ਨਵੀਂ ਦਿੱਲੀ, 10 ਮਈ (ਪੀ.ਟੀ.)-ਇਕ ਮਾਡਲ ਨਾਲ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਦਾਕਾਰ ਇੰਦਰ ਕੁਮਾਰ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਜਾਣਕਾਰੀ ਅਨੁਸਾਰ ਮੈਡੀਕਲ ਰਿਪੋਰਟ ’ਚ ਮਾਡਲ ਨਾਲ ਜਬਰ ਜਨਾਹ ਕੀਤੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਮੈਡੀਕਲ ਰਿਪੋਰਟ ’ਚ ਕੁਝ ਹੋਰ ਗੱਲਾਂ ਵੀ ਸਾਹਮਣੇ ਆਈਆਂ ਹਨ ਜੋਕਿ ਜ਼ੁਲਮ ਦੀ ਦਾਸਤਾਨ ਪੇਸ਼ ਕਰਦੀਆਂ ਹਨ। ਰਿਪੋਰਟ ਅਨੁਸਾਰ 23 ਸਾਲਾ ਮਾਡਲ ਦੇ ਸਰੀਰ ’ਤੇ ਜ਼ਖ਼ਮ ਤੇ ਜਲਨ ਦੇ ਨਿਸ਼ਾਨ ਵੀ ਹਨ ਤੇ ਉਸ ਨੂੰ ਸਰੀਰਕ ਤੌਰ ’ਤੇ ਕਾਫ਼ੀ ਸਤਾਇਆ ਗਿਆ ਹੈ। ਪੁਲਿਸ ਅਨੁਸਾਰ ਲੜਕੀ ਦੇ ਮੋਢਿਆਂ ਤੇ ਗਲ੍ਹੇ ’ਤੇ ਸਿਗਰਟ ਨਾਲ ਜਲਾਏ ਜਾਣ ਦੇ ਨਿਸ਼ਾਨ ਹਨ।ਇਸ ਦੇ ਨਾਲ ਹੀ ਉਸ ਦੀਆਂ ਬਾਹਵਾਂ ’ਤੇ ਕੱਟੇ ਜਾਣ ਤੇ ਚਾਕੂ ਨਾਲ ਮਾਰਨ ਦੇ ਵੀ ਨਿਸ਼ਾਨ ਮੌਜੂਦ ਹਨ।
ਇੰਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਬੇਗੁਨਾਹ ਹੈ ਤੇ ਲੜਕੀ ਨਾਲ ਸਰੀਰਕ ਸਬੰਧ ਉਸ ਦੀ ਸਹਿਮਤੀ ਨਾਲ ਸਨ। ਇੰਦਰ ਕੁਮਾਰ ਨੇ ਕਿਹਾ ਕਿ ਬੇਸ਼ੱਕ ਉਸ ਦੀ ਆਪਣੀ ਪਤਨੀ ਨਾਲ ਨਹੀਂ ਬਣਦੀ ਪਰ ਫਿਰ ਵੀ ਉਸ ਨੇ ਕਦੇ ਲੜਕੀ ਨਾਲ ਜ਼ਬਰਦਸਤੀ ਨਹੀਂ ਕੀਤੀ।