April 24, 2026 11:07 am

ਹਰਸਿਮਰਤ ਦੀ ਜਲਿਆਂਵਾਲੇ ਬਾਗ ਬਾਰੇ ਟਿੱਪਣੀ ਗੁੰਮਰਾਹਕੁੰਨ : ਕੈਪਟਨ

ਚੰਡੀਗੜ, 2 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਜਲਿਆਂਵਾਲਾ ਬਾਗ ਦੇ ਮੁੱਦੇ ‘ਤੇ ਹਰਸਿਮਰਤ ਬਾਦਲ ਦੀ ਹੱਦੋਂ ਮਾੜੀ ਟਿੱਪਣੀ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੂੰ ਅਕਾਲੀਆਂ ਦੁਆਰਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦਾ ਹਮਲਾਵਰ ਤਰੀਕੇ ਨਾਲ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਹੈ। ਅੱਜ ਇਥੇ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਜਲਿਆਂਵਾਲਾ ਬਾਗ ਟਰੱਸਟ ਦੇ ਸਥਾਈ ਮੈਂਬਰ ਦੇ ਅਹੁਦੇ ਤੋਂ ਹਟਾਉਣ ਸਬੰਧੀ ਕੇਂਦਰ ਦੇ ਬਿੱਲ ਖਿਲਾਫ ਕਾਂਗਰਸ ਦੇ ਵਿਰੋਧ ਦੀ ਹਰਸਿਮਰਤ ਵੱਲੋਂ ਕੀਤੀ ਗਈ ਆਲੋਚਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨਾਂ ਕਿਹਾ ਹੈ ਕਿ ਹਰਸਿਮਰਤ ਆਦਤਨ ਝੂਠੀ ਹੈ ਅਤੇ ਉਹ ਉਨਾਂ ਵਿਰੁੱਧ ਭੰਡੀ ਪ੍ਰਚਾਰ ਦੀ ਜੰਗ ਉਸੇ ਤਰਾਂ ਹਾਰ ਜਾਵੇਗੀ ਜਿਸ ਤਰਾਂ ਉਹ ਕੁਝ ਮਹੀਨੇ ਪਹਿਲਾਂ ਟਵਿੱਟਰ ਜੰਗ ਹਾਰ ਗਈ ਸੀ।ਮੌਜੂਦਾ ਮੌਨਸੂਨ ਸੈਸ਼ਨ ਵਾਸਤੇ ਸਦਨ ਵਿੱਚ ਪਾਰਟੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਬੈਠਕ ਦੌਰਾਨ ਕੈਪਟਨ ਅਮਰਿੰਦਰ ਨੇ ਕਾਂਗਰਸੀ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਹਮਲੇ ਦੇ ਟਾਕਰੇ ਲਈ ਤਿੱਖੀ ਪਹੁੰਚ ਅਪਨਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੀਤੇ ਗਏ ਕਾਰਜਾਂ ਦੇ ਮੱਦੇਨਜ਼ਰ ਪਾਰਟੀ ਵਿਧਾਇਕਾਂ ਨੂੰ ਸਦਨ ਵਿੱਚ ਰੱਖਿਆਤਮਕ ਪਹੁੰਚ ਅਪਨਾਉਣ ਦੀ ਲੋੜ ਨਹੀਂ ਹੈ।

Send this to a friend