ਚੰਡੀਗੜ੍ਹ, 15 ਜੁਲਾਈ- ਕਿਸਾਨਾਂ ਨੂੰ ਸੰਕਟ ਵਿੱਚੋਂ ਉਭਾਰਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਗੰਨੇ ਦੀ ਖੇਤੀ ਅਹਿਮ ਯੋਗਦਾਨ ਪਾ ਸਕਦੀ ਹੈ ਜਿਸ ਲਈ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਅਤੇ ਇਸ ਦੀ ਕਾਸ਼ਤ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਕਲਾਨੌਰ ਵਿਖੇ ਅਤਿ ਆਧੁਨਿਕ ਸ਼ੂਗਰਕੇਨ ਰਿਸਰਚ ਐਂਡ ਟਰੇਨਿੰਗ ਇੰਸਟੀਚਿਊਟ ਬਣਾਉਣ ਜਾ ਰਹੀ ਹੈ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਗੰਨੇ ਦੀ ਖੇਤੀ ਨਾਲ ਜੁੜੇ ਮਾਹਿਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਦੇਸ਼ ਦੇ ਸਿਖਰਲੇ ਸ਼ੂਗਰਕੇਨ ਇੰਸਟੀਚਿਊਟ ਦੇ ਵਿਗਿਆਨੀਆਂ ਨਾਲ ਕੀਤੀ ਮੀਟਿੰਗ ਉਪਰੰਤ ਕੀਤਾ। ਸ. ਰੰਧਾਵਾ ਨੇ ਦੱਸਿਆ ਕਿ ਗੰਨੇ ਦੀ ਪੈਦਾਵਾਰ ਵਧਾ ਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਅਤੇ ਸਹਿਕਾਰੀ ਖੰਡ ਮਿੱਲਾਂ ਵਿੱਚ ਚੀਨੀ ਦਾ ਉਤਪਾਦਨ ਵਧਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਦਿਸ਼ਾਂ ਨਿਰਦੇਸ਼ ਤਹਿਤ ਕਲਾਨੌਰ ਵਿਖੇ ਇਕ ਵਿਸ਼ਵ ਪੱਧਰੀ ਇੰਸਟੀਚਿਊਟ ਸਥਾਪਨ ਕੀਤਾ ਜਾ ਰਿਹਾ ਹੈ ਜਿਸ ਦੀ ਰੂਪ ਰੇਖਾ ਉਲੀਕਣ ਲਈ ਸ਼ੂਗਰਫੈਡ ਦੇ ਅਧਿਕਾਰੀਆਂ ਅਤੇ ਗੰਨੇ ਦੀ ਖੇਤੀ ਨਾਲ ਜੁੜੇ ਵਿਗਿਆਨਕਾਂ ਦੀ ਇਕ ਟੀਮ ਵੱਲੋਂ ਪਿਛਲੇ ਸਮੇਂ ਵਿੱਚ ਵਸੰਤਦਾਦਾ ਸ਼ੂਗਰ ਇੰਸਟੀਚਿਊਟ ਪੁਣੇ ਦਾ ਦੌਰਾ ਕੀਤਾ ਗਿਆ ਅਤੇ ਅੱਜ ਦੀ ਮੀਟਿੰਗ ਵਿੱਚ ਉਸ ਟੀਮ ਵੱਲੋਂ ਦਿੱਤੀ ਪੇਸ਼ਕਾਰੀ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ।