April 23, 2026 11:33 pm

ਜੀਵਨ ਵਿੱਚ ਉਦੇਸ਼ ਦਾ ਮਹੱਤਵ

ਸਾਰਥਕ ਉਦੇਸ਼ ਜਾਂ ਲਕਸ਼ ਵਿਹੂਣੀ ਜਿੰਦਗੀ, ਸੰਸਾਰ ਸਮੁੰਦਰ ਵਿੱਚ ਉਸ ਬੇੜੀ ਵਾਂਗ ਹੁੰਦੀ ਹੈ ਜਿਸਨੂੰ ਇਹ ਨਹੀਂ ਪਤਾ ਕਿ ਉਸਦੀ ਦਸ਼ਾ ਅਤੇ ਦਿਸ਼ਾ ਕੀ ਹੈ, ਉਸਦੀ ਕੀ ਮੰਜ਼ਿਲ ਹੈ ਜਿੱਥੇ ਪਹੁੰਚਣ ਲਈ ਉਸਨੇ ਆਪਣੀ ਸਮਰੱਥਾ ਅਤੇ ਸ਼ਕਤੀ ਦੀ ਵਰਤੋਂ ਕਰਨੀ ਹੈ। ਅਜਿਹਾ ਜੀਵਨ ਇੱਕ ਦਿਨ-ਕਟੀ ਹੀ ਹੁੰਦਾ ਹੈ ਭਾਵ ਸਮੇਂ ਰੂਪੀ ਲਹਿਰਾਂ ਜਿੰਦਗੀ ਦੀ ਬੇੜੀ ਨੂੰ ਅੱਗੇ ਤਾਂ ਧੱਕਦੀਆਂ ਹਨ, ਪ੍ਰੰਤੂ ਮੁਸ਼ਕਿਲਾਂ ਰੂਪੀ ਰੁਕਾਵਟਾਂ ਨਾਲ ਟਕਰਾ ਕੇ, ਉਹਨਾਂ ਨੂੰ ਸਰ ਕਰਨ ਦੀ ਬਜਾਇ ਬਸ ਜਿੱਧਰ ਮੂੰਹ ਹੋ ਗਿਆ, ਉਸੇ ਪਾਸੇ ਹੀ ਆਪਣਾ ਵਹਾਅ ਜਾਰੀ ਰੱਖਿਆ। ਨਤੀਜਾ ਇਹ ਹੁੰਦਾ ਹੈ ਕਿ ਸਮੇਂ ਦੀ ਘੁੰਮਣਘੇਰੀ ਵਿੱਚ ਫਸ ਕੇ ਇਨਸਾਨ ਇੱਕ ਉਦੇਸ਼, ਇੱਕ ਮੰਜ਼ਿਲ ਜਾਂ ਇੱਕ ਲਾਈਟ ਹਾਊਸ ਦੀ ਅਣਹੋਂਦ ਵਿੱਚ ਇਸ ਸੰਸਾਰ ਰੂਪੀ ਵਿਸ਼ਾਲ ਸਮੁੰਦਰ ਵਿੱਚ ਆਪਣਾ ਵਜੂਦ ਹੀ ਗਵਾ ਦਿੰਦਾ ਹੈ ਅਤੇ ਆਪਣੇ ਬੇਸ਼ਕੀਮਤੀ ਜੀਵਨ ਨੂੰ ਭੰਗ ਦੇ ਭਾੜੇ ਗਵਾ ਕੇ ਨਾ ਤਾਂ ਆਪਣੇ ਪਰਿਵਾਰ ਲਈ ਅਤੇ ਨਾ ਹੀ ਆਪਣੇ ਸਮਾਜ ਲਈ ਕੁੱਝ ਸਾਰਥਕ ਕਰ ਪਾਉਂਦਾ ਹੈ।
ਸੋ ਸਭ ਤੋਂ ਵੱਡੀ ਜਰੂਰਤ ਆਪਣੇ ਜੀਵਨ ਵਿੱਚ ਇੱਕ ਲਕਸ਼ ਜਾਂ ਉਦੇਸ਼ ਮਿੱਥਣ ਦੀ ਹੈ ਜਿਸ ਮੁਤਾਬਿਕ ਅਸੀਂ ਆਪਣੇ ਆਪ ਨੂੰ, ਆਪਣੇ ਯਤਨਾਂ ਨੂੰ ਉਦੇਸ਼ ਪ੍ਰਾਪਤੀ ਦੇ ਸਾਂਚੇ ਵਿੱਚ ਢਾਲ ਸਕੀਏ। ਜੀਵਨ ਵਿੱਚ ਇੱਕ ਚੰਗੇ ਉਦੇਸ਼ ਦਾ ਹੋਣਾ, ਇੱਕ ਅਜਿਹੇ ਚਾਨਣ-ਮੁਨਾਰੇ ਜਿਹਾ ਹੁੰਦਾ ਹੈ, ਜਿਸ ਦੀ ਸੇਧ ਲੈ ਕੇ ਅਸੀਂ ਅੜਚਨਾਂ ਅਤੇ ਰੁਕਾਵਟਾਂ ਰੂਪੀ ਕਾਲੀਆਂ ਰਾਤਾਂ ਨੂੰ ਸਹਿਜੇ ਹੀ ਪਾਰ ਕਰ ਸਕਦੇ ਹਾਂ। ਆਧੁਨਿਕ ਸਮੇਂ ਦੇ ਸਖ਼ਤ ਮੁਕਾਬਲੇ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਨ ਲਈ ਇੱਕ ਨਿਸ਼ਚਿਤ ਉਦੇਸ਼ ਦੇ ਹੋਣ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ, ਕਿਉਂਕਿ ਚਹੁੰ ਪਾਸੇ ਹੱਥ ਪੈਰ ਮਾਰਨ ਦੀ ਬਜਾਏ ਅਸੀਂ ਆਪਣੀਆਂ ਸਰੀਰਕ ਅਤੇ ਮਾਨਸਿਕ ਸਮਰੱਥਾਵਾਂ ਨੂੰ ਆਪਣੇ ਪਸੰਦੀਦਾ ਕੈਰੀਅਰ ਜਾਂ ਕਾਰਜ ਖੇਤਰ ਦੀਆਂ ਯੋਗਤਾਵਾਂ ਵਿੱਚ ਮੁਹਾਰਤ ਹਾਸਿਲ ਕਰਨ ਵੱਲ ਲਗਾਵਾਂਗੇ, ਤਾਂ ਸਫਲਤਾ ਦੀ ਸੰਭਾਵਨਾ ਕਿਤੇ ਵੱਧ ਜਾਂਦੀ ਹੈ ਅਤੇ ਅਸੀਂ ਮੁਕਾਬਲੇ ਦੀ ਮੂਹਰਲੀ ਕਤਾਰ ਵਿੱਚ ਖੜ੍ਹਨ ਦੇ ਕਾਬਿਲ ਹੋ ਜਾਂਦੇ ਹਾਂ।
ਆਧੁਨਿਕ ਮਨੋਵਿਗਿਆਨ ਨੇ ਉਨ੍ਹਾਂ ਪੁਰਾਤਨ ਤੱਥਾਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਜਾਂਦਾ ਸੀ ਕਿ ਬੱਚਾ ਇੱਕ ਖਾਲੀ ਬਰਤਨ ਜਾਂ ਕੋਰੀ ਸਲੇਟ ਵਾਂਗ ਹੁੰਦਾ ਹੈ ਜਿਸ ਵਿੱਚ ਜੋ ਕੁੱਝ ਵੀ ਪਾਉਂਗੇ ਜਾਂ ਲਿਖੋਗੇ, ਉਹ ਉਹੋ ਜਿਹਾ ਹੀ ਬਣੇਗਾ। ਜਦਕਿ ਕੀਤੇ ਗਏ ਪ੍ਰੀਖਣਾਂ ਤੋਂ ਇਹ ਸਾਬਿਤ ਹੋ ਗਿਆ ਕਿ ਬੱਚੇ ਦੇ ਜਨਮ ਸਮੇਂ ਤੋਂ ਹੀ ਉਸ ਅੰਦਰ ਯੋਗਤਾਵਾਂ, ਰੁਚੀਆਂ ਅਤੇ ਪ੍ਰਵਿਰਤੀਆਂ ਮੌਜੂਦ ਹੁੰਦੀਆਂ ਹਨ।ਕੋਈ ਵੀ ਬੱਚਾ ਨਲਾਇਕ ਜਾਂ ਮੂੜ੍ਹ ਨਹੀਂ ਹੁਦਾ ਹੈ। ਸਿਰਜਨਹਾਰ ਨੇ ਹਰ ਇੱਕ ਸੈਅ ਨੂੰ ਕੁਝ ਖਾਸ ਹੁਨਰਾਂ ਨਾਲ ਨਿਵਾਜਿਆ ਹੈ, ਪਰ ਜਰੂਰਤ ਹੈ ਕਿ ਉਹ ਆਪਣੇ ਗੁਣਾਂ ਨੂੰ ਪਛਾਣ ਕੇ, ਸਖ਼ਤ ਮਿਹਨਤ ਨਾਲ ਉਹਨਾਂ ਦਾ ਵਿਕਾਸ ਕਰੇ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਵੇ। ਇਸ ਦੇ ਨਾਲ ਹੀ ਮਾਪਿਆਂ ਅਤੇ ਅਧਿਆਪਕਾਂ ਦੀ ਵੀ ਜੁੰਮੇਵਾਰੀ ਇਹ ਬਣਦੀ ਹੈ ਕਿ ਬੱਚੇ ਦੀਆਂ ਮੌਲਿਕ ਰੁਚੀਆਂ, ਰੁਝਾਨ, ਝੁਕਾਅ ਅਤੇ ਪ੍ਰਵ੍ਰਿਤੀਆਂ ਕਿਸ ਖੇਤਰ ਵੱਲ ਜਿਆਦਾ ਹਨ, ਉਸਦੀਆਂ ਸਮਰੱਥਾਵਾਂ ਅਤੇ ਯੋਗਤਾਵਾਂ ਕੀ ਹਨ ਅਤੇ ਉਨ੍ਹਾਂ ਦਾ ਕਿਸ ਹੱਦ ਤੱਕ ਵਿਕਾਸ ਕਰਨਾ ਸੰਭਵ ਹੈ, ਨੂੰ ਸਮਝਿਆ ਜਾਣਾ ਅਤਿ ਜਰੂਰੀ ਹੈ। ਸੋ ਬੱਚੇ ਦੀ ਸੰਪੂਰਨ ਸਖ਼ਸੀਅਤ ਦੇ ਮੁਲਾਂਕਣ ਲਈ ਅਸੀਂ ਚੰਗੇ ਮਨੋਵਿਗਿਆਨੀ, ਕੈਰੀਅਰ ਕਾਊਂਸਲਰ, ਬੁੱਧੀ ਪ੍ਰੀਖਣ ਟੈਸਟ ਅਤੇ ਸ਼ਖ਼ਸੀਅਤ ਪ੍ਰੀਖਣ ਟੈਸਟ ਆਦਿ ਦੀ ਸਹਾਇਤਾ ਲੈ ਸਕਦੇ ਹਾਂ। ਬੱਚੇ ਦੀ ਸੰਪੂਰਨ ਸਖਸ਼ੀਅਤ ਦਾ ਮੁਲਾਂਕਣ ਕਰਕੇ ਅਸੀਂ ਬੱਚੇ ਦੇ ਇੱਕ ਉਜੱਵਲ ਭਵਿੱਖ ਵਾਲਾ ਕੈਰੀਅਰ ਚੁਣ ਸਕਦੇ ਹਾਂ।
ਅਜੋਕੇ ਦੌਰ ਵਿੱਚ ਮਨ ਨੂੰ ਭਟਕਾਉਣ ਅਤੇ ਭੜਕਾਉਣ ਵਾਲੇ ਸਾਧਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਇਕਾਗਰ ਕਰਨ ਵਾਲੇ ਸਾਧਨ ਲਗਾਤਾਰ ਘੱਟ ਰਹੇ ਹਨ। ਇਸ ਲਈ ਰੋਜ਼ਮਰ੍ਹਾ ਦੀ ਜੀਵਨ-ਸ਼ੈਲੀ ਵਿੱਚ ਇਕਸੁਰਤਾ ਬਣਾਉਣ ਲਈ ਇੱਕ ਸਮਾਂ ਸਾਰਣੀ (ਟੂ-ਡੂ ਲਿਸਟ) ਬਣਾ ਲੈਣੀ ਵਧੇਰੇ ਉਪਯੋਗੀ ਰਹਿੰਦੀ ਹੈ, ਜਿਸ ਵਿੱਚ ਦਿਨ ਭਰ ਦੇ ਜਰੂਰੀ ਕੰਮ ਲਿਖ ਲਏ ਜਾਣ ਅਤੇ ਸਵੇਰ ਤੋਂ ਸ਼ਾਮ ਤੱਕ ਇੱਕ-ਇੱਕ ਕਰਕੇ ਕੰਮ ਨੇਪਰੇ ਚਾੜ੍ਹਿਆ ਜਾਵੇ। ਇਸ ਤਰ੍ਹਾਂ ਸਮੇਂ ਦੀ ਬੱਚਤ ਦੇ ਨਾਲ -ਨਾਲ ਉਸਦਾ ਸਦ-ਉਪਯੋਗ ਵੀ ਹੁੰਦਾ ਹੈ ਅਤੇ ਤਨਾਵ ਤੋਂ ਵੀ ਬਚਿਆ ਜਾ ਸਕਦਾ ਹੈ। ਮਨੋਰੰਜਨ ਲਈ ਇਨਡੋਰ ਅਤੇ ਆਊਟਡੋਰ ਖੇਡਾਂ, ਯੋਗਾ ਅਤੇ ਸਰੀਰਕ ਕਸਰਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਖਾਸ਼ ਕਰਕੇ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਦੀ ਅਧਿਕ ਵਰਤੋਂ, ਮੋਬਾਇਲ ਗੇਮਜ਼, ਭੜਕਾਊ ਅਤੇ ਲੱਚਰ ਗੀਤ ਸੰਗੀਤ ਅਤੇ ਫਿਲਮਾਂ ਆਦਿ ਤੋਂ ਜਿੰਨ੍ਹਾਂ ਸੰਭਵ ਹੋ ਸਕੇ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਸ਼ੋਸ਼ਲ ਮੀਡੀਆ ਵੱਲ ਬਹੁਤਾ ਝੁਕਾਅ, ਵਿਦਿਆਰਥੀ ਨੂੰ ਮਾਨਸਿਕ ਰੂਪ ਵਿੱਚ ਬਿਮਾਰ ਬਣਾ ਦਿੰਦਾ ਹੈ ਜਿਸ ਨਾਲ ਉਸਦੀ ਇਕਾਗਰਤਾ, ਰਚਨਾਤਮਿਕਤਾ ਅਤੇ ਯਾਦਾਸ਼ਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇੱਕ ਚੰਗੀ ਜੀਵਨ-ਸ਼ੈਲੀ ਨੂੰ ਅਮਲ ਵਿੱਚ ਲਿਆਉਣ ਨਾਲ ਜ਼ਿੰਦਗੀ ਵਿੱਚ ਸਵੈ-ਅਨੁਸ਼ਾਸ਼ਨ ਪੈਦਾ ਹੁੰਦਾ ਹੈ, ਜੋ ਕਿ ਸਫਲਤਾ ਦੀ ਬੁਨਿਆਦ ਹੈ, ਜਿਤਨੇ ਸੰਘਣੇ ਸਾਡੇ ਯਤਨ ਹੁੰਦੇ ਹਨ, ਉਤਨੀ ਹੀ ਸ਼ਕਤੀਸ਼ਾਲੀ ਸਾਡੀ ਪ੍ਰਾਪਤੀ ਹੁੰਦੀ ਹੈ।
ਸੋ ਜ਼ਿੰਦਗੀ ਵਿੱਚ ਉਦੇਸ਼ ਮਿੱਥ ਲੈਣਾ ਹੀ ਕਾਫ਼ੀ ਨਹੀਂ ਹੁੰਦਾ ਬਲਕਿ ਇਹਨਾਂ ਦੀ ਪ੍ਰਾਪਤੀ ਲਈ ਸਹਿਜ, ਸਬਰ ਅਤੇ ਸੰਜਮ ਭਰੀ ਮਿਹਨਤ ਵੀ ਅਤਿ-ਜਰੂਰੀ ਹੈ।

Send this to a friend