ਪੰਜਾਬ ਦੇ ਮੰਤਰੀਆਂ ਦਾ ਵਫ਼ਦ ਮਿਲਣ ਜਾਵੇਗਾ ਇਮਰਾਨ ਨੂੰ
ਚੰਡੀਗੜ੍ਹ, 8 ਅਗਸਤ- ਸਿੱਖ ਸ਼ਰਧਾਲੂਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿ ਭਾਰਤ ਨਾਲ ਸਿਆਸੀ ਤੇ ਵਪਾਰਕ ਰਿਸ਼ਤੇ ਤੋੜਨ ਦੇ ਐਲਾਨ ਦੇ ਬਾਵਜੂਦ ਪਾਕਿਸਤਾਨ ਨੇ ਕਿਹਾ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਨਹੀਂ ਰੁਕੇਗਾ। ਕਰਤਾਰਪੁਰ ਲਾਂਘੇ ਦਾ ਕੰਮ ਚੱਲਦਾ ਰਹੇਗਾ। ਦੂਜੇ ਪਾਸੇ, ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦਾ ਵਫ਼ਦ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਾਕਿਸਤਾਨ ਜਾਵੇਗਾ। ਇਹ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮਿਲੇਗਾ। ਕੇਂਦਰ ਸਰਕਾਰ ਨੇ ਪਾਕਿਸਤਾਨ ਜਾਣ ਦੇ ਸਬੰਧ ‘ਚ ਮਨਜ਼ੂਰੀ ਦੇ ਦਿੱਤੀ ਹੈ। ਇਸ ਵਫਦ ‘ਚ ਪੰਜਾਬ ਸਰਕਾਰ ਦੇ 3 ਮੰਤਰੀ ਤੇ ਕੁਝ ਵਿਧਾਇਕ ਸ਼ਾਮਿਲ ਹੋਣਗੇ। ਇਹ ਪਾਰਟੀ 22 ਤੋਂ 27 ਅਗਸਤ ਦੇ ਵਿਚਕਾਰ ਪਾਕਿਸਤਾਨ ਜਾ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੋਂ ਪਾਕਿਸਤਾਨ ਤੇ ਭਾਰਤ ਵਿਚਕਾਰ ਪੈਦਾ ਹੋਏ ਵਿਵਾਦ ਦਾ ਕਰਤਾਰਪੁਰ ਲਾਂਘੇ ‘ਤੇ ਕੋਈ ਅਸਰ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਵਫਦ ਦੀ ਅਗਵਾਈ ਓ.ਪੀ. ਸੋਨੀ ਕਰਨਗੇ। ਪਾਰਟੀ ‘ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕੁਝ ਵਿਧਾਇਕ ਸ਼ਾਮਿਲ ਹੋਣਗੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਜਿਹੜੇ ਵੀ ਹਾਲਾਤ ਪੈਦਾ ਹੋਏ ਹਨ ਇਸ ਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ ‘ਤੇ ਨਹੀਂ ਪਵੇਗਾ। ਅਸੀਂ ਭਾਰਤ ਸਰਕਾਰ ਨਾਲ ਗੱਲ ਕਰਾਂਗੇ ਕਿ ਕਰਤਾਰਪੁਰ
ਸਾਹਿਬ ਲਾਂਘੇ ‘ਤੇ ਕਿਸੀ ਕਿਸਮ ਦੀ ਸਿਆਸਤ ਜਾਂ ਹਾਲਾਤ ‘ਤੇ ਅਸਰ ਨਹੀਂ ਪੈਣਾ ਚਾਹੀਦਾ। ਦੂਜੇ ਪਾਸੇ ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਕਰਤਾਰਪੁਰ ਲਾਂਘੇ ‘ਤੇ ਕੰਮ ਜਾਰੀ ਰਹੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਸਬੰਧੀ ਕੋਈ ਕੰਮ ਨਹੀਂ ਰੋਕਿਆ ਜਾਵੇਗਾ। ਇਸ ‘ਤੇ ਕੰਮ ਜਾਰੀ ਹੈ ਤੇ ਇਸ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।