ਹੱਕ ਵਿੱਚ 303 ਅਤੇ ਵਿਰੋਧ ਵਿੱਚ 82 ਵੋਟਾਂ ਪਈਆਂ
ਨਵੀਂ ਦਿੱਲੀ, 25 ਜੁਲਾਈ- ਲੋਕ ਸਭਾ ‘ਚ ਵੀਰਵਾਰ ਨੂੰ ਤਿੰਨ ਤਲਾਕ ਬਿੱਲ ਚਰਚਾ ਤੋਂ ਬਾਅਦ ਪਾਸ ਹੋ ਗਿਆ। ਇਸ ਦੇ ਪੱਖ ਵਿੱਚ 303 ਤੇ ਵਿਰੋਧ ਵਿੱਚ 82 ਵੋਟ ਪਏ। ਬਹਿਸ ਦੌਰਾਨ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ, ਇਹ ਬਿੱਲ ਧਰਮ ਜਾਂ ਜਾਤ ਨਾਲ ਨਹੀਂ, ਇਹ ਔਰਤ ਦੇ ਮਾਣ ਨਾਲ ਜੁੜਿਆ ਹੈ। ਸੁਪਰੀਮ ਕੋਰਟ ਕਹਿ ਚੁੱਕਾ ਹੈ ਕਿ ਤਿੰਨ ਤਲਾਕ ਤੋਂ ਪੀੜਤ ਔਰਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸੀ.ਜੇ.ਆਈ. ਨੇ ਤਿੰਨ ਤਲਾਕ ਗ਼ੈਰ ਕਾਨੂੰਨੀ ਦੱਸਦੇ ਹੋਏ ਕਾਨੂੰਨ ਬਣਾਉਣ ਲਈ ਕਿਹਾ ਸੀ। ਕੋਰਟ ਦੇ ਫੈਸਲੇ ਤੋਂ ਬਾਅਦ ਵੀ ਦੇਸ਼ ਵਿੱਚ ਤਿੰਨ ਤਲਾਕ ਦੇ 345 ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਇਸ ਬਿੱਲ ਨੂੰ ਲੈ ਕੇ ਵਿਰੋਧੀਆਂ ਵੱਲੋਂ ਵੀ ਤਿੱਖੀ ਬਹਿਸ ਕੀਤੀ ਗਈ। ਜਦੋਂ ਕਿ ਕਾਨੂੰਨ ਮੰਤਰੀ ਨੇ ਕਿਹਾ ਕਿ ਅਸੀਂ ਮੁਸਲਿਮ ਭੈਣਾਂ ਨੂੰ ਇੰਝ ਨਹੀਂ ਛੱਡ ਸਕਦੇ। ਇਹ ਉਨ੍ਹਾਂ ਦੇ ਮਾਣ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ 20 ਮੁਸਲਿਮ ਦੇਸ਼ਾਂ ਵਿੱਚ ਵੀ ਇਸ ਤਲਾਕ ਉੱਤੇ ਪਾਬੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਿੰਨ ਤਲਾਕ ਉੱਤੇ ਔਰਤਾਂਂ ਨੂੰ ਇਨਸਾਫ਼ ਦਿਵਾ ਕੇ ਹੀ ਰਹਾਂਗੇ। ਮੁਸਲਿਮ ਔਰਤਾਂ ਨੂੰ ਇਨਸਾਫ਼ ਦਿਵਾਉਣਾ ਸਰਕਾਰ ਦਾ ਫ਼ਰਜ਼ ਹੈ। ਇੱਥੇ ਵਰਨਣਯੋਗ ਹੈ ਕਿ ਸਰਕਾਰ ਲੋਕ ਸਭਾ ਵਿੱਚ ਤਿੰਨ ਤਲਾਕ ਬਿਲ ਪਾਸ ਕਰਵਾਉਣ ਦੇ ਪੂਰੇ ਯਤਨ ਕਰ ਰਹੀ ਹੈ ਤੇ ਇਸ ਮੁੱਦੇ ਉੱਤੇ ਬਹਿਸ ਜਾਰੀ ਹੈ।