ਭਗਤਾ ਭਾਈ ਕਾ, 16 ਜੁਲਾਈ- ਸਥਾਨਕ ਸਹਿਰ ਦੇ ਕੋਠਾ ਗੁਰੂ ਰੋਡ ‘ਤੇ ਸਥਿਤ ਗਊਸਾਲਾ ਦਾ ਬੀਤੀ ਰਾਤ ਮੀਂਹ ਹਨੇਰੀ ਕਾਰਨ ਅਚਾਨਕ ਲੈਂਟਰ ਡਿੱਗਣ ਕਾਰਨ ਗਊਵੰਸ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤੇਜ ਮੀਹ ਹਨੇਰੀ ਆਉਣ ਕਾਰਨ ਗਊਸਾਲਾ ਵਿੱਚ ਗਊਆਂ ਲਈ ਬਣੇ ਸੈਡ ਦਾ ਕੁਝ ਹਿੱਸਾ ਅਚਾਨਕ ਡਿੱਗ ਪਿਆ।ਇਸ ਘਟਨਾ ਦਾ ਪਤਾ ਲੱਗਣ ਤੇ ਇਲਾਕੇ ਦੇ ਪਿੰਡਾਂ ਤੋਂ ਲੋਕ ਗਊਸਾਲਾ ਵਿਖੇ ਪਾਹੁੰਚਣੇ ਸੁਰੂ ਹੋ ਗਏ ਅਤੇ ਜੇ ਸੀ ਬੀ ਮਸੀਨਾਂ ਅਤੇ ਟਰੈਕਟਰ ਟਰਾਲੀਆਂ ਰਾਹੀ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਜਿਸ ਦੌਰਾਨ ਗਊਆਂ ਨੂੰ ਜਦੋ ਜਹਿਦ ਕਰਕੇ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ, ਐਸ.ਡੀ.ਐਮ. ਫੂਲ ਖੁਸ਼ਦਿਲ ਸਿੰਘ ਸੰਧੂ, ਐਸ.ਐਚ.ਓ. ਰਾਜਿੰਦਰ ਕੁਮਾਰ ਅਤੇ ਹੋਰ ਪ੍ਰਸ਼ਾਸਿਨਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ਼ਾਂ ਦਾ ਜਾਇਜਾ ਲਿਆ।ਪ੍ਰਬੰਧਕਾਂ ਅਨੁਸਾਰ ਲੈਂਟਰ ਦੇ ਇਸ ਡਿੱਗੇ ਹਿੱਸੇ ਹੇਠ ਲਗਭਗ ੮੦ ਗਊਆਂ ਆ ਗਈਆਂ।ਜਿਸ ਵਿਚੋਂ ਤਕਰੀਬਨ ੩੭ ਗਾਵਾਂ ਦੀ ਮੌਤ ਹੋ ਗਈ ਅਤੇ ੧੦ ਜਖਮੀ ਹੋ ਗਈਆਂ,ਬਾਕੀ ਗਾਵਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ।ਇਸ ਮੋਕੇ ਕੈਬਨਿਟ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਗਊਸਾਲਾ ਵਿਖੇ ਪਾਹੁੰਚੇ ਤੇ ਘਟਨਾ ਸਥਾਨ ਤੇ ਜਾਣ ਮਗਰੋ ਗਊਸਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਸਰਪੰਚ ਜਰਨੈਲ ਸਿੰਘ ਬਰਾੜ ਨੂੰ ਚੱਲ ਰਹੇ ਰਾਹਤ ਕਾਰਜ ਸਬੰਧੀ ਮਿਲੇ ਅਤੇ ਘਟਨਾ ਪ੍ਰਤੀ ਦੁੱਖ ਜਾਹਰ ਕੀਤਾ ਇਸ ਉਪਰੰਤ ਸ੍ਰ. ਕਾਗੜ ਨੇ ਕਿਹਾ ਕਿ ਨਵਾਂ ਸੈਡ ਉਸਾਰਨ ਸਬੰਧੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ ਅਤੇ ਇਸ ਮੋਕੇ ਉਨਾ ਗਊਸਾਲਾ ਨੂੰ ੫ ਲੱਖ ਰੁਪਏ ਦੀ ਆਰਥਿਕ ਮੱਦਦ ਦੇਣ ਦਾ ਐਲਾਨ ਕੀਤਾ।ਇਸ ਘਟਨਾ ਦਾ ਪਤਾ ਲਗਣ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਘਟਨਾ ਸਥਾਨ ਤੇ ਪਾਹੁੰਚੇ ਅਤੇ ਘਟਨਾ ਤੇ ਪ੍ਰਬੰਧਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪੱਚੀ ਹਜਾਰ ਰੁਪਏ ਗਊਸਾਲਾ ਨੂੰ ਦਿੱਤੇ ਅਤੇ ਹੋਰ ਵੀ ਮੱਦਦ ਦਾ ਭਰੋਸਾ ਦਿੱਤਾ ਉਨਾਂ ਸਰਕਾਰ ਨੂੰ ਵੀ ਮਾਲੀ ਮੱਦਦ ਦੀ ਅਪੀਲ ਕੀਤੀ।ਗਉਸ਼ਾਲਾ ਵਿਖੇ ਪਾਹੁੰਚੇ ਲੋਕਾਂ ਨੇ ਮੀਂਹ ਦੇ ਬਾਵਯੂਦ ਵੀ ਰਾਹਤ ਜਾਰੀ ਰੱਖੇ।