ਚੰਡੀਗੜ੍ਹ, 17 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਬੇਅਦਬੀ ਮੁੱਦੇ ‘ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਖਿੱਲੀ ਉਡਾਉਂਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਘਟਨਾ ਨਾਲ ਜੁੜੇ ਮਾਮਲਿਆਂ ਦੀਤਹਿ ਤੱਕ ਜਾਣ ਲਈ ਪੂਰੀ ਪੈਰਵੀ ਕਰੇਗੀ। ਇਸੇ ਦੌਰਾਨ ਮੁੱਖ ਮੰਤਰੀਨੇ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਾਰੇ ਕਾਨੂੰਨੀ ਪੱਖ ਘੋਖਣ ਲਈ ਆਖਿਆ।ਬਰਗਾੜੀ ਮਾਮਲਿਆਂ ਵਿੱਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੂੰ ਅਕਾਲੀ ਦਲ ਵੱਲੋਂ ਚੁਣੌਤੀ ਦੇਣ ਦੇ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਸ ਮੁੱਦੇ ‘ਤੇ ਫਿਕਰਮੰਦ ਹੋਣ ਦਾ ਖੇਖਣ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਜੋ ਉਸ ਮੌਕੇ ਸੂਬੇ ਦਾ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੀ, ਨੇ ਇਸ ਮਾਮਲੇ ਦੀ ਜਾਂਚ ਖੁਦ ਕਰਾਉਣ ਦੀ ਬਜਾਏ ਬਰਗਾੜੀ ਕਾਂਡ ਨਾਲ ਸਬੰਧਤ ਪਹਿਲੇ ਤਿੰਨ ਮਾਮਲਿਆਂ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕੋਲ ਭੇਜ ਦਿੱਤਾ।ਉਨ੍ਹਾਂ ਕਿਹਾ ਕਿ ਹੁਣ ਜਦੋਂ ਸੀ.ਬੀ.ਆਈ. ਨੇ ਆਪਣੀ ਜਾਂਚ ਮੁਕੰਮਲ ਕਰ ਕੇ ਕੇਸ ਬੰਦ ਕਰਨ ਦੀ ਰਿਪੋਰਟ ਦਾਇਰ ਕਰ ਦਿੱਤੀ ਤਾਂ ਸੁਖਬੀਰ ਬੁਖਲਾ ਗਿਆ ਜਿਸ ਨਾਲ ਇਸ ਸਮੁੱਚੇ ਮਾਮਲੇ ਵਿੱਚ ਕਿਸੇ ਪੱਧਰ ‘ਤੇ ਸਾਜ਼ਿਸ਼ ਹੋਣ ਦਾ ਸੰਕੇਤ ਮਿਲਦਾ ਹੈ।