ਇਸਲਾਮਾਬਾਦ 6 ਮਈ (ਪੀ.ਟੀ.)-ਗਵਾਂਢ ’ਚ ਸ਼ਾਂਤੀ ਹੋਣ ਉਪਰ ਜੋਰ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਕਿਹਾ ਹੈ ਕਿ ਉਸ ਦਾ ਦੇਸ਼ ਕਸ਼ਮੀਰ ਸਮੇਤ ਸਾਰੇ ਵਿਵਾਦਤ ਮੁੱਦਿਆਂ ਦਾ ਹਲ ਨਿਰੰਤਰ ਗੱਲਬਾਤ ਰਾਹੀਂ ਸ਼ਾਂਤਮਈ ਢੰਗ ਤਰੀਕੇ ਨਾਲ ਲੱਭਣ ਪ੍ਰਤੀ ਦ੍ਰਿੜ ਹੈ। ਨਵਾਜ਼ ਸ਼ਰੀਫ ਪਾਕਿਸਤਾਨੀ ਦੂਤਾਂ ਦੀ ਮੱਧ ਪੂਰਬ ’ਤੇ ਕੇਂਦਰਿਤ ਕਾਨਫਰੰਸ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾਂ ਭਾਰਤ ਨਾਲ ਸਾਰੇ ਝਗੜੇ ਵਾਲੇ ਮੁੱਦਿਆਂ ਨੂੰ ਸ਼ਾਂਤਮਈ ਢੰਗ ਨਾਲ ਗੱਲਬਾਤ ਰਾਹੀਂ ਹੱਲ ਕਰਨ ਪ੍ਰਤੀ ਵਚਨਬੱਧ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਵਿਸ਼ਵਾਸ਼ ਹੈ ਕਿ ਦੱਖਣ ਏਸ਼ੀਆ ’ਚ ਮੁਖ ਤਾਕਤ ਸਹਿਯੋਗ ਹੈ ਨਾ ਕਿ ਵਿਰੋਧ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਰਹੀਲ ਸ਼ਰੀਫ ਵੱਲੋਂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਦੇ ਕੁਝ ਦਿਨਾਂ ਬਾਅਦ ਨਵਾਜ਼ ਸ਼ਰੀਫ ਨੇ ਇਸ ਸਬੰਧੀ ਟਿਪਣੀ ਕੀਤੀ ਹੈ। ਫੌਜ ਦੇ ਮੁਖੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਕਸ਼ਮੀਰ ਦਾ ਮੁੱਦਾ ਪਾਕਿਸਤਾਨ ਲਈ ਸਾਹ ਰਗ ਹੈ।