ਭਵਾਨੀਗੜ੍ਹ, 7 ਅਗਸਤ (ਕ੍ਰਿਸ਼ਨ ਗਰਗ)- ਤਿੰਨ ਦਿਨ ਪਹਿਲਾਂ ਨਹਿਰ ਵਿੱਚ ਡੁੱਬੇ ਇੱਥੇ ਬਲਿਆਲ ਰੋਡ ਦੇ ਨਿਵਾਸੀ ਨਾਹਰ ਸਿੰਘ ਮੱਟਰ (57) ਦੀ ਲਾਸ਼ ਮੌੜ ਮੰਡੀ ਨੇੜੇ ਮਿਲ ਗਈ। ਇੱਥੇ ਦੱਸਣਯੋਗ ਹੈ ਕਿ ਟਰੱਕ ਅਪਰੇਟਰ ਨਾਹਰ ਸਿੰਘ ਮੱਟਰ 4 ਅਗਸਤ ਨੂੰ ਆਪਣੇ ਦੋਸਤ ਦੀ ਰਿਸਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸਕੂਟਰੀ ਤੇ ਬੇਨੜੇ ਇੱਕ ਪੈਲੇਸ ਵਿੱਚ ਗਿਆ ਸੀ ਅਤੇ ਉੱਥੋਂ ਉਹ ਵਿਆਹ ਵਾਲਿਆਂ ਦੇ ਪਿੰਡ ਕਿਲਾ ਹਕੀਮਾਂ ਚਲਿਆ ਗਿਆ। ਕਿਲਾ ਹਕੀਮਾਂ ਤੋਂ ਹੀ ਨਾਹਰ ਸਿੰਘ ਰਾਤ ਸਮੇਂ ਗੁੰਮ ਹੋ ਗਿਆ। ਨਾਹਰ ਸਿੰਘ ਦੇ ਵੱਡੇ ਭਰਾ ਨਾਜਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੇ ਸਾਰੇ ਰਿਸਤੇਦਾਰ ਅਤੇ ਦੋਸਤ ਕਿਲਾ ਹਕੀਮਾਂ ਵਾਲੀ ਨਹਿਰ ਤੇ ਨਾਹਰ ਸਿੰਘ ਦੀ ਭਾਲ ਵਿੱਚ ਲੱਗੇ ਹੋਏ ਸੀ। ਉਸ ਨੇ ਦੱਸਿਆ ਕਿ ਕੱਲ ਸ਼ਾਮੀ ਨਾਹਰ ਸਿੰਘ ਦੀ ਲਾਸ਼ ਮੌੜ ਮੰਡੀ ਨੇੜੇ ਨਹਿਰ ਵਿੱਚੋਂ ਮਿਲ ਗਈ ਹੈ। ਮੌੜ ਮੰਡੀ ਦੀ ਪੁਲੀਸ ਨੇ ਅੱਜ ਸਾਬੋ ਕੀ ਤਲਵੰਡੀ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨਾਹਰ ਸਿੰਘ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦਾ ਇੱਥੇ ਮੁੱਖ ਸਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ ਸਸਕਾਰ ਕੀਤਾ ਗਿਆ। ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ, ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ, ਸੁਖਮਹਿੰਦਰ ਪਾਲ ਸਿੰਘ ਤੂਰ ਅਤੇ ਗੁਰਤੇਜ ਸਿੰਘ ਝਨੇੜੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।