈ ਚੀਜ਼ਾਂ ਅੱਜ ਘਰਾਂ ਜਾਂ ਸਟੇਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਮੇਰੇ ਪਿਛਲੇ ਲੇਖ ਵਿੱਚ ਮੈਂ ਹਾਰੇ ਅਤੇ ਕੰਧੋਲੀਆਂ ਦਾ ਜ਼ਿਕਰ ਕੀਤਾ ਸੀ ਕਿ ‘ਗੁਆਚ ਗਏ ਹਾਰੇ ਤੇ ਕੰਧੋਲੀਆਂ’ ਬਹੁਤ ਸਾਰੇ ਪਾਠਕਾਂ ਨੇ ਫੋਨ ਕਰਕੇ ਮੈਨੂੰ ਮਾਣ ਬਖਸ਼ਿਆ ਤੇ ਉਨ੍ਹਾਂ ਕਿਹਾ ਕਿ ਬਾਈ ਜੀ ਸੱਚ-ਮੁੱਚ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ‘ਚਰਖੇ’ ਦੀ। ਚਰਖਾ ਜੋ ਸਾਡੇ ਪਿੰਡ ਬਜ਼ੁਰਗ ਔਰਤਾਂ ਵਿਹੜੇ ਬੈਠ ਕੇ ਕੱਤਦੀਆਂ ਸਨ। ਰੂੰ ਦੀਆਂ ਪੂਣੀਆਂ ਤੇ ਪੂਣੀਆਂ ਤੋਂ ਚਰਖਾ ਕੱਤ ਕੇ ਸੂਤਦੇ ਗਲੋਟੇ ਬਣਾਉਂਣੇ ਫਿਰ ਖੇਸ-ਦਰੀਆਂ ਤਿਆਰ ਕਰਦੇ ਸਨ। ਵਿਆਹਾਂ ਵਿੱਚ ਵੀ ਹੱਥ ਦੇ ਬਣੇ ਖੇਸਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ। ਬਚਪਨ ਵਿੱਚ ਮੈਂ ਔਰਤਾਂ ਨੂੰ ਚਰਖਾ ਕੱਤਦਿਆਂ ਦੇਖਦਾ ਹੁੰਦਾ ਸੀ ਪਰ ਅੱਜ ਇਹ ਚਰਖਾ ਜਾਂ ਤਾਂ ਸਕੂਲਾਂ,ਕਾਲਜਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਸਮੇਂ ਸਟੇਜ਼ ਤੇ ਰੱਖੇ ਦਿਸਦੇ ਹਨ ਜਾਂ ਅਖਾੜੇ ਪ੍ਰੋਗਰਾਮ ਵਿੱਚ ਤੇ ਜਾਂ ਪੁਰਾਣੀਆਂ ਔਰਤਾਂ ਦੇ ਚਰਖੇ ਜੋ ਘਰਾਂ ਦੀਆਂ ਛੱਤਾਂ ਤੇ ਟੁੱਟੇ ਪਏ ਦਿਖਦੇ ਹਨ। ਪਹਿਲਾਂ ਤਾਂ ਗੀਤਾਂ ਵਿੱਚ ਵੀ ਚਰਖੇ ਦਾ ਜ਼ਿਕਰ ਕੀਤਾ ਜਾਂਦਾ ਸੀ ‘ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ’ ‘ ਮਾਹੀ ਮੇਰੇ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ’ ਨਣਾਨ-ਭਰਜਾਈ ਦੇ ਰਿਸ਼ਤੇ ਨੂੰ ਦਰਸਾਉਂਦਾ ਗੀਤ ‘ਭਿੱਜ ਗਈਆਂ ਨਣਾਨੇ ਪੂਨੀਆਂ, ਨਾਲੇ ਬਾਹਰੇ ਭਿੱਜ ਗਏ ਚਰਖੇ’ ‘ਚਰਖਾ ਮੈਂ ਕੱਤਦੀ ਤੰਦ ਤੇਰੇ ਪਿਆਰ ਦਾ ਪਾਵਾਂ’ ‘ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ’ ਪਰ ਅੱਜ ਗਾਇਕ ਵੀ ਵਿਰਸਾ ਯਾਦ ਨਾ ਕਰਵਾ ਕੇ ਮਾਰ-ਧਾੜ ਤੇ ਇਸ਼ਕ-ਮੁਸ਼ਕ ਦੇ ਗੀਤ ਪੇਸ਼ ਕਰ ਰਹੇ ਹਨ। ਸਾਡੇ ਅੱਜ

ਬੱਚਿਆਂ ਨੂੰ ਚਰਖਿਆਂ ਬਾਰੇ ਬਹੁਤ ਘੱਟ ਪਤਾ ਹੈ, ਉਨ੍ਹਾਂ ਦੇ ਭਾਅ ਦਾ ਇਹ ਕੋਈ ਖੇਡਣ ਵਾਲੀ ਚੀਜ਼ ਹੈ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਗਰੁੱਪ ਵੀ ਚਰਖਾ ਵਰਤਦੇ ਹਨ ਪਰ ਉਹ ਚਰਖਾ ਜਾਂ ਤਾਂ ਸਟੇਜ਼ ਤੇ ਰੱਖਦੇ ਹਨ ਜਾਂ ਆਪਣੀ ਗੱਡੀ ਦੀ ਛੱਤ ਤੇ। ਧੰਨਵਾਦ ਕਰਦਾ ਹਾਂ ਉਹਨਾਂ ਸੱਜਣਾ ਦਾ ਜਿੰਨ੍ਹਾਂ ਨੇ ਆਪਣੇ ਵਿਰਸੇ ਨਾਲ ਸਬੰਧਤ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੈ ਤਾਂ ਜੋ ਉਹਨਾਂ ਦੇ ਬੱਚੇ ਆਪਣੇ ਕਲਚਰ ਨੂੰ ਭੁੱਲ ਨਾਂ ਜਾਣ। ਮਸ਼ੀਨੀ ਯੁੱਗ ਜਾ ਜਾਣ ਨਾਲ ਚਰਖਿਆਂ ਦੇ ਅਲੋਪ ਹੋ ਜਾਣ ਦਾ  ਕਾਰਨ ਹੈ ਕਿਉਂਕਿ ਅੱਜ ਕਿਸੇ ਕੋਲੇ ਇੰਨਾਂ ਸਮਾਂ ਨਹੀਂ ਕਿ ਹੋਲੀ-ਹੋਲੀ ਸੂਤ ਤਿਆਰ ਕਰਕੇ ਦਰੀਆਂ-ਖੇਸ ਬ੍ਯਣਾਏ ਜਾਣ। ਬਜ਼ਾਰਾਂ ਵਿੱਚ ਮਸ਼ੀਨਾਂ ਨਾਲ ਬਣੇ ਦਰੀਆਂ-ਖੇਸ ਵਧੀਆ ਡਿਜ਼ਾਇਨ (ਨਮੂਨਾਂ) ਵਾਲੇ ਤਿਆਰ ਬਰ ਤਿਆਰ ਮਿਲ ਜਾਂਦੇ ਹਨ। ਚਾਹੇ ਕੁਝ ਪਿੰਡਾਂ ਵਿੱਚ ਕਿਤੇ ਨਾਂ ਕਿਤੇ ਚਰਖਿਆਂ ਦੀ ਵਰਤੋਂ ਕੀਤੀ ਵੀ ਜਾਂਦੀ ਹੈ ਪਰ ਪਹਿਲਾਂ ਵਾਂਗ ਘਰ-ਘਰ ਚਰਖੇ ਘੁੰਮਦੇ ਨਹੀਂ ਦਿਸਦੇ। ਸਾਉਣ ਮਹੀਨੇ ਤ੍ਰਿੰਜਣਾਂ ਵਿੱਚ ਇੱਕਠੀਆਂ ਹੋਈਆਂ ਕੁੜੀਆਂ ਵੀ ਚਰਖੇ ਕੱਤਦੀਆਂ ਸਨ ਪਰ ਹੁਣ ਤਾਂ ਤ੍ਰਿੰਜਣਾਂ ਵੀ ਨਾਮ ਦੀਆਂ ਹੀ ਰਹਿ ਗਈਆਂ ਹਨ।

Send this to a friend