ਦਿਨੋਂ-ਦਿਨ ਵੱਧ ਰਹੀ ਹੈ ਗੁਰਦੁਆਰਾ ਦੂੱਖ ਨਿਵਾਰਣ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਦੀ ਸ਼ੌਭਾ
ਪਰਨੀਤ ਬਰਾੜ ਕਾਰਜਕਾਰੀ ਸੰਪਾਦਕ
ਪੰਜਾਬ ਟਾਇਮਜ਼ ਵਿਸ਼ੇਸ਼
ਜਲੰਧਰ, 8 ਮਈ - ਸ਼ਹਿਰ ਦਾ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਨਗਰ, ਜਲੰਧਰ ਗੁਰਦੁਆਰਾ ਪ੍ਰਬੰਧਕਾਂ ਲਈ ਇਕ ਮਿਸਾਲ ਬਣ ਗਿਆ ਹੈ। ਉੱਘੇ ਪੰਥਕ ਆਗੂ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ ਦੀ ਅਗਵਾਈ ਹੇਠ ਇਹ ਗੁਰੂ ਘਰ ਦੁਆਬਾ ਖੇਤਰ ਦਾ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਕੇਂਦਰ ਬਣਦਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵੱਲੋਂ ਗੁਰੂ ਘਰ ਦੇ ਨਾਲ-ਨਾਲ ਅਨੇਕਾਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਲੰਧਰ ਸ਼ਹਿਰ ਦੇ ਜਨ-ਜੀਵਨ ਵਿੱਚ ਇਹ ਗੁਰੂ ਘਰ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਉਸਾਰੀ ਅਧੀਨ ਸ਼ਾਨਦਾਰ ਅਤੇ ਵਿਲੱਖਣ ਇਮਾਰਤ ਵਿੱਚ ਦਰਬਾਰ ਸਾਹਿਬ ਦੇ ਨਾਲ-ਨਾਲ ਵਿਆਹ ਸ਼ਾਦਿਆਂ ਅਤੇ ਹੋਰ ਸਮਾਜਿਕ ਕਾਰਜਾਂ ਲਈ ਵਖਰਾ ਸਥਾਨ
ਬਣਾਇਆ ਗਿਆ ਹੈ, ਜਿਸ ਵਿੱਚ ਗੁਰ-ਮਰਿਯਾਦਾ ਮੁਤਾਬਿਕ ਵਿਆਹ ਸ਼ਾਦੀਆਂ ਹੋ ਰਹੀਆਂ ਹਨ। ਗੁਰੂ ਘਰ ਦੀ ਇਸ ਪਹਿਲ ਨਾਲ ਲੋਕ ਮਹਿੰਗੇ ਪੈਲਿਸਾਂ ਦੀ ਥਾਂ ਇਥੇ ਸਾਦੇ ਢੰਗ ਨਾਲ ਪ੍ਰੋਗਰਾਮ ਕਰਨ ਲਈ ਪ੍ਰੇਰਿਤ ਹੋ ਰਹੇ ਹਨ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਸਾਦਗੀ ਨਾਲ ਪ੍ਰੋਗਰਾਮ ਕਰਨ ਲਈ ਪ੍ਰੇਰਿਆ ਜਾਂਦਾ ਹੈ। ਇਹ ਗੁਰੂ ਘਰ ਹੋਰ ਸਮਾਜਿਕ ਕੁਰੀਤੀਆਂ ਅਤੇ ਧਰਮ ਵਿਰੋਧੀ ਸਰਗਰਮੀਆਂ ਨੂੰ ਰੋਕਣ ਲਈ ਹਮੇਸ਼ਾ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਇਹੋ ਕਾਰਨ ਹੈ ਕਿ ਪੰਥਕ ਜਥੇਬੰਦੀਆਂ ਵੱਲੋਂ ਵਿਚਾਰ ਚਰਚਾ ਅਤੇ ਮੀਟਿੰਗਾਂ ਲਈ ਹਮੇਸ਼ਾ ਇਸ ਅਸਥਾਨ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਗੁਰੂ ਘਰ ਨੂੰ ਬਹੁਤ ਸਲੀਕੇ ਅਤੇ ਸੁੰਦਰਤਾਂ ਨਾਲ ਸਜਾਇਆ ਗਿਆ ਹੈ। ਦੂਰੋ-ਦੂਰੋਂ ਸੰਗਤਾਂ ਹੁੰਮ-ਹਮਾ ਕੇ ਇਸ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਗੁਰੂ ਘਰ ਵਿੱਚ ਸੰਗਤ ਦੀ ਹਰ ਸੁੱਖ ਸਹੂਲਤ ਦਾ ਖਿਆਲ ਰੱਖਿਆਂ ਜਾਂਦਾ ਹੈ। ਲੰਗਰ ਅਤੇ ਰਿਹਾਇਸ਼ ਦਾ ਬਹੁਤ ਹੀ ਵਧੀਆਂ ਪ੍ਰਬੰਧ ਹੈ। ਚੰਗੇ ਪ੍ਰਬੰਧ ਕਾਰਨ ਇਸ ਗੁਰੂ ਘਰ ਵਿੱਚ ਸੰਗਤ ਦੀ ਆਮਦ ਦਿਨੋਂ-ਦਿਨ ਵੱਧ ਰਹੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੋਟੀ ਦੇ ਰਾਗੀ ਜਥਿਆਂ ਅਤੇ ਪ੍ਰਚਾਰਕਾਂ ਨੂੰ ਬੁਲਾਇਆ ਜਾਂਦਾ ਹੈ। ਗੁਰੂ ਘਰ ਤੋਂ ਹਰ ਰੋਜ਼ ਸਵੇਰੇ-ਸ਼ਾਮ ਕੀਰਤਨ ਦਾ ਫਾਸਟ-ਵੇ ਕੇਬਲ ਟੀ.ਵੀ. ’ਤੇ ਸਿੱਧਾ ਪ੍ਰਸਾਰਨ ਹੁੰਦਾ ਹੈ।
ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਹੀ ਬਣਾਇਆ ਗਿਆ ਮਲਟੀ ਸਪੈਸ਼ਲਿਟੀ ਹਸਪਤਾਲ ਵੀ ਦਿਨੋਂ-ਦਿਨ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। ਇਸ ਹਸਪਤਾਲ ਵਿੱਚ ਇੱਕ ਦਰਜਨ ਤੋਂ ਵੱਧ ਮੈਡੀਕਲ ਵਿੰਗ ਲੋਕਾਂ ਦੀ ਸੇਵਾ ਕਰ ਰਹੇ ਹਨ। ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿੰਣਤੀ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਹਰ ਰੋਜ਼ 400 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਦੁਵਾਈ ਅਤੇ ਮੈਡੀਕਲ ਸਲਾਹ ਲੈਣ ਆ ਰਹੇ ਹਨ। ਪ੍ਰਬੰਧਕ ਕਮੇਟੀ ਨੇ ਇਲਾਜ਼ ਦੀਆਂ ਦਰਾਂ ਬਹੁਤ ਹੀ ਲਾਗਤ ਮਾਤਰ ਰੱਖੀਆ ਹਨ। ਗਰੀਬ ਮਰੀਜ਼ਾ ਨੂੰ ਇਲਾਜ ਅਤੇ ਦਵਾਈਆਂ ਵਿੱਚ ਵਖਰੀ ਛੋਟ ਦਿੱਤੀ ਜਾਂਦੀ ਹੈ। ਇਸ ਹਸਪਤਾਲ ਦੀ ਸ਼ੋਭਾ ਲਗਾਤਾਰ ਵੱਧ ਰਹੀ ਹੈ। ਦਾਨੀ ਸਜਣਾ ਵੱਲੋਂ ਇਸ ਹਸਪਤਾਲ ਦੀ ਸਮੇਂ-ਸਮੇਂ ਮੱਦਦ ਹੋ ਰਹੀ ਹੈ। ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਇਕ ਮਿਸਾਲ ਹਨ। ਪ੍ਰਧਾਨ ਅਤੇ ਹਰ ਇੱਕ ਮੈਂਬਰ ਵੱਲੋਂ ਆਪਣੇ ਘਰੋਂ ਅਤੇ ਆਪਣੇ ਰਿਸ਼ਤੇਦਾਰਾਂ, ਸਬੰਧੀਆਂ ਤੋਂ ਗੁਰੂ-ਘਰ ਅਤੇ ਹਸਪਤਾਲ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਛੇਤੀ ਹੀ ਇੱਕ ਸਕੂਲ ਬਣਾਉਣ ਜਾ ਰਹੀ ਹੈ, ਜਿਥੇ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਦੇ ਨਾਲ-ਨਾਲ ਧਰਮ ਵਿੱਚ ਵੀ ਪ੍ਰਪੱਕ ਕੀਤਾ ਜਾਵੇਗਾ। ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਤਿਕਾਰ ਨੂੰ ਵਧਾਉਣ ਲਈ ਕਈ ਪ੍ਰਬੰਧ ਕੀਤੇ ਗਏ ਹਨ। ਗੁਰੂ ਘਰ ਦੀਆਂ ਬੱਸਾਂ ਸੰਗਤ ਨੂੰ ਘਰਾਂ ਵਿੱਚੋਂ ਲੈ ਕੇ ਆਉਂਦੀਆਂ ਹਨ। ਇਸ ਅਸਥਾਨ ਤੋਂ ਦੂਸਰੇ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗਾਬਾ ਨੇ ਪੰਥਕ ਖੇਤਰ ਵਿੱਚ ਬਹੁਤ ਮਾਣਯੋਗ ਸੇਵਾ ਨਿਭਾਈ ਹੈ। ਇਸ ਕਾਰਨ ਹੀ ਉਨ੍ਹਾਂ ਦਾ ਪੰਥਕ ਸਫ਼ਾ ਵਿੱਚ ਵੱਡਾ ਮਾਣ-ਸਤਿਕਾਰ ਹੈ। ਇਸ ਗੁਰੂ ਘਰ ਦੀ ਕੀਤੀ ਗਈ ਸੇਵਾ ਨਾਲ ਉਨ੍ਹਾਂ ਦਾ ਕੱਦ ਹੋਰ ਉੱਚਾ ਹੋ ਗਿਆ ਹੈ। ਸ. ਗਾਬਾ ਸਾਰੇ ਲੋਭ-ਲਾਲਚ ਤੋਂ ਉੱਪਰ ਉੱਠ ਕੇ ਪੰਥ ਅਤੇ ਗੁਰੂ ਘਰ ਦੀ ਸੇਵਾ ਕਰ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਪੰਥਕ ਸੰਸਥਾਵਾਂ, ਦਾਨੀ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ਇਸ ਗੁਰੂ ਘਰ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਇਹ ਅਸਥਾਨ ਸਾਰੇ ਸੰਸਾਰ ਲਈ ਇੱਕ ਅਦੁੱਤੀ ਸ਼ਰਧਾ ਦਾ ਕੇਂਦਰ ਬਣ ਜਾਵੇ।