April 22, 2026 9:20 pm

ਨਿੱਜੀ ਸਕੂਲ ਦੀ ਬੇਲਗ਼ਾਮ ਬੱਸ ਨੇ 6 ਸਾਲਾ ਬੱਚੀ ਨੂੰ ਕੀਤਾ ਗੰਭੀਰ ਜ਼ਖ਼ਮੀ

ਫਤਿਹਗੜ੍ਹ ਸਾਹਿਬ, 25 ਜੁਲਾਈ-(ਰਿਸ਼ੂ ਗੋਇਲ)- ਪ੍ਰਾਈਵੇਟ ਸਕੂਲ ਦੀਆਂ ਸੜਕਾਂ ‘ਤੇ ਚੱਲ ਰਹੀਆਂ ਜ਼ਿਆਦਾਤਰ ਬੱਸਾਂ ਟਰੈਫਿਕ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਰਹੀਆਂ ਹਨ ਜਿਸ ਕਾਰਨ ਸੜਕਾਂ ‘ਤੇ ਦਿਨ ਪ੍ਰਤੀ ਦਿਨ ਹਾਦਸੇ ਵਾਪਰ ਰਹੇ ਹਨ। ਅਜਿਹਾ ਇੱਕ ਹਾਦਸਾ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਨਾਮੀ ਸਕੂਲ ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੀ ਬੱਸ ਵਲੋਂ ਸ਼ਹਿਰ ਦੀ 6 ਸਾਲਾ ਬੱਚੀ ਨੂੰ ਜ਼ਬਰਦਸਤ ਟੱਕਰ ਮਾਰਨ ਕਾਰਨ ਵਾਪਰ ਗਿਆ ਹੈ। ਇਸ ਮੌਕੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਸਬ ਇੰਸਪੈਕਟਰ ਧਰਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੀ ਬੱਸ ਸਕੂਲ ਤੋਂ ਮੰਡੀ ਗੋਬਿੰਦਗੜ੍ਹ ਵੱਲ ਨੈਸ਼ਨਲ ਹਾਈਵੇ ਦੇ ਨਾਲ ਬਣੀ ਸਰਵਿਸ ਲਾਈਨ ਗਲਤ ਦਿਸ਼ਾ ਵੱਲੋਂ ਆ ਰਹੀ ਸੀ ਜਿਸ ਨੇ 6 ਸਾਲਾ ਬੱਚੀ ਖੁਸ਼ਬੂ ਕੁਮਾਰੀ ਪੁੱਤਰੀ ਅਨਿਲ ਕੁਮਾਰ ਵਾਸੀ ਸਰਦਾਰ ਨਗਰ ਮੰਡੀ ਗੋਬਿੰਦਗੜ੍ਹ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਵਿੱਚ ਬੱਚੀ ਖੁਸ਼ਬੂ ਕੁਮਾਰੀ ਗੰਭੀਰ ਜਖ਼ਮੀ ਹੋ ਗਈ। ਉਨ੍ਹਾਂ ਕਿਹਾ ਕਿ ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਸਬ ਇੰਸਪੈਕਟਰ ਧਰਮ ਸਿੰਘ ਨੇ ਅੱਗੇ ਕਿਹਾ ਕਿ ਬੱਚੀ ਨੂੰ ਹੋਸ਼ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Send this to a friend