April 24, 2026 2:32 pm

ਬੇਬਾਕ ਕਵਿਤਰੀ, ਕਹਾਣੀਕਾਰ, ਨਾਵਲਕਾਰ ਅਤੇ ਵਾਰਤਕਕਾਰ ਅੰਮ੍ਰਿਤਾ ਪ੍ਰੀਤਮ

ਪੰਜਾਬੀ ਸਾਹਿਤ ਦੀ ਹਰਫਨਮੌਲਾ ਸਾਹਿਤਕਾਰਾ ਅੰਮ੍ਰਿਤਾ ਪ੍ਰੀਤਮ ਨੇ ਕਵਿਤਾ, ਕਹਾਣੀ ਅਤੇ ਨਾਵਲ ਦੇ ਖੇਤਰ ਵਿਚ ਇਸਤਰੀ ਜਾਤੀ ਦੀ ਮਾਨਸਿਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸਥਿਤੀ ਨੂੰ ਅਜਿਹੇ ਢੰਗ ਨਾਲ ਸ਼ਬਦੀ ਰੂਪ ਦੇ ਉਜਾਗਰ ਕੀਤਾ ਹੈ, ਜਿਸ ਨੂੰ ਪੜ੍ਹਕੇ ਹਰ ਇਸਤਰੀ ਇਉਂ ਮਹਿਸੂਸ ਕਰਦੀ ਹੈ ਕਿ ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਉਸਦੇ ਦਿਲ ਦੀਆਂ ਗੱਲਾਂ ਲਿਖ ਦਿੱਤੀਆਂ ਹੋਣ। ਕਹਿਣ ਤੋਂ ਭਾਵ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਨਿੱਜੀ ਦਰਦਾਂ ਦੀਆਂ ਭਾਵਨਾਵਾਂ ਨੂੰ ਸਮੁੱਚੀ ਇਸਤਰੀ ਦੀਆਂ ਭਾਵਨਾਵਾਂ ਬਣਾਕੇ ਪੇਸ਼ ਕਰ ਦਿੱਤਾ ਹੈ। ਇਸ ਕਰਕੇ ਹੀ ਉਹ ਲੋਕਾਈ ਦੀ ਸਫਲ ਸਾਹਿਤਕਾਰ ਸਾਬਤ ਹੋਈ ਹੈ ਕਿਉਂਕਿ ਇੰਜ ਲਿਖਣ ਨਾਲ ਉਸਨੇ ਲੋਕਾਈ ਨਾਲ ਨਿੱਜੀ ਨਾਤਾ ਜੋੜ ਲਿਆ। ਅੰਮ੍ਰਿਤਾ ਕੌਰ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ਵਿਖੇ ਮਾਤਾ ਰਾਜ ਬੀਬੀ ਅਤੇ ਪਿਤਾ ਕਰਤਾਰ ਸਿੰਘ ਹਿਤਕਾਰੀ ਦੇ ਘਰ ਹੋਇਆ। ਕਰਤਾਰ ਸਿੰਘ ਬਰਜ ਭਾਸ਼ਾ ਦੇ ਅਧਿਆਪਕ ਅਤੇ ਧਾਰਮਿਕ ਪ੍ਰਵਿਰਤੀ ਵਾਲੇ ਵਿਅਕਤੀ ਸਨ। ਉਹ ਸਿਖ ਧਰਮ ਦੇ ਪ੍ਰਚਾਰਕ ਦੇ ਤੌਰ ਤੇ ਵੀ ਕੰਮ ਕਰਦੇ ਸਨ। ਇਸ ਕਰਕੇ ਅੰਮ੍ਰਿਤਾ ਪ੍ਰੀਤਮ ਦੀਆਂ ਮੁਢਲੀਆਂ ਰਚਨਾਵਾਂ ਧਾਰਮਿਕ ਰੰਗ ਵਿਚ ਰੰਗੀਆਂ ਹੋਈਆਂ ਸਨ। ਅੰਮ੍ਰਿਤਾ ਕੌਰ ਦੀ ਮਾਂ ਜਦੋਂ ਅੰਮ੍ਰਿਤਾ ਅਜੇ 11 ਸਾਲਾਂ ਦੇ ਹੀ ਸਨ ਤਾਂ ਸਵਰਗਵਾਸ ਹੋ ਗਏ, ਜਿਸ ਕਰਕੇ ਅੰਮ੍ਰਿਤਾ ਕੌਰ ਆਪਣੀ ਮਾਂ ਦੇ ਪਿਆਰ ਤੋਂ ਵਾਂਝੇ ਰਹਿ ਗਏ। ਫਿਰ ਉਸਦਾ ਨੇ ਮਾਂ-ਬਾਪ ਦੀ ਜ਼ਿੰਮੇਵਾਰੀ ਨਿਭਾਈ। ਆਪਣੀ ਮਾਂ ਦੀ ਮੌਤ ਤੋਂ ਬਾਅਦ ਅੰਮ੍ਰਿਤਾ ਰੱਬ ਤੋਂ ਵੀ ਬਾਗੀ ਹੋ ਗਈ ਸੀ ਕਿਉਂਕਿ ਜਦੋਂ ਉਸਦੀ ਮਾਂ ਬਿਮਾਰ ਸੀ ਤਾਂ ਉਸਦੀ ਮਾਸੀ ਨੇ ਉਸਨੂੰ ਰੱਬ ਅੱਗੇ ਪ੍ਰਰਥਨਾ ਕਰਨ ਲਈ ਕਿਹਾ ਕਿ ਰੱਬ ਬੱਚਿਆਂ ਦੀ ਗੱਲ ਨਹੀਂ ਮੋੜਦਾ। ਪ੍ਰੰਤੂ ਉਸਦੀ ਪ੍ਰਾਰਥਨਾ ਕਰਨ ਤੋਂ ਬਾਅਦ ਵੀ ਅੰਮ੍ਰਿਤਾ ਦੀ ਮਾਂ ਸਵਰਗਵਾਸ ਹੋ ਗਈ ਸੀ। ਸਹੀ ਮਾਅਨਿਆਂ ਵਿਚ ਅੰਮ੍ਰਿਤਾ ਪ੍ਰੀਤਮ ਵਿਚ ਬਗਾਬਤ ਦੀ ਭਾਵਨਾ ਉਦੋਂ ਤੋਂ ਹੀ ਪੈਦਾ ਹੋ ਗਈ ਜੋ ਜ਼ਿੰਦਗੀ ਭਰ ਉਸਦੇ ਜੀਵਨ ਤੇ ਭਾਰੂ ਰਹੀ। ਅੰਮ੍ਰਿਤਾ ਕੌਰ ਨੂੰ ਆਪਣੀ ਮਾਂ ਦੇ ਵਿਛੋੜੇ ਦਾ ਹਮੇਸ਼ਾ ਹੀ ਪਛਤਾਵਾ ਰਿਹਾ। ਇਸ ਪਛਤਾਵੇ ਕਰਕੇ ਆਪ ਨੇ ਇਕੱਲਾਪਣ ਮਹਿਸੂਸ ਕਰਦਿਆਂ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਆਪ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ‘ਅੰਮ੍ਰਿਤ ਲਹਿਰਾਂ’ 1936 ਵਿਚ ਸਿਰਫ 17 ਸਾਲ ਦੀ ਉਮਰ ਵਿਚ ਹੀ ਪ੍ਰਕਾਸ਼ਤ ਹੋ ਗਈ ਸੀ। ਆਪ ਦਾ ਵਿਆਹ ਵੀ 1 ਦਸੰਬਰ 1936 ਵਿਚ ਹੀ ਇੱਕ ਸੰਪਾਦਕ ਪ੍ਰੀਤਮ ਸਿੰਘ ਕਵਾਤੜਾ ਨਾਲ ਹੋ ਗਿਆ ਸੀ ਜੋ ਕਿ ਇੱਕ ਹੌਜਰੀ ਦੇ ਵਪਾਰੀ ਦਾ ਲੜਕਾ ਸੀ। ਵਿਆਹ ਤੋਂ ਬਾਅਦ ਅੰਮ੍ਰਿਤਾ ਨੇ ਆਪਣੇ ਨਾਂ ਦੇ ਨਾਲ ਪ੍ਰੀਤਮ ਸ਼ਬਦ ਜੋੜ ਲਿਆ ਅਤੇ ਆਪ ਅੰਮ੍ਰਿਤਾ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਬਣ ਗਈ। ਇਸ ਤੋਂ ਬਾਅਦ ਆਪ ਘਰ ਗ੍ਰਹਿਸਤੀ ਵਿਚ ਰੁਝ ਗਈ। ਇਸ ਸਮੇਂ ਦੌਰਾਨ ਵੀ ਆਪ ਕਵਿਤਾਵਾਂ ਲਿਖਦੀ ਰਹੀ। 1943 ਤੱਕ ਆਪ ਦੀਆਂ 6 ਪੁਸਤਕਾਂ ਪ੍ਰਕਾਸ਼ਤ ਹੋ ਗਈਆਂ ਸਨ। ਸ਼ੁਰੂ ਵਿਚ ਆਪ ਦੀਆਂ ਕਵਿਤਾਵਾਂ ਪਹਿਲਾਂ ਧਾਰਮਿਕ ਫਿਰ ਰੋਮਾਂਟਿਕ ਅਤੇ ਇਸ ਤੋਂ ਬਾਅਦ ਆਪ ਦੀਆਂ ਕਵਿਤਾਵਾਂ ਦੇ ਵਿਸ਼ੇ ਪ੍ਰਗਤੀਵਾਦੀ ਹੋ ਗਏ। ਹੁਣ ਆਪ ਥੋੜ੍ਹੀ ਪ੍ਰੌੜ੍ਹ ਵੀ ਹੋ ਗਈ ਸੀ, ਇਸ ਕਰਕੇ ਆਪ ਦੇ ਵਿਸ਼ੇ ਲੋਕ ਪੀੜਾ ਵਲ ਨੂੰ ਵੀ ਪ੍ਰੇਰਤ ਹੋ ਗਏ। ਇਸ ਤੋਂ ਬਾਅਦ ਆਪ ਨੇ ਵਾਰਤਕ ਤੇ ਵੀ ਹੱਥ ਅਜਮਾਉਣੇ ਸ਼ੁਰੂ ਕਰ ਦਿੱਤੇ। ਨਾਵਲਾਂ ਅਤੇ ਕਹਾਣੀਆਂ ਰਾਹੀਂ ਲੋਕ ਪੀੜਾ ਨੂੰ ਕਲਮਬੰਦ ਕਰਨਾ ਸ਼ੁਰੂ ਕਰ ਦਿੱਤਾ। ਦੇਸ਼ ਦੀ ਵੰਡ ਤੋਂ ਪਹਿਲਾਂ ਆਪ ਨੇ ਲਾਹੌਰ ਰੇਡੀਓ ਸ਼ਟੇਸ਼ਨ ਤੋਂ ਅਨਾਊਂਸਰ ਦੀ ਨੌਕਰੀ ਵੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਇਹ ਨੌਕਰੀ 1961 ਤੱਕ ਜਾਰੀ ਰੱਖੀ। ਦੇਸ਼ ਦੀ 1947 ਦੀ ਵੰਡ ਨੇ ਅੰਮ੍ਰਿਤਾ ਪ੍ਰੀਤਮ ਦੀ ਮਾਨਸਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ, ਇਸਦੇ ਸਿੱਟੇ ਵਜੋਂ ਉਨ੍ਹਾਂ ਪਿੰਜਰ ਨਾਵਲ ਲਿਖਿਆ ਜਿਹੜਾ ਦੇਸ਼ ਦੀ ਵੰਡ ਦੀ ਤਰਾਸਦੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ ਜੋ ਕਿ ਆਪਦੀ ਸ਼ਾਹਕਾਰ ਰਚਨਾ ਹੈ। ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਥੋੜ੍ਹੇ ਸਮੇਂ ਲਈ ਦੇਹਰਾਦੂਨ ਰਿਹਾ ਪ੍ਰੰਤੂ ਆਪਦੀ ਆਲ ਇੰਡੀਆ ਰੇਡੀਓ ਵਿਚ ਅਨਾਊਂਸਰ ਦੀ ਨੌਕਰੀ ਸੀ, ਇਸ ਲਈ ਦਿੱਲੀ ਆ ਕੇ ਉਸਨੇ ਇਹ ਨੌਕਰੀ ਜਾਇਨ ਕਰ ਲਈ। ਜਦੋਂ ਉਹ ਦਿੱਲੀ ਵਿਚ ਆਲ ਇੰਡੀਆ ਰੇਡੀਓ ਤੇ ਅਨਾਊਂਸਰ ਲੱਗੀ ਹੋਈ ਸੀ ਤਾਂ ਆਪਦਾ ਸੰਪਰਕ ਸਾਹਿਰ ਲੁਧਿਆਣਵੀ ਨਾਲ ਹੋ ਗਿਆ। ਇਸ ਸਮੇਂ ਉਹ ਕਵੀ ਦਰਬਾਰਾਂ ਵਿਚ ਵੀ ਜਾਣ ਲੱਗ ਪਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸਾਹਿਰ ਲੁਧਿਆਣਵੀ ਵਲ ਉਸਦਾ ਝੁਕਾਆ ਹੀ ਉਸਦੇ ਪਤੀ ਪ੍ਰੀਤਮ ਸਿੰਘ ਕਵਾਤੜਾ ਨਾਲੋਂ ਵੱਖ ਹੋਣ ਦਾ ਕਾਰਨ ਬਣਿਆਂ। ਏਸੇ ਸਮੇਂ ਦੌਰਾਨ ਜਦੋਂ ਆਪ 1947 ਵਿਚ 28 ਸਾਲ ਦੀ ਉਮਰ ਵਿਚ ਦੇਹਰਾਦੂਨ ਤੋਂ ਦਿੱਲੀ ਨੂੰ ਟ੍ਰੇਨ ਰਾਹੀਂ ਜਾ ਰਹੀ ਸੀ ਤੇ ਆਪ ਗਰਭਵਤੀ ਵੀ ਸੀ ਤੇ ਉਸਤੋਂ ਬਾਅਦ ਉਹਦਾ ਲੜਕਾ ਨਵਰਾਜ ਪੈਦਾ ਹੋਇਆ ਸੀ ਤਾਂ ਟ੍ਰੇਨ ਦੇ ਸਫਰ ਵਿਚ ਹੀ ਦੇਸ਼ ਦੀ ਵੰਡ ਦੇ ਦਰਦ ਨੂੰ ਕਵਿਤਾ ਦੇ ਰੂਪ ਵਿਚ ਲਿਖਿਆ ਤੇ ਉਹ ਕਵਿਤਾ ਆਪ ਦੀ ਸਰਵੋਤਮ ਰਚਨਾ ਬਣ ਗਈ ਤੇ ਹਰ ਵਿਅਕਤੀ ਦੀ ਜ਼ੁਬਾਨ ਤੇ ਸੀ। ਉਹ ਕਵਿਤਾ ਹੈ
ਅੱਜ ਆਖਾਂ ਵਾਰਿਸ ਸ਼ਾਹ ਨੂੰ,
ਕਿਤੇ ਕਬਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ, ਅਗਲਾ ਵਰਕਾ ਫੋਲ,
ਇੱਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ,
ਤੈਨੂੰ ਵਾਰਿਸ਼ ਸ਼ਾਹ ਨੂੰ ਕਹਿਣ,
ਵੇ ਦਰਦਮੰਦਾਂ ਦਿਆ ਦਰਦੀਆ,
ਉਠ ਤੱਕ ਆਪਣਾ ਪੰਜਾਬ,
ਅੱਜ ਵੇਲੇ ਲਾਸ਼ਾਂ ਵਿਸ਼ੀਆਂ,
ਲਹੂ ਦੀ ਭਰੀ ਚਨਾਬ।
ਇਸ ਕਵਿਤਾ ਨੂੰ ਖਾਸ ਤੌਰ 1947 ਦਾ ਸੰਤਾਪ ਭੋਗਣ ਵਾਲੇ ਹਰ ਵਿਅਕਤੀ ਨੇ ਆਪਣੇ ਦਿਲ ਵਿਚ ਉਤਾਰ ਲਿਆ। ਆਪ ਦੀ ਕਵਿਤਾ ਅਤੇ ਵਾਰਤਕ ਭਾਰਤ ਅਤੇ ਪਾਕਿਸਤਾਨ ਵਿਚ ਇੱਕੋ ਜਿੰਨੀ ਪੜ੍ਹੀ ਗਈ। ਆਪ ਨੂੰ 1956 ਵਿਚ ‘ਸੁਨੇਹੇ ਪੁਸਤਕ’ ਤੇ ਭਾਰਤੀ ਸਾਹਿਤ ਅਕਾਡਮੀ ਨੇ ਇਨਾਮ ਦਿੱਤਾ। ਇੱਕ ਸਮਾਜ ਸੇਵਕ ਗੁਰੂ ਰਾਧਾ ਕ੍ਰਿਸ਼ਨ ਨਾਲ ਰਲਕੇ ਆਪ ਨੇ ਸਮਾਜ ਸੇਵਾ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਦਿੱਲੀ ਵਿਚ ਉਸ ਦੇ ਸਹਿਯੋਗ ਨਾਲ ਇੱਕ ਜਨਤਾ ਲਾਇਬਰੇਰੀ ਦੀ ਸਥਾਪਨਾ ਕੀਤੀ। ਇਹ ਲਾਇਬਰੇਰੀ ਅਜੇ ਵੀ ਘੰਟਾ ਘਰ ਦਿੱਲੀ ਵਿਚ ਸਥਿਤ ਹੈ। ਅੰਮ੍ਰਿਤਾ ਪ੍ਰੀਤਮ ਦਾ ਪਿਤਾ ਕਰਤਾਰ ਸਿੰਘ ਹਿਤਕਾਰੀ ਸਿੱਖ ਧਰਮ ਦਾ ਧਾਰਮਿਕ ਪ੍ਰਚਾਰਕ ਸੀ ਪ੍ਰੰਤੂ ਅੰਮ੍ਰਿਤਾ ਖੁਦ ਇੱਕ ਦਬੰਗ ਤੇ ਬਹੁਤ ਹੀ ਨਿਡਰ ਕਿਸਮ ਦੀ ਲੜਕੀ ਸੀ। ਉਹ ਬਹੁਤ ਹੀ ਖ਼ੂਬਸੂਰਤ ਲੜਕੀ ਸੀ, ਇਸ ਕਰਕੇ ਕਈ ਵਾਦਵਿਵਾਦ ਉਸ ਦੀ ਸੁੰਦਰਤਾ ਕਰਕੇ ਬਿਨਾ ਵਜਾਹ ਹੀ ਉਸ ਦੇ ਨਾਂ ਨਾਲ ਜੁੜ ਜਾਂਦੇ ਸਨ। ਆਪ ਦੇ ਰੁਮਾਂਸ ਬਾਰੇ ਵੀ ਕਈ ਅਫਵਾਹਾਂ ਉਡਦੀਆਂ ਰਹੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਸੁਭਾਅ ਕਰਕੇ, ਸਾਹਿਰ ਲੁਧਿਆਣਵੀ ਨਾਲ ਸੰਬੰਧਾਂ ਦੀ ਅਫਵਾਹ ਕਰਕੇ 8 ਜਨਵਰੀ 1963 ਨੂੰ ਆਪ ਦਾ ਪ੍ਰੀਤਮ ਸਿੰਘ ਕਵਾਤੜਾ ਨਾਲੋਂ ਤਲਾਕ ਹੋ ਗਿਆ ਪ੍ਰੰਤੂ ਅੰਮ੍ਰਿਤਾ ਨੇ ਆਪਣੇ ਨਾਂ ਨਾਲ ਪ੍ਰੀਤਮ ਸ਼ਬਦ ਹਮੇਸ਼ਾ ਜੋੜਕੇ ਰੱਖਿਆ, ਸ਼ਾਇਦ ਇਹ ਉਸਦੀ ਸੱਚੀ ਸੁਚੀ ਸ਼ਖਸ਼ੀਅਤ ਦਾ ਹੀ ਪ੍ਰਤੀਕ ਸੀ। ਪ੍ਰੀਤਮ ਸਿੰਘ ਕਵਾਤੜਾ ਦੇ ਵਿਆਹ ਤੋਂ ਆਪਦੇ ਇੱਕ ਲੜਕੀ ਕੰਦਲਾ ਅਤੇ ਇੱਕ ਲੜਕਾ ਨਵਰਾਜ ਪੈਦਾ ਹੋਏ। ਇਹ ਵੀ ਅਟਕਲਾਂ ਹਨ ਕਿ ਸਾਹਿਰ ਦਾ ਕਿਸੇ ਹੋਰ ਇਸਤਰੀ ਨਾਲ ਪਿਆਰ ਹੋ ਗਿਆ ਤਾਂ ਅੰਮ੍ਰਿਤਾ ਨੇ ਇਸ ਤੋਂ ਬਾਅਦ ਬਿਨਾ ਵਿਆਹ ਹੀ 1964 ਤੋਂ ਸਾਰੀ ਉਮਰ ਚਿਤਰਕਾਰ ਤੇ ਕਵੀ ਇੰਦਰਜੀਤ ਸਿੰਘ ਜੋ ਕਿ ਇਮਰੋਜ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਨਾਲ ਗੁਜਾਰ ਦਿੱਤੀ। ਭਾਰਤ ਸਰਕਾਰ ਨੇ 1969 ਵਿਚ ਆਪ ਨੂੰ ਪਦਮ ਸੀ੍ਰ ਦਾ ਖਿਤਾਬ ਦਿੱਤਾ। ਆਪ ਨੂੰ ਦਿੱਲੀ ਯੂਨੀਵਰਸਿਟੀ ਨੇ 1973 ਵਿਚ, ਜਬਲਪੁਰ ਯੂਨੀਵਰਸਿਟੀ ਨੇ ਵੀ 1973 ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀ ਨੇ 1987 ਵਿਚ ਡੀ.ਲਿਟ ਦੀਆਂ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ। ਆਪ ਨੇ ਆਪਣੀ 86 ਸਾਲ ਦੀ ਜੋਖਮ ਭਰੀ ਜ਼ਿੰਦਗੀ ਵਿਚ 100 ਪੁਸਤਕਾਂ ਸਾਹਿਤ ਦੀ ਝੋਲੀ ਵਿਚ ਪਾਈਆਂ, ਜਿਨ੍ਹਾਂ ਵਿਚ 21 ਕਾਵਿ ਸੰਗ੍ਰਹਿ, 30 ਨਾਵਲ, 11 ਕਹਾਣੀ ਸੰਗ੍ਰਹਿ ਅਤੇ 14 ਵਾਰਤਕ ਦੀਆਂ ਪੁਸਤਕਾਂ ਤੋਂ ਇਲਾਵਾ ਨਵੀਂ ਦੁਨੀਆਂ ਅਤੇ ਨਾਗਮਣੀ ਮਾਸਕ ਰਸਾਲੇ ਵੀ ਸ਼ਾਮਲ ਹਨ। ਇਹ ਪੁਸਤਕਾਂ ਪੰਜਾਬੀ, ਹਿੰਦੀ, ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਹਨ। ਇਨ੍ਹਾਂ ਵਿਚੋਂ ਕੁਝ ਪੁਸਤਕਾਂ ਦੇ ਅਨੁਵਾਦ ਅੰਗਰੇਜ਼ੀ, ਹਿੰਦੀ, ਫਰੈਂਚ, ਦੈਨਿਮ, ਜਾਪਾਨੀ ਅਤੇ ਉਰਦੂ ਵਿਚ ਵੀ ਹੋਏ ਹਨ। ਆਪ ਦੀਆਂ ਕਹਾਣੀਆਂ ਅਤੇ ਨਾਵਲਾਂ ਤੇ ਕਈ ਫਿਲਮਾਂ ਵੀ ਬਣੀਆਂ ਹਨ। ਆਪ ਨੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਸਾਹਿਤਕ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਯਾਤਰਾਵਾਂ ਵੀ ਕੀਤੀਆਂ। 1957 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਦਿੱਤਾ ਗਿਆ। ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਅਵਾਰਡ ‘ਗਿਆਨ ਪੀਠ’ ਆਪ ਨੂੰ 1982 ਵਿਚ ਆਪ ਦੀ ਪੁਸਤਕ ‘ਕਾਗਜ ਤੇ ਕੈਨਵਸ’ ਤੇ ਮਿਲਿਆ। ਕੇਂਦਰ ਸਰਕਾਰ ਨੇ ਆਪ ਨੂੰ 2004 ਵਿਚ ਪਦਮ ਵਿਭੂਸ਼ਨ ਦੇ ਕੇ ਸਨਮਾਨਿਆਂ। ਪੰਜਾਬ ਸਰਕਾਰ ਵਲੋਂੇ ਵੀ 2004 ਵਿਚ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਨੇ ਆਪ ਨੂੰ ਭਾਸ਼ਾ ਵਿਭਾਗ ਦੀ ਤਰਫੋਂ ਆਪ ਦੇ ਘਰ ਦਿੱਲੀ ਜਾ ਕੇ ‘ਪੰਜਾਬ ਰਤਨ’ ਅਵਾਰਡ ਦੇ ਕੇ ਸਨਮਾਨਤ ਕੀਤਾ। ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਨੇ ਆਪ ਨੂੰ ਲਾਈਫ ਟਾਈਮ ਫੈਲੋਸ਼ਿਪ 2004 ਵਿਚ ਦਿੱਤੀ। ਆਪ ਸ਼੍ਰੀਮਤੀ ਇੰਦਰਾ ਗਾਂਧੀ ਦੇ ਵੀ ਕਾਫੀ ਨਜ਼ਦੀਕ ਸਨ। ਆਪਨੂੰ ਰਾਸ਼ਟਰਪਤੀ ਨੇ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਸੀ। ਆਪ ਦੀਆਂ ਸਾਹਿਤਕ ਸਫਲਤਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਦੀਆਂ 6 ਯੂਨੀਵਰਸਿਟੀਆਂ ਨੇ ਡੀ.ਲਿਟ. (ਆਨਰਸ ਕਾਜ਼ਾ) ਦੇ ਕੇ ਸਨਮਾਨਤ ਵੀ ਕੀਤਾ ਸੀ। ਆਪ ਨੇ 1936 ਵਿਚ ‘ਨਵੀਂ ਦੁਨੀਆਂ’ ਮਾਸਕ ਰਸਾਲਾ ਵੀ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਜੋ 1947 ਤੱਕ ਪ੍ਰਕਾਸ਼ਤ ਹੁੰਦਾ ਰਿਹਾ। ਦੇਸ਼ ਵੀ ਵੰਡ ਤੋਂ ਬਾਅਦ ਉਹ ਰਸਾਲਾ ਬੰਦ ਹੋ ਗਿਆ। ਫਿਰ ਆਪਨੇ 1966 ਵਿਚ ਦਿੱਲੀ ਤੋਂ ਨਾਗਮਣੀ ਰਸਾਲਾ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਜਿਸ ਨੇ ਪੰਜਾਬੀ ਦੇ ਬਹੁਤ ਸਾਰੇ ਉਭਰਦੇ ਲੇਖਕਾਂ ਨੂੰ ਲਿਖਣ ਲਈ ਪ੍ਰੇਰਤ ਕੀਤਾ। ਇਮਰੋਜ ਇਸ ਮਾਸਕ ਪੱਤਰ ਅਤੇ ਅੰਮ੍ਰਿਤਾ ਦੀਆਂ ਸਾਰੀਆਂ ਪੁਸਤਕਾਂ ਦੇ ਮੁਖ਼ ਕਵਰ ਬਣਾਕੇ ਸਾਥ ਦਿੰਦਾ ਰਿਹਾ। ਆਪ 31 ਅਕਤੂਬਰ 2005 ਨੂੰ ਦਿੱਲੀ ਵਿਖੇ ਸਵਰਗ ਸਿਧਾਰ ਗਏ।

Send this to a friend