ਹੇਗ ਦੇ ਪੀਸ ਪੈਲੇਸ ‘ਚ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮੀ 6 ਵਜੇ ਫੈਸਲਾ ਸੁਣਾਇਆ ਜਾਵੇਗਾ
ਹੇਗ, 16 ਜੁਲਾਈ- ਪਾਕਿਸਤਾਨ ਵੱਲੋਂ ਕੈਦ ਕੀਤੇ ਗਏ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਕੌਮਾਂਤਰੀ ਨਿਆਂ ਅਦਾਲਤ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਏਗੀ। ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਜਾਧਵ ਨੂੰ ਦਬਾਅ ਪਾ ਕੇ ਲਏ ਕਬੂਲਨਾਮੇ ਦੇ ਅਧਾਰ ‘ਤੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਵੱਲੋਂ ਇਸ ਸਜ਼ਾ ਨੂੰ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ.ਜੇ.) ‘ਚ ਚੁਣੌਤੀ ਦਿੱਤੀ ਹੈ। ਬੁੱਧਵਾਰ ਨੂੰ ਭਾਰਤ ਦੀ ਅਪੀਲ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਹੈ। ਪਾਕਿਸਤਾਨ ਦੀ ਫੌਜੀ ਅਦਾਲਤ ਨੇ ਅਪ੍ਰੈਲ 2017 ‘ਚ ਬੰਦ ਕਮਰਾ ਸੁਣਵਾਈ ਤੋਂ ਬਾਅਦ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਤਹਿਤ ਭਾਰਤੀ ਨੇਵੀ ਤੋਂ ਸੇਵਾਮੁਕਤ ਅਧਿਕਾਰੀ ਸ੍ਰੀ ਜਾਧਵ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਇਸ ਉੱਪਰ ਭਾਰਤ ਵੱਲੋਂ ਸਖਤ ਪ੍ਰਕਿਰਿਆ ਜ਼ਾਹਿਰ ਕੀਤੀ ਗਈ। ਕੌਮਾਂਤਰੀ ਨਿਆਂ ਅਦਾਲਤ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦਿੱਤੇ ਬਿਆਨ ‘ਚ ਕਿਹਾ ਹੈ ਕਿ ਹੇਗ ਦੇ ਪੀਸ ਪੈਲੇਸ ‘ਚ 17 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀ 6 ਵਜੇ ਫੈਸਲਾ ਸੁਣਾਇਆ ਜਾਵੇਗਾ। ਅਦਾਲਤ ਦੇ ਪ੍ਰਮੁੱਖ ਜੱਜ ਅਬਦੁੱਲਕਾਵੀ ਅਹਿਮਦ ਯੂਸੁਫ ਇਹ ਫੈਸਲਾ ਪੜ੍ਹ ਕੇ ਸੁਣਾਉਣਗੇ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ਵਿੱਚ ਆਪਣਾ ਪੱਖ ਜ਼ੋਰਦਾਰ ਅਦਾਲਤ ਵਿੱਚ ਰੱਖਿਆ ਗਿਆ ਸੀ। ਭਾਰਤ ਵੱਲੋਂ ਵੀ ਅਦਾਲਤ ਕੋਲ ਅਸਰਦਾਰ ਤਰੀਕੇ ਨਾਲ ਪਹੁੰਚ ਕੀਤੀ ਗਈ ਹੈ। ਭਾਰਤ ਨੇ ਪਾਕਿਸਤਾਨ ਉੱਪਰ ਵਿਆਨਾ ਸੰਧੀ ਦੇ ਕਾਨੂੰਨਾਂ ਦੀ ਖੁੱਲ੍ਹੇਆਮ ਉਲੰਘਣਾ ਦਾ ਦੋਸ਼ ਲਾਇਆ ਗਿਆ।